
ਭਾਰਤੀ ਫੌਜ ਵੱਲੋਂ ਚੀਨੀ ਘੁਸਪੈਠ ਨਾਕਾਮ ਕਰਨ ਦਾ ਦਾਅਵਾ
ਨਵੀਂ ਦਿੱਲੀ/ਬਿਊਰੋ ਨਿਊਜ਼
ਲੱਦਾਖ ਸੈਕਟਰ ਵਿੱਚ ਅਸਲ ਕੰਟਰੋਲ ਰੇਖਾ ‘ਤੇ ਭਾਰਤ ਅਤੇ ਚੀਨ ਦੀਆਂ ਫੌਜਾਂ ਦਰਮਿਆਨ ਮੁੜ ਝੜਪ ਹੋਣ ਦੀਆਂ ਖਬਰਾਂ ਹਨ। ਦੱਸਿਆ ਗਿਆ ਕਿ 29 ਤੇ 30 ਅਗਸਤ ਦੀ ਦਰਮਿਆਨੀ ਰਾਤ ਨੂੰ ਇਹ ਝੜਪ ਹੋਈ। ਜਾਣਕਾਰੀ ਅਨੁਸਾਰ ਚੀਨੀ ਫੌਜਾਂ ਨੇ ਪੈਂਗੌਂਗ ਝੀਲ ਖੇਤਰ ਵਿੱਚ ਦੱਖਣੀ ਕੰਢੇ ਭਾਰਤ ਵਾਲੇ ਪਾਸੇ ਘੁਸਪੈਠ ਕੀਤੀ ਤਾਂ ਭਾਰਤੀ ਫੌਜ ਨੇ ਬਹਾਦਰੀ ਨਾਲ ਉਨ੍ਹਾਂ ਨੂੰ ਪਿੱਛੇ ਧੱਕ ਦਿੱਤਾ। ਉਂਜ ਇਸ ਘਟਨਾ ਮਗਰੋਂ ਭਾਰਤ ਨੇ ਸਬੰਧਤ ਇਲਾਕੇ ਵਿੱਚ ਸੁਰਖਿਆ ਬਲਾਂ ਦੀ ਗਿਣਤੀ ਵਧਾ ਦਿੱਤੀ ਹੈ। ਸੂਤਰਾਂ ਮੁਤਾਬਕ 500 ਤੋਂ ਵੱਧ ਚੀਨੀ ਫੌਜੀਆਂ ਨੇ ਘੁਸਪੈਠ ਦਾ ਯਤਨ ਕੀਤਾ ਸੀ। ਧਿਆਨ ਰਹੇ ਕਿ ਲੰਘੀ 15 ਜੂਨ ਨੂੰ ਵੀ ਗਲਵਾਨ ਘਾਟੀ ਵਿਚ ਭਾਰਤ ਤੇ ਚੀਨ ਦੀ ਫੌਜ ਵਿਚਾਲੇ ਹਿੰਸਕ ਝੜਪ ਹੋਈ ਸੀ। ਇਸ ਝੜਪ ਵਿਚ 20 ਭਾਰਤੀ ਫੌਜੀ ਸ਼ਹੀਦ ਹੋ ਗਏ ਸਨ ਅਤੇ ਚੀਨ ਦਾ ਵੀ ਵੱਡੀ ਪੱਧਰ ‘ਤੇ ਨੁਕਸਾਨ ਹੋਇਆ ਸੀ।