18 ਫਰਵਰੀ 2007 ਨੂੰ ਪਾਣੀਪਤ ਨੇੜੇ ਹੋਏ ਧਮਾਕੇ ‘ਚ 68 ਵਿਅਕਤੀਆਂ ਦੀ ਹੋਈ ਸੀ ਮੌਤ
ਪੰਚਕੂਲਾ/ਬਿਊਰੋ ਨਿਊਜ਼ : ਹਰਿਆਣਾ ਵਿਚ ਪੈਂਦੇ ਪਾਣੀਪਤ ਦੇ ਦੀਵਾਨਾ ਸਟੇਸ਼ਨ ਕੋਲ 12 ਸਾਲ ਪਹਿਲਾਂ ਹੋਏ ਸਮਝੌਤਾ ਐਕਸਪ੍ਰੈਸ ਵਿਚ ਬੰਬ ਧਮਾਕੇ ਦੇ ਮਾਮਲੇ ਵਿਚ ਪੰਚਕੂਲਾ ਦੀ ਵਿਸ਼ੇਸ਼ ਐਨ.ਆਈ.ਏ. ਅਦਾਲਤ ਨੇ ਫੈਸਲਾ ਸੁਣਾਇਆ। ਅਦਾਲਤ ਨੇ ਬੰਬ ਧਮਾਕੇ ਦੇ ਮਾਮਲੇ ਵਿਚ ਅਸੀਮਾਨੰਦ ਸਮੇਤ ਸਾਰੇ ਚਾਰ ਆਰੋਪੀਆਂ ਨੂੰ ਬਰੀ ਕਰ ਦਿੱਤਾ। ਧਿਆਨ ਰਹੇ ਕਿ 18 ਫਰਵਰੀ 2007 ਨੂੰ ਦਿੱਲੀ ਤੋਂ ਲਾਹੌਰ ਜਾ ਰਹੀ ਸਮਝੌਤਾ ਐਕਸਪ੍ਰੈਸ ‘ਚ ਬੰਬ ਧਮਾਕਾ ਹੋਇਆ ਸੀ। ਇਸ ਧਮਾਕੇ ਕਾਰਨ ਰੇਲ ਗੱਡੀ ਦੀਆਂ ਦੋ ਬੋਗੀਆਂ ਵਿਚ ਅੱਗ ਲੱਗ ਗਈ ਸੀ, ਜਿਸ ਕਾਰਨ 68 ਵਿਅਕਤੀ ਜਿੰਦਾ ਜਲ ਗਏ ਸਨ। ਮਰਨ ਵਾਲਿਆਂ ਵਿਚ ਜ਼ਿਆਦਾਤਰ ਪਾਕਿਸਤਾਨ ਦੇ ਰਹਿਣ ਵਾਲੇ ਸਨ। ਐਨਆਈਏ ਦੇ ਵਿਸ਼ੇਸ਼ ਜੱਜ ਜਗਦੀਪ ਸਿੰਘ ਨੇ ਫ਼ੈਸਲਾ ਸੁਣਾਉਣ ਤੋਂ ਪਹਿਲਾਂ ਪਾਕਿਸਤਾਨੀ ਮਹਿਲਾ ਦੀ ਉਹ ਪਟੀਸ਼ਨ ਵੀ ਖਾਰਜ ਕਰ ਦਿੱਤੀ, ਜਿਸ ਵਿਚ ਉਸ ਨੇ ਪਾਕਿਸਤਾਨ ਨਾਲ ਸਬੰਧਤ ਕੁਝ ਚਸ਼ਮਦੀਦ ਗਵਾਹਾਂ ਦੇ ਬਿਆਨ ਦਰਜ ਕਰਨ ਦੀ ਮੰਗ ਕੀਤੀ ਸੀ। ਕੌਮੀ ਜਾਂਚ ਏਜੰਸੀ (ਐਨਆਈਏ) ਦੇ ਵਕੀਲ ਰਾਜਨ ਮਲਹੋਤਰਾ ਨੇ ਦੱਸਿਆ ਕਿ ਅਦਾਲਤ ਨੂੰ ਪਾਕਿਸਤਾਨੀ ਔਰਤ ਦੀ ਅਰਜ਼ੀ ਵਿਚ ਕੋਈ ਦਮ ਨਜ਼ਰ ਨਹੀਂ ਆਇਆ। ਅਦਾਲਤ ਨੇ ਸਬੂਤਾਂ ਦੀ ਘਾਟ ਕਰਕੇ ਮੁੱਖ ਆਰੋਪੀ ਅਸੀਮਾਨੰਦ ਤੋਂ ਇਲਾਵਾ ਲੋਕੇਸ਼ ਸ਼ਰਮਾ, ਕਮਲ ਚੌਹਾਨ ਅਤੇ ਰਾਜਿੰਦਰ ਚੌਧਰੀ ਨੂੰ ਵੀ ਬਰੀ ਕਰ ਦਿੱਤਾ। ਧਮਾਕੇ ਵਿਚ ਰੇਲਗੱਡੀ ਦੇ ਦੋ ਡੱਬੇ ਬੁਰੀ ਤਰ੍ਹਾਂ ਨੁਕਸਾਨੇ ਗਏ ਸਨ। ਇਸ ਮਾਮਲੇ ਵਿਚ ਪਹਿਲਾਂ ਹਰਿਆਣਾ ਪੁਲਿਸ ਨੇ ਕੇਸ ਦਰਜ ਕੀਤਾ ਸੀ, ਪਰ ਮਗਰੋਂ ਇਸ ਨੂੰ ਐਨਆਈਏ ਨੂੰ ਸੌਂਪ ਦਿੱਤਾ ਗਿਆ। ਐਨਆਈਏ ਨੇ ਜੁਲਾਈ 2011 ਵਿਚ ਅੱਠ ਵਿਅਕਤੀਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ। ਇਨ੍ਹਾਂ ਅੱਠਾਂ ਵਿਚੋਂ ਸਵਾਮੀ ਅਸੀਮਾਨੰਦ, ਲੋਕੇਸ਼, ਕਮਲ ਤੇ ਰਾਜਿੰਦਰ ਨੇ ਅਦਾਲਤ ਵਿਚ ਕੇਸ ਦਾ ਸਾਹਮਣਾ ਕੀਤਾ। ਧਮਾਕੇ ਦਾ ਮੁੱਖ ਸਾਜ਼ਿਸ਼ਘਾੜਾ ਸੁਨੀਲ ਜੋਸ਼ੀ ਮੱਧ ਪ੍ਰਦੇਸ਼ ਦੇ ਦੇਵਸ ਜ਼ਿਲ੍ਹੇ ਵਿਚ ਦਸੰਬਰ 2007 ਵਿਚ ਆਪਣੇ ਘਰ ਲਾਗੇ ਹੀ ਮਾਰਿਆ ਗਿਆ ਸੀ। ਤਿੰਨ ਹੋਰ ਮੁਲਜ਼ਮਾਂ ਰਾਮਚੰਦਰ ਕਲਸੰਗਰਾ, ਸੰਦੀਪ ਡਾਂਗੇ ਤੇ ਅਮਿਤ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ ਤੇ ਹਾਲੇ ਤੱਕ ਗ੍ਰਿਫ਼ਤਾਰੀ ਨਹੀਂ ਹੋ ਸਕੀ।
Home / ਭਾਰਤ / ਸਮਝੌਤਾ ਐਕਸਪ੍ਰੈਸ ਬੰਬ ਧਮਾਕੇ ਮਾਮਲੇ ਵਿਚ ਅਦਾਲਤ ਨੇ ਅਸੀਮਾਨੰਦ ਸਮੇਤ ਸਾਰੇ ਚਾਰ ਆਰੋਪੀਆਂ ਨੂੰ ਕੀਤਾ ਬਰੀ
Check Also
ਮਨੀਪੁਰ ਦੇ ਜਿਰੀਬਾਮ ’ਚ ਫਿਰ ਤੋਂ ਭੜਕੀ ਹਿੰਸਾ
5 ਵਿਅਕਤੀਆਂ ਦੀ ਹੋਈ ਮੌਤ ਇੰਫਾਲ/ਬਿਊਰੋ ਨਿਊਜ਼ : ਮਨੀਪੁਰ ਵਿਚ ਫਿਰ ਤੋਂ ਹਿੰਸਾ ਭੜਕ ਉਠੀ …