Breaking News
Home / ਭਾਰਤ / ਸਿੱਖ ਕਤਲੇਆਮ ਖਿਲਾਫ ਲੰਬੀ ਲੜਾਈ ਲੜਨ ਵਾਲੇ ਫੂਲਕਾ ਨੂੰ ਮਿਲਿਆ ਪਦਮਸ੍ਰੀ ਪੁਰਸਕਾਰ

ਸਿੱਖ ਕਤਲੇਆਮ ਖਿਲਾਫ ਲੰਬੀ ਲੜਾਈ ਲੜਨ ਵਾਲੇ ਫੂਲਕਾ ਨੂੰ ਮਿਲਿਆ ਪਦਮਸ੍ਰੀ ਪੁਰਸਕਾਰ

ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ 54 ਸ਼ਖ਼ਸੀਅਤਾਂ ਨੂੰ ਦਿੱਤੇ ਪਦਮ ਐਵਾਰਡ
ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਦੇ ਸਿੱਖ ਵਿਰੋਧੀ ਕਤਲੇਆਮ ਪੀੜਤਾਂ ਲਈ ਲੰਬੀ ਲੜਾਈ ਲੜਨ ਵਾਲੇ ਵਕੀਲ ਐੱਚ.ਐੱਸ. ਫੂਲਕਾ, ਮਸਾਲੇ ਬਣਾਉਣ ਵਾਲੀ ਕੰਪਨੀ ਐੱਮਡੀਐੱਚ ਦੇ ਸੰਸਥਾਪਕ ਸੀਈਓ ਮਹਾਸ਼ਾ ਧਰਮਪਾਲ ਗੁਲਾਟੀ, ਪੀਜੀਆਈ ਚੰਡੀਗੜ੍ਹ ਦੇ ਡਾਇਰੈਕਟਰ ਡਾ. ਜਗਤ ਰਾਮ, ਲੋਕ ਗਾਇਕਾ ਤੀਜਨ ਬਾਈ, ਲਾਰਸਨ ਤੇ ਟੂਬਰੋ ਦੇ ਚੇਅਰਮੈਨ ਅਨਿਲ ਕੁਮਾਰ ਨਾਇਕ, ਵਿਗਿਆਨੀ ਐੱਸ ਨਾਂਬੀ ਨਾਰਾਇਣਨ, ਫਿਲਮ ਅਦਾਕਾਰ ਮਨੋਜ ਬਾਜਪਾਈ ਅਤੇ 106 ਸਾਲਾਂ ਦੇ ਵਾਤਾਵਰਨ ਮਾਹਿਰ ਐੱਸ ਥਿਮਾਕਾ ਸਣੇ ਵੱਖ-ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਵਾਲੀਆਂ 54 ਸ਼ਖ਼ਸੀਅਤਾਂ ਨੂੰ ਨਵੀਂ ਦਿੱਲੀ ਵਿਖੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਪਦਮ ਐਵਾਰਡ ਦੇ ਕੇ ਸਨਮਾਨਿਆ ਗਿਆ।ਇਸ ਦੌਰਾਨ ਤੀਜਨ ਬਾਈ ਤੇ ਅਨਿਲ ਕੁਮਾਰ ਨਾਇਕ ਨੂੰ ਦੇਸ਼ ਦਾ ਦੂਜਾ ਸਭ ਤੋਂ ਵੱਕਾਰੀ ਨਾਗਰਿਕ ਸਨਮਾਨ ਪਦਮ ਵਿਭੂਸ਼ਨ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਪਦਮ ਭੂਸ਼ਨ ਐਵਾਰਡ ਹਾਸਲ ਕਰਨ ਵਾਲਿਆਂ ਵਿੱਚ ਮਸਾਲੇ ਬਣਾਉਣ ਵਾਲੀ ਕੰਪਨੀ ਐੱਮਡੀਐੱਚ ਦੇ ਸੰਸਥਾਪਕ ਸੀਈਓ ਮਹਾਸ਼ਾ ਧਰਮਪਾਲ ਗੁਲਾਟੀ, ਮਿਥਿਹਾਸਕ ਨਦੀ ਸਰਸਵਤੀ ਲੱਭਣ ਦੀ ਕੋਸ਼ਿਸ਼ ਕਰ ਰਹੇ ਆਰਐੱਸਐੱਸ ਆਗੂ ਦਰਸ਼ਨ ਲਾਲ ਜੈਨ, ਮੈਡੀਕਲ ਪੇਸ਼ੇਵਰ ਅਸ਼ੋਕ ਲਕਸ਼ਣਰਾਓ ਕੁਕੜੇ, ਨਾਂਬੀ ਨਾਰਾਇਣਨ, ਪਰਬਤਾਰੋਹੀ ਬਛੇਂਦਰੀ ਪਾਲ ਅਤੇ ਸਾਬਕਾ ਸੀਏਜੀ ਵੀ.ਕੇ. ਸ਼ੁੰਗਲੂ ਸ਼ਾਮਲ ਹਨ।
