
ਪੁਲਿਸ ਦੀ ਗੋਲੀ ਨਾਲ ਤਿੰਨ ਮੌਤਾਂ
ਬੰਗਲੌਰ/ਬਿਊਰੋ ਨਿਊਜ਼
ਬੰਗਲੌਰ ਵਿਚ ਲੰਘੀ ਰਾਤ ਪੈਗੰਬਰ ਮੁਹੰਮਦ ਸਬੰਧੀ ਇਤਰਾਜ਼ਯੋਗ ਫੇਸਬੁੱਕ ਪੋਸਟ ਨੂੰ ਲੈ ਕੇ ਹਿੰਸਾ ਭੜਕ ਗਈ ਅਤੇ ਇਸ ਦੌਰਾਨ ਪੁਲਿਸ ਸਟੇਸ਼ਨ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕਾਂਗਰਸੀ ਵਿਧਾਇਕ ਅਖੰਡ ਸ੍ਰੀਨਿਵਾਸ ਮੂਰਤੀ ਦੀ ਰਿਹਾਇਸ਼ ਦੀ ਵੀ ਭੰਨਤੋੜ ਕੀਤੀ। ਭੜਕੀ ਹਿੰਸਾ ‘ਤੇ ਕਾਬੂ ਪਾਉਣ ਲਈ ਪੁਲਿਸ ਨੂੰ ਗੋਲੀ ਵੀ ਚਲਾਉਣੀ ਪਈ, ਜਿਸ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ। ਇਸ ਹਿੰਸਾ ਵਿਚ 60 ਤੋਂ ਜ਼ਿਆਦਾ ਪੁਲਿਸ ਕਰਮੀ ਵੀ ਜ਼ਖ਼ਮੀ ਹੋਏ ਹਨ। ਧਿਆਨ ਰਹੇ ਕਿ ਕਾਂਗਰਸੀ ਵਿਧਾਇਕ ਦੇ ਇਕ ਰਿਸ਼ਤੇਦਾਰ ਵਲੋਂ ਸ਼ੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਨ ਤੋਂ ਬਾਅਦ ਇਹ ਹਿੰਸਾ ਭੜਕੀ। ਪੁਲਿਸ ਕਮਿਸ਼ਨਰ ਕਮਲ ਪੰਤ ਨੇ ਦੱਸਿਆ ਕਿ ਇਤਰਾਜ਼ਯੋਗ ਫੇਸ ਬੁੱਕ ਪੋਸਟ ਕਰਨ ਵਾਲੇ ਨਵੀਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸੇ ਦੌਰਾਨ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੇ ਕਿਹਾ ਕਿ ਵਿਧਾਇਕ ਅਖੰਡ ਸ੍ਰੀਨਿਵਾਸ ਮੂਰਤੀ ਦੇ ਘਰ ਅਤੇ ਡੀਜੇ ਹਾਲੀ ਥਾਣੇ ‘ਤੇ ਹਮਲਾ ਨਿੰਦਣਯੋਗ ਘਟਨਾ ਹੈ।