
ਅਮਰੀਕੀ ਕੰਪਨੀ ਵਲੋਂ ਦਸੰਬਰ ‘ਚ ਵੈਕਸੀਨ ਲਿਆਉਣ ਦਾ ਦਾਅਵਾ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੌਰਾਨ ਕੇਂਦਰ ਸਰਕਾਰ ਨੇ ਸੰਕੇਤ ਦਿੱਤੇ ਹਨ ਕਿ ਹਾਈਰਿਸਕ ਗਰੁੱਪ ਯਾਨੀ ਬਜ਼ੁਰਗਾਂ ਅਤੇ ਫਰੰਟਲਾਈਨ ਹੈਲਥ ਵਰਕਰਾਂ ਲਈ ਕਰੋਨਾ ਵੈਕਸੀਨ ਨੂੰ ਜਲਦੀ ਮਾਨਤਾ ਦਿੱਤੀ ਜਾ ਸਕਦੀ ਹੈ। ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਉਮੀਦ ਕੀਤੀ ਕਿ ਅਗਲੇ ਸਾਲ ਮਾਰਚ ਤੋਂ ਪਹਿਲਾਂ ਵੈਕਸੀਨ ਤਿਆਰ ਹੋ ਜਾਵੇਗੀ। ਉਧਰ ਅਮਰੀਕੀ ਕੰਪਨੀ ਫਾਈਜਰ ਨੇ ਦਾਅਵਾ ਕੀਤਾ ਕਿ ਉਸਦੀ ਕਰੋਨਾ ਵੈਕਸੀਨ ਇਸੇ ਸਾਲ ਦਸੰਬਰ ਤੋਂ ਪਹਿਲਾਂ ਅਮਰੀਕੀ ਬਜ਼ਾਰ ਵਿਚ ਆ ਜਾਵੇਗੀ। ਇਸਦੇ ਚੱਲਦਿਆਂ ਭਾਰਤ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 48 ਲੱਖ 52 ਹਜ਼ਾਰ ਦੇ ਕਰੀਬ ਪਹੁੰਚ ਚੁੱਕੀ ਹੈ ਅਤੇ ਲੰਘੇ 24 ਘੰਟਿਆਂ ਵਿਚ ਵੀ 93 ਹਜ਼ਾਰ ਤੋਂ ਜ਼ਿਆਦਾ ਕਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਭਾਰਤ ਵਿਚ ਹੁਣ ਤੱਕ 38 ਲੱਖ ਤੋਂ ਜ਼ਿਆਦਾ ਕਰੋਨਾ ਪੀੜਤ ਸਿਹਤਯਾਬ ਹੋ ਚੁੱਕੇ ਹਨ ਅਤੇ 80 ਹਜ਼ਾਰ ਤੋਂ ਜ਼ਿਆਦਾ ਜਾਨਾਂ ਜਾ ਚੁੱਕੀਆਂ ਹਨ। ਉਧਰ ਦੂਜੇ ਪਾਸੇ ਦੁਨੀਆ ਭਰ ਵਿਚ ਕਰੋਨਾ ਮਰੀਜ਼ਾਂ ਦਾ ਅੰਕੜਾ 3 ਕਰੋੜ ਵੱਲ ਨੂੰ ਵਧਦਿਆਂ 2 ਕਰੋੜ 92 ਲੱਖ ਤੋਂ ਪਾਰ ਜਾ ਚੁੱਕਾ ਹੈ। ਧਿਆਨ ਰਹੇ ਕਿ ਸੰਸਾਰ ਭਰ ਵਿਚ ਕਰੋਨਾ ਕਰਕੇ 9 ਲੱਖ 29 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ।