ਸ਼ਾਰਜਾਹ ਤੋਂ 18 ਲੱਖ ਦੀਆਂ ਲਿਆਏ ਸਨ ਘੜੀਆਂ, ਲੱਗਿਆ ਜੁਰਮਾਨਾ
ਮੁੰਬਈ/ਬਿਊਰੋ ਨਿਊਜ਼ : ਬੌਲੀਵੁੱਡ ਸੁਪਰ ਸਟਾਰ ਸ਼ਾਹਰੁਖ ਖਾਨ ਨੂੰ ਮੁੰਬਈ ਏਅਰਪੋਰਟ ’ਤੇ ਕਸਟਮ ਅਧਿਕਾਰੀਆਂ ਨੇ ਰੋਕ ਲਿਆ। ਏਅਰਪੋਰਟ ’ਤੇ ਤਾਇਨਤ ਏਅਰ ਇੰਟੈਲੀਜੈਂਸ ਯੂਨਿਟ ਦੇ ਸੂਤਰਾਂ ਨੇ ਦੱਸਿਆ ਕਿ ਸ਼ਾਹਰੁਖ ਸ਼ੁੱਕਰਵਾਰ ਦੇਰ ਰਾਤ ਸ਼ਾਰਜਾਹ ਤੋਂ ਵਾਪਸ ਪਰਤੇ ਸਨ। ਉਨ੍ਹਾਂ ਕੋਲ ਮਹਿੰਗੀਆਂ ਘੜੀਆਂ ਅਤੇ ਉਨ੍ਹਾਂ ਦੇ ਕਵਰ ਸਨ ਜਿਨ੍ਹਾਂ ਕੀਮਤ 18 ਲੱਖ ਰੁਪਏ ਦੱਸੀ ਗਈ। ਇਨ੍ਹਾਂ ਘੜੀਆਂ ਦੇ ਲਈ ਸ਼ਾਹਰੁਖ ਖਾਨ ਨੂੰ 6.33 ਲੱਖ ਰੁਪਏ ਦੀ ਕਸਟਮ ਡਿਊਟੀ ਚੁਕਾਉਣੀ ਪਈ। ਸ਼ਾਹਰੁਖ ਖਾਨ ਲੰਘੀ ਦੇਰ ਰਾਤ ਪ੍ਰਾਈਵੇਟ ਜਹਾਜ਼ ਰਾਹੀਂ ਲਗਭਗ ਸਾਢੇ 12 ਵਜੇ ਮੁੰਬਈ ਪਹੁੰਚੇ ਸਨ। ਇਥੇ ਟੀ-3 ਟਰਮੀਨਲ ’ਤੇ ਰਾਤ ਲਗਭਗ 1 ਵਜੇ ਰੈਡ ਚੈਨਲ ਪਾਰ ਕਰਦੇ ਸਮੇਂ ਕਸਟਮ ਨੇ ਸ਼ਾਹਰੁਖ ਖਾਨ ਅਤੇ ਉਨ੍ਹਾਂ ਦੀ ਟੀਮ ਨੂੰ ਰੋਕਿਆ ਸੀ। ਜਾਂਚ ਦੌਰਾਨ ਉਨ੍ਹਾਂ ਕੋਲੋਂ ਕੀਮਤੀ ਘੜੀਆਂ ਅਤੇ ਉਨ੍ਹਾਂ ਦੇ ਡੱਬੇ ਬਰਾਮਦ ਹੋਏ। ਜਾਂਚ ਤੋਂ ਬਾਅਦ ਸ਼ਾਹਰੁਖ ਖਾਨ ਅਤੇ ਉਨ੍ਹਾਂ ਮੈਨੇਜਰ ਪੂਜਾ ਦਲਾਨੀ ਨੂੰ ਜਾਣ ਦਿੱਤਾ ਗਿਆ ਜਦਕਿ ਉਨ੍ਹਾਂ ਦੀ ਬਾਕੀ ਟੀਮ ਨੂੰ ਉਥੇ ਹੀ ਰੋਕ ਲਿਆ ਗਿਆ ਸੀ।