ਜੀਐੱਸਟੀ ਕੁਲੈਕਸ਼ਨ ‘ਚ 10 ਫੀਸਦੀ ਇਜ਼ਾਫ਼ਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਵਿੱਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਗੁੱਡਜ਼ ਐਂਡ ਸਰਵਿਸਿਜ਼ ਟੈਕਸ (ਜੀਐੱਸਟੀ) ਕੁਲੈਕ ‘ਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 10 ਫੀਸਦੀ ਦਾ ਇਜ਼ਾਫ਼ਾ ਹੋਇਆ ਹੈ। ਸਰਕਾਰ ਨੇ ਜੀਐੱਸਟੀ ਜ਼ਰੀਏ ਇਸ ਸਾਲ ਦਸੰਬਰ ਤਕ 1.64 ਕਰੋੜ ਰੁਪਏ ਕਮਾਏ ਹਨ ਜਦੋਂ ਕਿ ਪਿਛਲੇ ਵਰ੍ਹੇ ਇਸੇ ਮਹੀਨੇ ਇਹ ਕਮਾਈ 1.49 ਕਰੋੜ ਰੁਪਏ ਹੋਈ ਸੀ।
ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਕਿ ਇਸ ਦੇ ਨਾਲ ਹੀ ਅਪਰੈਲ-ਦਸੰਬਰ, 2023 ਦੇ ਸਮੇਂ ‘ਚ ਜੀਐੱਸਟੀ ਕੁਲੈਕਸ਼ਨ 12 ਫੀਸਦੀ ਮਜ਼ਬੂਤ ਵਾਧੇ ਨਾਲ 14.47 ਲੱਖ ਕਰੋੜ ਰੁਪਏ ਪਹੁੰਚ ਗਿਆ ਹੈ। ਪਿਛਲੇ ਸਾਲ ਇਸੇ ਤਰੀਕ ਤਕ ਇਨ੍ਹਾਂ ਨੌਂ ਮਹੀਨਿਆਂ ‘ਚ ਇਹ ਕੁਲੈਕਸ਼ਨ 13.40 ਲੱਖ ਕਰੋੜ ਰੁਪਏ ਰਿਹਾ ਸੀ। ਇਸ ਤਰ੍ਹਾਂ ਵਿੱਤੀ ਵਰ੍ਹੇ 2023-24 ਦੇ ਪਹਿਲੇ ਨੌਂ ਮਹੀਨੇ ਔਸਤ ਮਾਸਿਕ ਟੈਕਸ 1.66 ਲੱਖ ਕਰੋੜ ਰੁਪਏ ਰਿਹਾ ਹੈ।
ਇਹ ਪਿਛਲੇ ਸਾਲ ਵਿੱਤੀ ਵਰ੍ਹੇ 2022-23 ਇਸੇ ਤਰੀਕ ‘ਚ ਦਰਜ 1.49 ਲੱਖ ਕਰੋੜ ਰੁਪਏ ਦੀ ਔਸਤ ਟੈਕਸ ਕੁਲੈਕਸ਼ਨ ਨਾਲੋਂ 12 ਫੀਸਦੀ ਵੱਧ ਹੈ।
ਮੰਤਰਾਲੇ ਨੇ ਬਿਆਨ ‘ਚ ਕਿਹਾ ਕਿ ਦਸੰਬਰ ‘ਚ ਜੀਐੱਸਟੀ ਕੁਲੈਕਸ਼ਨ 1,64,882 ਕਰੋੜ ਰੁਪਏ ਹੈ ਜਿਸ ‘ਚ ਸੀਜੀਐੱਸਟੀ 30,443 ਕਰੋੜ ਰੁਪਏ, ਐੱਸਜੀਐੱਸਟੀ 37,935 ਕਰੋੜ ਰੁਪਏ, ਆਈਜੀਐੱਸਟੀ 84,255 ਕਰੋੜ ਰੁਪਏ (ਮਾਲ ਦੀ ਬਰਾਮਦ ਤੋਂ ਇਕੱਤਰ 41,534 ਕਰੋੜ ਰੁਪਏ ਸਮੇਤ) ਹੈ। ਇਸ ਤੋਂ ਇਲਾਵਾ ਸੈੱਸ ਦੇ ਰੂਪ ‘ਚ 12,249 ਕਰੋੜ ਰੁਪਏ (ਮਾਲ ਦੀ ਬਰਾਮਦ ਤੋਂ ਇਕੱਤਰ 1079 ਕਰੋੜ ਰੁਪਏ ਸਮੇਤ) ਇਕੱਠੇ ਹੋਏ ਹਨ।