
ਦੀਵਾਲੀ ਤੋਂ ਬਾਅਦ ਵੱਡੀ ਪੱਧਰ ’ਤੇ ਰੋਸ ਪ੍ਰਦਰਸ਼ਨ ਕਰਨ ਦਾ ਕੀਤਾ ਐਲਾਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਅਤੇ ਹਰਿਆਣਾ ਦੇ ਪੈਟਰੋਲੀਅਮ ਡੀਲਰਾਂ ਨੇ ਯੂਪੀਆਈ ਉਤੇ ਲੱਗਣ ਵਾਲੇ ਮਰਚੈਂਟ ਡਿਸਕਾਊਂਟ ਰੇਟ (ਐਮ.ਡੀ.ਆਰ.) ਉਤੇ ਨਰਾਜ਼ਗੀ ਦਾ ਪ੍ਰਗਟਾਵਾ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਆਉਣ ਵਾਲੇ ਦਿਨਾਂ ਵਿਚ ਯੂਪੀਆਈ ਰਾਹੀਂ ਪੈਸੇ ਨਾ ਲੈਣ ਦਾ ਐਲਾਨ ਕੀਤਾ। ਪੈਟਰੋਲ ਪੰਪਾਂ ਨਾਲ ਸਬੰਧਤ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਕਿਹਾ ਕਿ ਪੈਟਰੋਲੀਅਮ ਡੀਲਰ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਆਰਥਿਕ ਮੁਸ਼ਕਲਾਂ ਨਾਲ ਜੂਝ ਰਹੇ ਹਨ। ਡੀਲਰਾਂ ਨੂੰ ਪਹਿਲਾਂ ਹੀ ਤੇਲ ਦੀ ਵਿਕਰੀ ’ਤੇ ਬਹੁਤ ਘੱਟ ਕਮਿਸ਼ਨ ਮਿਲ ਰਿਹਾ ਹੈ ਅਤੇ ਤੇਲ ਕੰਪਨੀਆਂ ਦੀਆਂ ਮਨਮਾਨੀਆਂ ਕਾਰਨ ਪੰਪ ਚਲਾਉਣਾ ਪਹਿਲਾਂ ਹੀ ਔਖਾ ਹੋ ਚੁੱਕਾ ਹੈ। ਇਸ ਤੋਂ ਇਲਾਵਾ ਡਿਜ਼ੀਟਲ ਲੈਣ-ਦੇਣ ’ਤੇ ਕੱਟੇ ਜਾਣ ਵਾਲੇ ਐਮ.ਡੀ.ਆਰ. ਚਾਰਜ ਦਾ ਸਿੱਧਾ ਅਸਰ ਡੀਲਰਾਂ ਦੇ ਮੁਨਾਫੇ ’ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਪੈਟਰੋਲ ਪੰਪ ਮਾਲਕਾਂ ਦੀ ਨਾ ਸੁਣੀ ਤਾਂ ਦੀਵਾਲੀ ਤੋਂ ਬਾਅਦ ਕੌਮੀ ਪੱਧਰ ’ਤੇ ਰਣਨੀਤੀ ਤਿਆਰ ਕਰਕੇ ਵੱਡਾ ਸੰਘਰਸ਼ ਉਲੀਕਿਆ ਜਾਵੇਗਾ।

