Breaking News
Home / ਭਾਰਤ / ਜਲੀਕੱਟੂ ਨੂੰ ਲੈ ਕੇ ਚੱਲ ਰਿਹਾ ਪ੍ਰਦਰਸ਼ਨ ਹੋਇਆ ਹਿੰਸਕ

ਜਲੀਕੱਟੂ ਨੂੰ ਲੈ ਕੇ ਚੱਲ ਰਿਹਾ ਪ੍ਰਦਰਸ਼ਨ ਹੋਇਆ ਹਿੰਸਕ

Jallukatu 2 copy copyਤਾਮਿਲਨਾਡੂ ਵਿਧਾਨ ਸਭਾ ਨੇ ਸਰਬ ਸੰਮਤੀ ਨਾਲ ਪਾਸ ਕੀਤਾ ਜਲੀਕੱਟੂ ਬਿੱਲ
ਚੇਨਈ : ਤਾਮਿਲਨਾਡੂ ਵਿਚ ਜਲੀਕੱਟੂ ਦੇ ਸਮੱਰਥਨ ਵਿਚ ਲਗਪਗ ਇਕ ਹਫ਼ਤੇ ਤੋਂ ਚੱਲ ਰਿਹਾ ਪ੍ਰਦਰਸ਼ਨ ਸੋਮਵਾਰ ਨੂੰ ਹਿੰਸਕ ਹੋ ਗਿਆ। ਵਿਰੋਧ ਪ੍ਰਦਰਸ਼ਨ ਦੇ ਕੇਂਦਰ ਮਰੀਨਾ ਤੱਟ ਤੋਂ ਪੁਲਿਸ ਦੇ ਜ਼ਬਰਨ ਹਟਾਉਣ ਤੋਂ ਨਾਰਾਜ਼ ਪ੍ਰਦਰਸ਼ਨਕਾਰੀਆਂ ਦੀਆਂ ਪੁਲਿਸ ਨਾਲ ਝੜੱਪਾਂ ਹੋਈਆਂ ਅਤੇ ਕਈ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਇਸ ਦੌਰਾਨ ਤਾਮਿਲਨਾਡੂ ਵਿਧਾਨ ਸਭਾ ਨੇ ਸਰਬ ਸੰਮਤੀ ਨਾਲ ਜਲੀਕੱਟੂ ਬਿੱਲ ਨੂੰ ਪਾਸ ਕਰ ਦਿੱਤਾ। ਹਿੰਸਾ ਤਦ ਸ਼ੁਰੂ ਹੋਈ ਜਦੋਂ ਭਾਰੀ ਪੁਲਿਸ ਬਲ ਨੇ ਧਾਵਾ ਬੋਲ ਕੇ ਪ੍ਰਦਰਸ਼ਨਕਾਰੀਆਂ ਨੂੰ ਮਰੀਨਾ ਤੱਟ ਤੋਂ ਹਟਾਉਣਾ ਸ਼ੁਰੂ ਕਰ ਦਿੱਤਾ।
ਕਈ ਪ੍ਰਦਰਸ਼ਨਕਾਰੀ ਸਮੁੰਦਰ ਕਿਨਾਰੇ ਮਨੁੱਖੀ ਕੜੀ ਬਣਾ ਕੇ ਖੜ੍ਹੇ ਹੋ ਗਏ। ਤਦ ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਲਾਠੀਚਾਰਜ ਦੀ ਵਰਤੋਂ ਕੀਤੀ। ਇਸ ਦੇ ਬਾਅਦ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਕਰਮਚਾਰੀਆਂ ‘ਤੇ ਪਥਰਾਉ ਕੀਤਾ। ਨਾਲ ਹੀ ਆਈਸ ਹਾਊਸ ਥਾਣੇ ਦਾ ਬਾਹਰ ਖੜ੍ਹੇ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਤੱਟ ਦੇ ਨੇੜੇ ਟ੍ਰਿਪਲਿਕੇਨ ਖੇਤਰ ਵਿਚ ਹਿੰਸਕ ਭੀੜ  ‘ਤੇ ਪੁਲਿਸ ਨੇ ਹੰਝੂ ਗੈਸ ਦੇ ਗੋਲ ਸੁੱਟੇ। ਨਾਲ ਹੀ ਮਰੀਨਾ ਤੱਟ ਜਾਣ ਵਾਲੇ ਸਾਰੇ ਰਸਤਿਆਂ ਨੂੰ ਬੰਦ ਕਰ ਦਿੱਤਾ।
ਕੋਇੰਬਟੂਰ ਵਿਚ ਵੀ ਪੁਲਿਸ ਨੇ ਵੀਓਸੀ ਪਾਰਕ ਮੈਦਾਨ ਤੋਂ ਪ੍ਰਦਰਸ਼ਨਕਾਰੀਆਂ ਨੂੰ ਜ਼ਬਰਨ ਹਟਾਇਆ। ਪੁਲਿਸ ਨੇ ਉਨ੍ਹਾਂ ‘ਤੇ ਹਲਕਾ ਲਾਠੀਚਾਰਜ ਕੀਤਾ। ਮਦੁਰਾਏ ਵਿਚ ਵੀ ਵਿਰੋਧ ਪ੍ਰਦਰਸ਼ਨ ਜਾਰੀ ਰਿਹਾ। ਅਲੰਗਾਨਲੂਰ ਵਿਚ ਪੁਲਿਸ ‘ਤੇ ਪਥਰਾਉ ਕੀਤਾ ਗਿਆ।ਇਸ ਦੌਰਾਨ ਤਾਮਿਲਨਾਡੂ ਵਿਧਾਨ ਸਭਾ ਨੇ ਬਿਨਾਂ ਕਿਸੇ ਰੁਕਾਵਟ ਦੇ ਸਾਂਡਾਂ ਨੂੰ ਕਾਬੂ ਕਰਨ ਦੀ ਖੇਡ ਜਲੀਕੱਟੂ ਕਰਵਾਉਣ ਦੀ ਇਜਾਜ਼ਤ ਦੇਣ ਦੇ ਲਈ ਬਿੱਲ ਸੋਮਵਾਰ ਨੂੰ ਪਾਸ ਕਰ ਦਿੱਤਾ। ਪਸ਼ੂਆਂ ਪ੍ਰਤੀ ਕਰੂਰਤਾ ਰੋਕਥਾਮ ਕਾਨੂੰਨ, 1960 ਵਿਚ ਸੋਧ ਵਾਲਾ ਇਹ ਬਿੱਲ ਦੋ ਦਿਨ ਪਹਿਲੇ ਜਾਰੀ ਜਲੀਕੱਟੂ ਆਰਡੀਨੈਂਸ ਦੀ ਥਾਂ ਲਏਗਾ।
ਪੰਜਾਬ ‘ਚ ਵੀ ਹੁਣ ਬਲਦ ਦੌੜਾਂ ਦੇ ਬਣੇ ਆਸਾਰ
ਲੁਧਿਆਣਾ : ਪੰਜਾਬ ਦੇ ਪੇਂਡੂ ਖੇਡ ਪ੍ਰੇਮੀਆਂ ਵਿਚ ਆਸ ਬੱਝ ਗਈ ਹੈ ਕਿ ਖੇਡ ਪ੍ਰੇਮੀ ਮੈਦਾਨ ਵਿਚ ਬਲਦਾਂ ਦੀ ਦੌੜ ਮੁੜ ਵੇਖ ਸਕਣਗੇ। ਤਾਮਿਲਨਾਡੂ ਵਿਚ ਜਲੀਕੱਟੂ ਦੌੜ ਦੇ ਹੱਕ ਵਿਚ ਰਾਜ ਸਰਕਾਰ ਵੱਲੋਂ ਪਾਸ ਕੀਤੇ ਆਰਡੀਨੈਂਸ ਤੋਂ ਬਾਅਦ ਹੁਣ ਪੰਜਾਬ ਦੇ ਰਵਾਇਤੀ ਖੇਡ ਮੇਲਿਆਂ ਵਿਚ ਵੀ ਇਸ ਖੇਡ ਦੀਆਂ ਸੰਭਾਵਨਾਵਾਂ ਪ੍ਰਬਲ ਹੋ ਰਹੀਆਂ ਹਨ। ਇਸ ਤੋਂ ਪਹਿਲਾਂ ਸੰਨ 2014 ਵਿਚ ਮਾਣਯੋਗ ਸੁਪਰੀਮ ਕੋਰਟ ਵੱਲੋਂ ਬਲਦ ਦੌੜ ਨੂੰ ਜਾਨਵਰਾਂ ‘ਤੇ ਅੱਤਿਆਚਾਰ ਐਲਾਨਦੇ ਹੋਏ ਇਹ ਦੌੜ ਕਰਵਾਉਣ ‘ਤੇ ਰੋਕ ਲਾ ਦਿੱਤੀ ਗਈ ਸੀ। ਅਦਾਲਤੀ ਹੁਕਮਾਂ ਤੋਂ ਬਾਅਦ ਜਿਥੇ ਖੇਡ ਆਯੋਜਕਾਂ ਦੇ ਚਿਹਰੇ ਕੁਮਲਾ ਗਏ ਸਨ ਉਥੇ ਖੇਡਾਂ ਵਿਚੋਂ ਬਲਦ ਦੌੜਾਂ ਗਾਇਬ ਹੋਈਆਂ ਤਾਂ ਜਿਵੇਂ ਖੇਡ ਮੇਲਿਆਂ ਦੀ ਰੂਹ ਨਿਕਲ ਗਈ ਪਰ ਹੁਣ ਤਾਮਿਲਨਾਡੂ ਦੇ ਫ਼ੈਸਲੇ ਤੋਂ ਬਾਅਦ ਪੰਜਾਬ ਦੀਆਂ ਖੇਡਾਂ ਵਿਚ ਬਲਦ ਦੌੜ ਨੂੰ ਸ਼ਾਮਿਲ ਕਰਨ ਦੀ ਸੰਭਾਵਨਾ ਲਗਪਗ ਬਣ ਗਈ ਹੈ।

Check Also

ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ

ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …