ਸਵਾਮੀ ਅਤੇ ਦਾਰਾ ਤੋਂ ਬਾਅਦ ਧਰਮ ਸਿੰਘ ਸੈਣੀ ਦਾ ਵੀ ਅਸਤੀਫਾ
ਨਵੀਂ ਦਿੱਲੀ/ਬਿਊਰੋ ਨਿਊਜ਼
ਉਤਰ ਪ੍ਰਦੇਸ਼ ਵਿਚ ਭਾਜਪਾ ਨੇਤਾਵਾਂ ਦੇ ਅਸਤੀਫਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸਦੇ ਚੱਲਦਿਆਂ ਯੂਪੀ ’ਚ ਭਾਜਪਾ ਦੀ ਯੋਗੀ ਸਰਕਾਰ ਵਿਚ ਮੰਤਰੀ ਧਰਮ ਸਿੰਘ ਸੈਣੀ ਨੇ ਵੀ ਅੱਜ ਆਪਣੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਸਵਾਮੀ ਪ੍ਰਸਾਦ ਮੌਰਿਆ ਅਤੇ ਦਾਰਾ ਸਿੰਘ ਚੌਹਾਨ ਵੀ ਯੋਗੀ ਦਾ ਸਾਥ ਛੱਡ ਚੁੱਕੇ ਹਨ ਅਤੇ ਯੋਗੀ ਕੈਬਨਿਟ ਵਿਚੋਂ ਅਸਤੀਫਾ ਦੇਣ ਵਾਲੇ ਧਰਮ ਸਿੰਘ ਸੈਣੀ ਤੀਜੇ ਮੰਤਰੀ ਹਨ। ਇਸੇ ਦੌਰਾਨ ਧਰਮ ਸਿੰਘ ਸੈਣੀ ਨੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨਾਲ ਮੁਲਾਕਾਤ ਵੀ ਕੀਤੀ ਹੈ। ਇਸ ਤੋਂ ਬਾਅਦ ਅਖਿਲੇਸ਼ ਯਾਦਵ ਨੇ ਸੋਸ਼ਲ ਮੀਡੀਆ ’ਤੇ ਧਰਮ ਸਿੰਘ ਸੈਣੀ ਨਾਲ ਇਕ ਫੋਟੋ ਵੀ ਪੋਸਟ ਕੀਤੀ ਹੈ। ਧਿਆਨ ਰਹੇ ਕਿ ਧਰਮ ਸਿੰਘ ਸੈਣੀ ਦੇ ਅਸਤੀਫੇ ਤੋਂ ਪਹਿਲਾਂ ਦੋ ਭਾਜਪਾ ਵਿਧਾਇਕਾਂ ਮੁਕੇਸ਼ ਵਰਮਾ ਅਤੇ ਵਿਨੇ ਸ਼ਾਕਿਆ ਨੇ ਵੀ ਪਾਰਟੀ ’ਚੋਂ ਅਸਤੀਫਾ ਦੇ ਦਿੱਤਾ ਸੀ। ਚਰਚਾ ਤਾਂ ਇਹ ਵੀ ਚੱਲ ਰਹੀ ਹੈ ਕਿ ਆਉਂਦੇ ਇਕ ਹਫਤੇ ਤੱਕ ਯੋਗੀ ਸਰਕਾਰ ਵਿਚੋਂ ਅਸਤੀਫੇ ਦੇਣ ਵਾਲੇ ਮੰਤਰੀਆਂ ਦੀ ਗਿਣਤੀ ਡੇਢ ਦਰਜਨ ਤੋਂ ਵੀ ਵਧ ਜਾਵੇਗੀ। ਜ਼ਿਕਰਯੋਗ ਹੈ ਕਿ ਯੂਪੀ ਵਿਚ ਵਿਧਾਨ ਸਭਾ ਚੋਣਾਂ 7 ਗੇੜਾਂ ਵਿਚ ਹੋਣੀਆਂ ਹਨ ਅਤੇ ਪਹਿਲੇ ਗੇੜ ਦੀਆਂ ਵੋਟਾਂ 10 ਫਰਵਰੀ ਨੂੰ ਪੈਣਗੀਆਂ। ਇਸ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਆਗੂ ਇਕ ਪਾਰਟੀ ਛੱਡ ਕੇ ਦੂਜੀ ਪਾਰਟੀ ਵਿਚ ਜਾਣ ਨੂੰ ਤਰਜੀਹ ਦੇ ਰਹੇ ਹਨ।