-11 C
Toronto
Wednesday, January 21, 2026
spot_img
Homeਭਾਰਤਮਨਜੀਤ ਸਿੰਘ ਜੀ.ਕੇ. ਸ਼੍ਰੋਮਣੀ ਅਕਾਲੀ ਦਲ ਵਿਚੋਂ ਬਰਖਾਸਤ

ਮਨਜੀਤ ਸਿੰਘ ਜੀ.ਕੇ. ਸ਼੍ਰੋਮਣੀ ਅਕਾਲੀ ਦਲ ਵਿਚੋਂ ਬਰਖਾਸਤ

ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰੇ ਜੀ.ਕੇ.ਨੇ ਪਹਿਲਾਂ ਹੀ ਦੇ ਦਿੱਤਾ ਸੀ ਅਸਤੀਫਾ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਅਸਤੀਫ਼ਾ ਦੇ ਚੁੱਕੇ ਮਨਜੀਤ ਸਿੰਘ ਜੀਕੇ ਨੂੰ ਪਾਰਟੀ ਹਾਈ ਕਮਾਨ ਨੇ ਪਾਰਟੀ ਵਿਰੋਧੀ ਸਰਗਰਮੀਆਂ ਦਾ ਹਵਾਲਾ ਦੇ ਕੇ ਅਕਾਲੀ ਦਲ ਵਿੱਚੋਂ ਬਾਹਰ ਦਾ ਰਾਹ ਵਿਖਾ ਦਿੱਤਾ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਜੀਕੇ ਨੂੰ ਅਕਾਲੀ ਦਲ ਵਿੱਚੋਂ ਬਾਹਰ ਕੱਢਣ ਬਾਰੇ ਪੱਤਰ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਲੰਘੇ ਦਿਨ ਜਾਰੀ ਕਰ ਦਿੱਤਾ ਸੀ। ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ ਦੇ 35 ਮੈਂਬਰਾਂ ਨੇ ਲਿਖ ਕੇ ਦਿੱਤਾ ਸੀ ਕਿ ਕਮੇਟੀ ਦੀ ਗੋਲਕ ਦੀ ਬਰਬਾਦੀ ਦੇ ਲੱਗ ਰਹੇ ਦੋਸ਼ਾਂ ਕਾਰਨ ਮੈਂਬਰਾਂ ਨੂੰ ਦਿੱਲੀ ਦੀ ਸੰਗਤ ਅੱਗੇ ਜਵਾਬ ਦੇਣਾ ਮੁਸ਼ਕਲ ਹੋ ਗਿਆ ਹੈ। ਇਸ ਲਈ ਸਾਬਕਾ ਪ੍ਰਧਾਨ ਨੂੰ ਦਲ ਵਿੱਚੋਂ ਬਾਹਰ ਕੀਤਾ ਜਾਵੇ। ਮਨਜੀਤ ਸਿੰਘ ਜੀਕੇ ਨੇ ਪਿਛਲੇ ਸਾਲ 7 ਦਸੰਬਰ ਨੂੰ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਸੰਗਤ ਦੀ ਕਚਹਿਰੀ ‘ਚ ਜਵਾਬ ਦੇਣਾ ਜ਼ਿਆਦਾ ਬਿਹਤਰ : ਜੀਕੇ
ਮਨਜੀਤ ਸਿੰਘ ਜੀਕੇ ਦਾ ਕਹਿਣਾ ਹੈ ਕਿ ਉਹ ਪਾਰਟੀ ਹਾਈਕਮਾਂਡ ਦੀ ‘ਬਲੈਕਮੇਲਿੰਗ’ ਦਾ ਜਵਾਬ ਦੇਣ ਦੀ ਥਾਂ ਸੰਗਤ ਦੀ ਕਚਹਿਰੀ ਵਿਚ ਜਵਾਬ ਦੇਣਾ ਜ਼ਿਆਦਾ ਬਿਹਤਰ ਸਮਝਦੇ ਹਨ। ਜੀਕੇ ਨੇ ਕਿਹਾ ਕਿ ਉਨ੍ਹਾਂ ਤੋਂ ਅਸਤੀਫਾ ਲਿਆ ਨਹੀਂ ਗਿਆ ਸੀ, ਸਗੋਂ ਉਨ੍ਹਾਂ ਦੋਸ਼ ਲੱਗਣ ਮਗਰੋਂ ਖ਼ੁਦ ਅਸਤੀਫ਼ਾ ਸੌਂਪਿਆ ਸੀ। ਜੀਕੇ ਨੇ ਕਿਹਾ ਕਿ ਉਨ੍ਹਾਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਪ੍ਰਚਾਰ ਮੌਕੇ ਵੀ ਡੇਰਾ ਸਿਰਸਾ ਨੂੰ ਮੁਆਫ਼ੀ, ਅਕਾਲੀ ਉਮੀਦਵਾਰਾਂ ਦਾ ਡੇਰੇ ਉੱਤੇ ਵੋਟ ਮੰਗਣ ਜਾਣਾ, ਬਰਗਾੜੀ ਵਿਚ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਆਦਿ ਲਈ ਪਾਰਟੀ ਨੀਤੀਆਂ ‘ਤੇ ਉਜਰ ਜਤਾਇਆ ਸੀ। ਹੁਣ ਲੋਕ ਸਭਾ ਚੋਣਾਂ ਵਿੱਚ ਨਮੋਸ਼ੀਜਨਕ ਨਤੀਜਿਆਂ ਮਗਰੋਂ ਅਨੁਸ਼ਾਸਨ ਦਾ ਡੰਡਾ ਉਨ੍ਹਾਂ ਉੱਤੇ ਚਲਾਇਆ ਜਾ ਰਿਹਾ ਹੈ। ਸਿਰਸਾ ‘ਤੇ ਪਲਟਵਾਰ ਕਰਦਿਆਂ ਜੀਕੇ ਨੇ ਦਾਅਵਾ ਕੀਤਾ ਕਿ ਕਮੇਟੀ ਦੇ ਫੰਡ ਚੋਣ ਪ੍ਰਚਾਰ ਲਈ ਵਰਤੇ ਗਏ ਸਨ, ਜਿਸ ਦਾ ਜ਼ਿਕਰ ਉਨ੍ਹਾਂ ਕੋਰ ਕਮੇਟੀ ਮੈਬਰਾਂ ਸਾਹਮਣੇ ਵੀ ਕੀਤਾ ਸੀ। ਜੀਕੇ ਨੇ ਇਸ਼ਾਰਾ ਕੀਤਾ ਕਿ ਡੇਰਾ ਮੁਆਫੀ ਵਿੱਚ ਵੱਡੇ ਅਕਾਲੀ ਆਗੂਆਂ ਦਾ ਹੱਥ ਸੀ।

RELATED ARTICLES
POPULAR POSTS