
ਨਵੀਂ ਦਿੱਲੀ/ਬਿਊਰੋ ਨਿਊਜ਼
ਸਾਊਦੀ ਅਰਬ ਵਿਚ ਵਿਗੜ ਰਹੇ ਸੁਰੱਖਿਆ ਹਾਲਾਤ ਦੇ ਮੱਦੇਨਜ਼ਰ ਭਾਰਤ ਨੇ ਉਥੇ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਸ਼ਾਂਤ ਰਹਿਣ ਅਤੇ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਭਾਰਤੀ ਦੂਤਾਵਾਸ ਨੇ ਕਿਹਾ ਹੈ ਕਿ ਹਵਾਈ ਹਮਲੇ ਦੀ ਸਥਿਤੀ ਵਿਚ ਲੋਕ ਘਰਾਂ ਦੇ ਅੰਦਰ ਰਹਿਣ ਅਤੇ ਸਥਾਨਕ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ। ਲੋਕਾਂ ਨੂੰ ਮੌਜੂਦਾ ਘਟਨਾਵਾਂ ਨਾਲ ਸਬੰਧਤ ਵੀਡੀਓ ਜਾਂ ਖਬਰਾਂ ਅੱਗੇ ਸਾਂਝੀਆਂ ਕਰਨ ਤੋਂ ਵੀ ਗੁਰੇਜ਼ ਕਰਨ ਲਈ ਕਿਹਾ ਗਿਆ ਹੈ। ਸਾਊਦੀ ਅਰਬ ਵਿਚ ਯਮਨ ਦੇ ਇਰਾਨ-ਸਮਰਥਕ ਹੂਤੀ ਬਾਗੀਆਂ ਵਲੋਂ ਡਰੋਨਾਂ ਅਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਲੰਘੀ 10 ਅਕਤੂੁਬਰ ਨੂੰ ਰਿਆਧ ਦੇ ਕਿੰਗ ਖਾਲਿਦ ਕੌਮਾਂਤਰੀ ਹਵਾਈ ਅੱਡੇ ’ਤੇ ਹੋਏ ਹਮਲੇ ਵਿਚ ਇਕ ਭਾਰਤੀ ਨਾਗਰਿਕ ਮੁਹੰਮਦ ਯੂਸਫ ਅਲੀ ਦੀ ਮੌਤ ਹੋ ਗਈ ਸੀ ਅਤੇ 11 ਭਾਰਤੀਆਂ ਸਣੇ ਕਈ ਵਿਅਕਤੀ ਜ਼ਖ਼ਮੀ ਹੋ ਗਏ ਸਨ। ਭਾਰਤੀ ਦੂਤਾਵਾਸ ਮੁਤਾਬਕ ਜ਼ਖ਼ਮੀ ਭਾਰਤੀਆਂ ਵਿਚੋਂ ਚਾਰ ਆਈ.ਸੀ.ਯੂ. ਵਿਚ ਹਨ, ਚਾਰ ਵਿਅਕਤੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਅਤੇ ਤਿੰਨ ਵਿਅਕਤੀਆਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਦੂਤਾਵਾਸ ਨੇ ਭਾਰਤੀਆਂ ਨੂੰ ਹਵਾਈ ਅੱਡੇ ’ਤੇ ਜਾਣ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤੀ ਪਤਾ ਕਰਨ ਲਈ ਕਿਹਾ ਗਿਆ ਹੈ।

