
ਮਹਿਲਾ ਨੇ ਲਗਾਏ ਸਨ ਸ਼ੋਸ਼ਣ ਅਤੇ ਬਲੈਕਮੇਲਿੰਗ ਦੇ ਆਰੋਪ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਪੁਲਿਸ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਦੇ ਭਰਾ ਅਤੇ ਬਿਜਨਸਮੈਨ ਸਮੀਰ ਮੋਦੀ ਨੂੰ ਦਿੱਲੀ ਏਅਰਪੋਰਟ ਤੋਂ ਗਿ੍ਰਫਤਾਰ ਕਰ ਲਿਆ ਹੈ। ਸਮੀਰ ਮੋਦੀ ’ਤੇ ਇਕ ਮਹਿਲਾ ਨੇ ਜਬਰ ਜਨਾਹ, ਬਲੈਕਮੇਲਿੰਗ ਅਤੇ ਧੋਖਾ ਦੇਣ ਦਾ ਆਰੋਪ ਲਗਾਇਆ ਹੈ। ਮਹਿਲਾ ਦਾ ਕਹਿਣਾ ਸੀ ਕਿ ਸਮੀਰ ਮੋਦੀ ਨੇ ਵਿਆਹ ਦਾ ਝੂਠਾ ਵਾਅਦਾ ਕਰਕੇ ਉਸ ਨਾਲ ਜਬਰ ਜਨਾਹ ਕੀਤਾ ਅਤੇ ਡਰਾਇਆ ਤੇ ਧਮਕਾਇਆ ਵੀ ਗਿਆ। ਇਸ ਮਹਿਲਾ ਨੇ ਲੰਘੀ 10 ਸਤੰਬਰ ਨੂੰ ਦਿੱਲੀ ਦੀ ਨਿਊ ਫਰੈਂਡਜ਼ ਕਲੋਨੀ ਦੇ ਪੁਲਿਸ ਥਾਣੇ ਵਿਚ ਕੇਸ ਦਰਜ ਕਰਵਾਇਆ ਸੀ। ਇਸ ਤੋਂ ਬਾਅਦ ਸਮੀਰ ਮੋਦੀ ਦੇ ਖਿਲਾਫ ਲੁਕ ਆਊਟ ਸਰਕੂਲਰ ਵੀ ਜਾਰੀ ਕੀਤਾ ਗਿਆ ਸੀ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਯੂਰਪ ਦੇ ਬਿਜਨਸ ਟੂਰ ਤੋਂ ਵਾਪਸ ਪਰਤਣ ਸਮੇਂ ਸਮੀਰ ਮੋਦੀ ਨੂੰ ਗਿ੍ਰਫਤਾਰ ਕੀਤਾ ਗਿਆ। ਉਧਰ ਦੂਜੇ ਪਾਸੇ ਸਮੀਰ ਦੇ ਵਕੀਲ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ’ਤੇ ਲਗਾਏ ਗਏ ਆਰੋਪ ਝੂਠੇ ਹਨ।

