ਨਵੀਂ ਦਿੱਲੀ/ਬਿਊਰੋ ਨਿਊਜ਼
ਪਾਕਿਸਤਾਨ ਦੇ ਖੈਬਰ ਪਖਤੂਨਵਾ ਸੂਬੇ ਦੇ ਦਰਬਾਰ ਸ਼ਹਿਰ ਵਿਚ ਅੱਜ ਸੋਮਵਾਰ ਨੂੰ ਸਵੇਰੇ ਪੁਲਿਸ ਸਟੇਸ਼ਨ ’ਤੇ ਦਹਿਸ਼ਤੀ ਹਮਲਾ ਹੋ ਗਿਆ। ਪਾਕਿਸਤਾਨੀ ਮੀਡੀਆ ਦੀ ਰਿਪੋਰਟ ਮੁਤਾਬਕ ਇਸ ਹਮਲੇ ਵਿਚ 10 ਪੁਲਿਸ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ 6 ਗੰਭੀਰ ਜ਼ਖਮੀ ਵੀ ਹੋ ਗਏ ਹਨ। ਇਹ ਦਹਿਸ਼ਤੀ ਹਮਲਾ ਆਮ ਚੋਣਾਂ ਤੋਂ 3 ਤਿੰਨ ਦਿਨ ਪਹਿਲਾਂ ਹੋਇਆ ਹੈ। ਜ਼ਿਕਰਯੋਗ ਹੈ ਕਿ ਆਉਂਦੀ 8 ਫਰਵਰੀ ਨੂੰ ਪਾਕਿਸਤਾਨ ਵਿਚ ਆਮ ਚੋਣਾਂ ਹੋਣੀਆਂ ਹਨ। ਪੁਲਿਸ ਮੁਖੀ ਅਖਤਾਰ ਹਯਾਤ ਨੇ ਮੀਡੀਆ ਨੂੰ ਦੱਸਿਆ ਕਿ ਦੋਸ਼ੀਆਂ ਨੂੰ ਫੜਨ ਲਈ ਸਰਚ ਅਪਰੇਸ਼ਨ ਚਲਾਇਆ ਗਿਆ ਹੈ ਅਤੇ ਜਲਦੀ ਹੀ ਸਾਰੇ ਦੋਸ਼ੀਆਂ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ। ਪਾਕਿਸਤਾਨ ਵਿਚ 8 ਫਰਵਰੀ ਨੂੰ ਹੋਣ ਵਾਲੀਆਂ ਨੈਸ਼ਨਲ ਅਤੇ ਅਸੈਂਬਲੀ ਚੋਣਾਂ ਤੋਂ ਪਹਿਲਾਂ ਹਿੰਸਾ ਦੀਆਂ ਘਟਨਾਵਾਂ ਵੀ ਵਧ ਗਈਆਂ ਹਨ। ਇਸ ਤੋਂ ਪਹਿਲਾਂ ਪਿਛਲੇ ਦਿਨੀਂ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਇਕ ਉਮੀਦਵਾਰ ਦੀ ਵੀ ਹੱਤਿਆ ਹੋ ਗਈ ਸੀ। ਇਹ ਘਟਨਾ ਖੈਬਰ ਪਖਤੂਨਵਾ ਦੇ ਬਾਜੌਰ ਜ਼ਿਲ੍ਹੇ ਵਿਚ ਵਾਪਰੀ ਸੀ।