ਦੇਖੋ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲਿਆਂ ਬਾਰੇ ਕੀ ਬੋਲੇ ਭਗਵੰਤ ਮਾਨ
ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਪ੍ਰਮੁੱਖ ਅੰਮਿ੍ਰਤਪਾਲ ਸਿੰਘ ਨੂੰ ਫੜਨ ਲਈ ਚੱਲ ਰਹੇ ਅਪ੍ਰੇਸ਼ਨ ਦੌਰਾਨ ਸੂਬੇ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਪੰਜਾਬ ਨੂੰ ਅਫਗਾਨਿਸਤਾਨ ਨਹੀਂ ਬਣਨ ਦੇਣਗੇ ਤੇ ਨਾ ਹੀ ਪੰਜਾਬ ਵਿਰੋਧੀ ਤਾਕਤਾਂ ਦੇ ਮਨਸੂਬੇ ਕਾਮਯਾਬ ਹੋਣ ਦੇਣਗੇ। ਪੰਜਾਬੀ ਭਾਸ਼ਾ ’ਚ ਦਿੱਤੇ ਸੁਨੇਹੇ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਧਰਮ ਦੇ ਨਾਮ ’ਤੇ ਦੁਕਾਨਾਂ ਚਲਾਉਣ ਵਾਲਿਆਂ ਦੇ ਦਿਮਾਗਾਂ ’ਚੋਂ ਗੜਬੜ ਕਰਨ ਦਾ ਭੁਲੇਖਾ ਕੱਢ ਦਿਆਂਗੇ। ਧਿਆਨ ਰਹੇ ਕਿ ਪੰਜਾਬ ਪੁਲੀਸ 18 ਮਾਰਚ ਤੋਂ ਹੀ ਇਸ ਪੂਰੇ ਅਪ੍ਰੇਸ਼ਨ ਦੀ ਅਗਵਾਈ ਕਰ ਰਹੀ ਸੀ ਜਦੋਂਕਿ ਸੱਤਾਧਾਰੀ ਧਿਰ ਖਾਮੋਸ ਸੀ। ਦੋ ਦਿਨ ਪਹਿਲਾਂ ਮੁੱਖ ਮੰਤਰੀ ਨੇ ਲਾਈਵ ਹੋ ਕੇ ਹਿੰਦੀ ਵਿਚ ਆਪਣੀ ਗੱਲ ਰੱਖੀ ਸੀ ਜਿਸ ’ਤੇ ਪੰਜਾਬੀ ਪ੍ਰੇਮੀਆਂ ਵੱਲੋਂ ਸਵਾਲ ਵੀ ਚੁੱਕੇ ਗਏ ਸਨ। ਭਗਵੰਤ ਮਾਨ ਨੇ ਲਾਈਵ ਹੋ ਕੇ ਦੇਸ਼ ਵਿਰੋਧੀ ਤਾਕਤਾਂ ਨੂੰ ਤਾੜਿਆ ਹੈ। ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਨੂੰ ਪੁਰਾਣੇ ਦਿਨਾਂ ਵਿਚ ਨਹੀਂ ਜਾਣ ਦੇਣਗੇ। ਮੁੱਖ ਮੰਤਰੀ ਨੇ ਕਿਹਾ ਕਿ ਕੁਝ ਲੋਕ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਲਈ ਸੂਬੇ ਨੂੰ ਫ਼ਿਰਕੂ ਲੀਹਾਂ ’ਤੇ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੇ ਵਿਅਕਤੀਆਂ ਦਾ ਸੂਬੇ ਅਤੇ ਇੱਥੋਂ ਦੇ ਲੋਕਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਇਹ ਆਗੂ ਸਿਰਫ਼ ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ।