Breaking News
Home / ਭਾਰਤ / ਹਰਿਆਣਾ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ – ਧਰਨਾ ਸਮਾਪਤ

ਹਰਿਆਣਾ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ – ਧਰਨਾ ਸਮਾਪਤ

ਐੱਮਐੱਸਪੀ ਲਈ ਲੜਾਈ ਜਾਰੀ ਰਹੇਗੀ : ਰਾਕੇਸ਼ ਟਿਕੈਤ
ਕੁਰੂਕਸ਼ੇਤਰ/ਬਿਊਰੋ ਨਿਊਜ਼
ਸੂਰਜਮੁਖੀ ’ਤੇ ਐਮਐੱਸਪੀ (ਘੱਟੋ-ਘੱਟ ਸਮਰਥਨ ਮੁੱਲ) ਦੇ ਮੁੱਦੇ ਉਤੇ ਕੁਰੂਕਸ਼ੇਤਰ ਵਿਚ ਦਿੱਲੀ-ਅੰਮਿ੍ਰਤਸਰ ਮਾਰਗ ਜਾਮ ਕਰ ਕੇ ਬੈਠੇ ਕਿਸਾਨਾਂ ਦੀਆਂ ਮੰਗਾਂ ਹਰਿਆਣਾ ਸਰਕਾਰ ਵੱਲੋਂ ਮੰਨ ਲਈਆਂ ਗਈਆਂ ਹਨ। ਕੁਰੂਕਸ਼ੇਤਰ ਦੇ ਡੀਸੀ ਸ਼ਾਂਤਨੂੰ ਸ਼ਰਮਾ ਤੇ ਪੁਲਿਸ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਡੀਸੀ ਨੇ ਦੱਸਿਆ ਕਿ ਹਰਿਆਣਾ ਸਰਕਾਰ ਸੂਰਜਮੁਖੀ ’ਤੇ ਕਿਸਾਨਾਂ ਨੂੰ 6400 ਰੁਪਏ ਪ੍ਰਤੀ ਕੁਇੰਟਲ ਦਾ ਘੱਟੋ-ਘੱਟ ਸਮਰਥਨ ਮੁੱਲ ਦੇਵੇਗੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਭਾਵੰਤਰ ਯੋਜਨਾ ਤਹਿਤ ਕਿਸਾਨਾਂ ਨੂੰ ਪਹਿਲਾਂ ਹੀ 1000 ਰੁਪਏ ਦਿੱਤੇ ਜਾ ਰਹੇ ਹਨ ਤੇ ਏਜੰਸੀਆਂ ਵੱਲੋਂ ਸੂਰਜਮੁਖੀ ’ਤੇ ਕਿਸਾਨਾਂ ਨੂੰ 5000 ਰੁਪਏ ਪ੍ਰਤੀ ਕੁਇੰਟਲ ਦਿੱਤੇ ਜਾ ਰਹੇ ਹਨ। ਅਜਿਹੇ ’ਚ ਬਾਕੀ ਬਚੇ 400 ਰੁਪਏ ਦਾ ਫਰਕ ਵੀ ਹਰਿਆਣਾ ਸਰਕਾਰ ਦੇਣ ਲਈ ਸਹਿਮਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਦੂਜੀ ਮੰਗ ਹੈ ਕਿ ਹਿਰਾਸਤ ’ਚ ਲਏ ਗਏ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਹੁਣ ਜਲਦੀ ਹੀ ਕਿਸਾਨਾਂ ਵਿਰੁੱਧ ਦਰਜ ਕੇਸ ਵਾਪਸ ਲੈ ਕੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਇਸ ਮੌਕੇ ਹਾਜ਼ਰ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਪਿੱਪਲੀ ਵਿੱਚ ਕਿਸਾਨਾਂ ਵੱਲੋਂ ਲੜੇ ਜਾ ਰਹੇ ਸੰਘਰਸ਼ ਦੀ ਪ੍ਰਧਾਨਗੀ ਸਥਾਨਕ ਕਮੇਟੀ ਕਰ ਰਹੀ ਸੀ। ਹੁਣ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ, ਇਸ ਲਈ ਅੰਦੋਲਨ ਵਾਪਸ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਐਮਐੱਸਪੀ ਦੀ ਲੜਾਈ ਅਜੇ ਵੀ ਦੇਸ਼ ਭਰ ਵਿੱਚ ਚੱਲ ਰਹੀ ਹੈ ਅਤੇ ਪੂਰਾ ਦੇਸ਼ ਇੱਕਜੁੱਟ ਹੋ ਕੇ ਨਵੰਬਰ ਵਿੱਚ ਦਿੱਲੀ ਵਿੱਚ ਇਹ ਲੜਾਈ ਲੜੇਗਾ।

 

Check Also

ਅਗਲੇ 5 ਸਾਲਾਂ ਵਿਚ ਗਰਮੀ ਹੋਰ ਵੀ ਭਿਆਨਕ ਹੋ ਜਾਵੇਗੀ

ਮੌਸਮ ਸਬੰਧੀ ਏਜੰਸੀਆਂ ਨੇ ਕੀਤੀ ਭਵਿੱਖਬਾਣੀ ਵਾਸ਼ਿੰਗਟਨ/ਬਿਊਰੋ ਨਿਊਜ਼ ਦੁਨੀਆ ਦੀਆਂ ਦੋ ਪ੍ਰਮੁੱਖ ਮੌਸਮ ਏਜੰਸੀਆਂ ਨੇ …