ਇਹ ਸਮਾਰੋਹ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿੱਚ ਹੋਇਆ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਕੇਂਦਰੀ ਮੰਤਰੀਆਂ ਹਰਸ਼ ਵਰਧਨ, ਰਾਜਵਰਧਨ ਸਿੰਘ ਰਾਠੌੜ ਤੇ ਵਿਜੈ ਗੋਇਲ ਤੋਂ ਇਲਾਵਾ ਸੀਨੀਅਰ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਅਤੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਇਸ ਸਾਲ 112 ਸ਼ਖ਼ਸੀਅਤਾਂ ਨੂੰ ਪਦਮ ਐਵਾਰਡਾਂ ਲਈ ਚੁਣਿਆ ਗਿਆ ਹੈ ਜਿਨ੍ਹਾਂ ਵਿੱਚੋਂ 47 ਸ਼ਖ਼ਸੀਅਤਾਂ ਨੂੰ 11 ਮਾਰਚ ਨੂੰ ਇਹ ਪੁਰਸਕਾਰ ਵੰਡ ਦਿੱਤੇ ਗਏ ਸਨ। ਪਦਮਸ੍ਰੀ ਐਵਾਰਡ ਹਾਸਲ ਕਰਨ ਵਾਲਿਆਂ ਵਿੱਚ 1984 ਕਤਲੇਆਮ ਪੀੜਤਾਂ ਦੀ ਲੜਾਈ ਲੜਨ ਵਾਲੇ ਵਕੀਲ ਐੱਚ.ਐੱਸ. ਫੂਲਕਾ, ਅਦਾਕਾਰ ਮਨੋਜ ਬਾਜਪਾਈ, ਮਸ਼ਹੂਰ ਤਬਲਾ ਵਾਦਕ ਲਖਨਊ ਘਰਾਣੇ ਦੇ ਸਵਪਨ ਚੌਧਰੀ, ਵਿਗਿਆਨੀ ਐੱਸ ਅਕਸ਼ਮਣ ਕਾਟੇ, ਉੱਘੇ ਪੁਰਾਤਤਵ ਵਿਗਿਆਨੀ ਮੁਹੰਮਦ ਕੇ.ਕੇ. ਅਤੇ ਰੋਹਿਨੀ ਮਧੂਸੂਦਨ ਗੋਡਬੋਲੇ ਸ਼ਾਮਲ ਹਨ। ਆਰਐੱਸਐੱਸ ਦੇ ਰਸਾਲੇ ਪੰਚਜਨਿਆ ਦੇ ਸਾਬਕਾ ਸੰਪਾਦਕ ਦੇਵੇਂਦਰ ਸਵਰੂਪ ਨੂੰ ਮਰਨ ਉਪਰੰਤ ਪਦਮਸ੍ਰੀ ਐਵਾਰਡ ਦਿੱਤਾ ਗਿਆ। ਇਸੇ ਤਰ੍ਹਾਂ ਉੜੀਸਾ ਦੇ ਕਬਾਇਲੀ ਜ਼ਿਲ੍ਹੇ ਕਿਉਂਝਾੜ ਦੇ 70 ਸਾਲਾ ਕਬਾਇਲੀ ਦੈਤਰੀ ਨਾਇਕ, ਜਿਸ ਨੇ ਆਪਣੇ ਪਿੰਡ ਬੈਤਾਰਾਣੀ ਵਿੱਚ ਪਾਣੀ ਲਿਆਉਣ ਲਈ ਇਕੱਲੇ ਹੀ ਤਿੰਨ ਕਿਲੋਮੀਟਰ ਲੰਬੀ ਨਹਿਰ ਪੁੱਟ ਦਿੱਤੀ ਸੀ, ਨੂੰ ਸਮਾਜ ਸੇਵਾ ਲਈ ਪਦਮਸ੍ਰੀ ਪੁਰਸਕਾਰ ਦਿੱਤਾ ਗਿਆ। ਇਸ ਤੋਂ ਇਲਾਵਾ ਵਾਤਾਵਰਨ ਮਾਹਿਰ ਐੱਸ ਥਿਮਾਕਾ, ਲੱਦਾਖ ਦੇ ਇਕ ਸਰਜਨ ਸੈਰਿੰਗ ਨੋਰਬੂ, ਤਾਮਿਲਨਾਡੂ ਦੀ ਇਕ ਮਹਿਲਾ ਕਿਸਾਨ ਚਿੰਨਾਪਿਲੱਈ ਅਤੇ ਗਾਇਕ ਰਾਜੇਸ਼ਵਰ ਆਚਾਰਿਆ ਨੂੰ ਵੀ ਪਦਮਸ੍ਰੀ ਐਵਾਰਡ ਦਿੱਤੇ ਗਏ।
ਇਸੇ ਤਰ੍ਹਾਂ ਫੁਟਬਾਲਰ ਸੁਨੀਲ ਛੇਤਰੀ, ਨਿਸ਼ਾਨੇਬਾਜ਼ ਐੱਲ ਬੌਂਬੇਲਾ ਦੇਵੀ, ਕ੍ਰਿਕਟਰ ਗੌਤਮ ਗੰਭੀਰ, ਭਾਰਤੀ ਮਹਿਲਾ ਬਾਸਕਟਬਾਲ ਟੀਮ ਦੀ ਕਪਤਾਨ ਪ੍ਰਸ਼ਾਂਤੀ ਸਿੰਘ, ਭੋਜਪੁਰੀ ਗਾਇਕ ਹੀਰਾ ਲਾਲ ਯਾਦਵ, ਤੇਜ਼ਾਬ ਪੀੜਤਾਂ ਲਈ ਕੰਮ ਕਰਨ ਵਾਲੇ ਪਲਾਸਟਿਕ ਸਰਜਨ ਰਾਮਾਸਵਾਮੀ ਵੈਂਕਟਾਸਵਾਮੀ, ਜੈਵਿਕ ਖੇਤੀ ਨੂੰ ਪ੍ਰੋਮੋਟ ਕਰਨ ਵਾਲੇ ਕਿਸਾਨ ਭਾਰਤ ਭੂਸ਼ਨ ਤਿਆਗੀ, ਪੁਰਾਤਤਵ ਵਿਗਿਆਨੀ ਸ਼ਾਰਦਾ ਸ੍ਰੀਨਿਵਾਸਨ, ਸਾਬਕਾ ਆਈਪੀਐੱਸ ਅਧਿਕਾਰੀ ਜਯੋਤੀਨਿਵਾਸ ਕੁਮਾਰ ਸਿਨਹਾ, ਮੱਛੀ ਪਾਲਣ ਮਾਹਿਰ ਸੁਲਤਾਨ ਸਿੰਘ, ਸੰਸਕ੍ਰਿਤ ਬੁੱਧੀਜੀਵੀ ਬ੍ਰਿਜੇਸ਼ ਕੁਮਾਰ ਸ਼ੁਕਲਾ ਅਤੇ ਮੁਹੰਮਦ ਹਨੀਫ਼ ਖ਼ਾਨ ਸ਼ਾਸਤਰੀ ਨੂੰ ਵੀ ਪਦਮਸ੍ਰੀ ਐਵਾਰਡ ਮਿਲੇ। ਇਸ ਤੋਂ ਇਲਾਵਾ ਫੋਟੋਗ੍ਰਾਫ਼ਰ ਅਨੂਪ ਸ਼ਾਹ, ਗਰੀਬ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਵਾਲੇ ਚਾਹ ਵਿਕਰੇਤਾ ਦੇਵਰਾਪੱਲੀ ਪ੍ਰਕਾਸ਼ ਰਾਓ, ਪੀਜੀਆਈ ਚੰਡੀਗੜ੍ਹ ਦੇ ਡਾਇਰੈਕਟਰ ਡਾ. ਜਗਤ ਰਾਮ, ਕਬਾਇਲੀ ਕਾਰਕੁਨ ਕਮਲਾ ਪੁਜਾਰੀ, ਛੱਤੀਸਗੜ੍ਹ ਕਬਾਇਲੀ ਸੰਗੀਤ ਨੂੰ ਪ੍ਰੋਮੋਟ ਕਰਨ ਵਾਲੇ ਅਨੂਪ ਰੰਜਨ ਪਾਂਡੇ, ਪਹਿਲੇ ਕਿੰਨਰ ਭਾਰਤ ਨਾਟਿਅਮ ਨ੍ਰਿਤਕ ਨਰਤਕੀ ਨਟਰਾਜ, ਬੁੰਦੇਲੀ ਲੋਕ ਲੇਖਕ ਕੈਲਾਸ਼ ਮਦਬਾਇਆ, ਕੁੱਚੀ ਰੋਗਨ ਕਲਾਕਾਰ ਅਬਦੁੱਲ ਗਫੂਰ ਖੱਤਰੀ ਅਤੇ ਕਲਾਕਾਰ ਫ਼ਯਾਜ਼ ਅਹਿਮਦ ਖਾਨ, ਡੋਗਰੀ ਕਵੀ ਨਰਸਿੰਘ ਦੇਵ ਜਾਮਵਾਲ ਤੇ ਹੋਰਾਂ ਨੂੰ ਵੀ ਪਦਮ ਐਵਾਰਡ ਦਿੱਤੇ ਗਏ।

Check Also

ਦਿੱਲੀ ਸ਼ਰਾਬ ਘੁਟਾਲਾ ਮਾਮਲੇ ’ਚ ਕੇਜਰੀਵਾਲ ਖਿਲਾਫ਼ ਚੱਲੇਗਾ ਕੇਸ

ਐਲਜੀ ਵੀ ਕੇ ਸਕਸੇਨਾ ਨੇ ਈਡੀ ਨੂੰ ਦਿੱਤੀ ਮਨਜ਼ੂਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ …