ਵਾਇਨਾਡ ਦੇ ਲੋਕਾਂ ਨੂੰ ਰਾਹੁਲ ਦੀ ਕਮੀ ਮਹਿਸੂਸ ਨਹੀਂ ਹੋਣ ਦੇਵਾਂਗੀ : ਪ੍ਰਿਯੰਕਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਦੀ ਰਾਏ ਬਰੇਲੀ ਲੋਕ ਸਭਾ ਸੀਟ ਆਪਣੇ ਕੋਲ ਰੱਖਣਗੇ ਤੇ ਕੇਰਲਾ ਦੀ ਵਾਇਨਾਡ ਸੰਸਦੀ ਸੀਟ ਛੱਡ ਦੇਣਗੇ, ਜਿੱਥੋਂ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਚੋਣ ਲੜਨਗੇ। ਖੜਗੇ ਨੇ ਆਪਣੀ ਰਿਹਾਇਸ਼ ‘ਤੇ ਪਾਰਟੀ ਦੇ ਸਿਖਰਲੇ ਆਗੂਆਂ ਨਾਲ ਹੋਈ ਵਿਚਾਰ ਚਰਚਾ ਤੋਂ ਬਾਅਦ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ। ਉਧਰ ਰਾਹੁਲ ਗਾਂਧੀ ਨੇ ਕਿਹਾ ਕਿ ਕਿਸੇ ਇਕ ਸੀਟ ਦੀ ਚੋਣ ਕਰਨਾ ਬਹੁਤ ਮੁਸ਼ਕਲ ਫੈਸਲਾ ਸੀ ਜਦੋਂਕਿ ਪ੍ਰਿਯੰਕਾ ਨੇ ਕਿਹਾ ਕਿ ਉਹ ਵਾਇਨਾਡ ਦੇ ਲੋਕਾਂ ਨੂੰ ਰਾਹੁਲ ਗਾਂਧੀ ਦੀ ਕਮੀ ਮਹਿਸੂਸ ਨਹੀਂ ਹੋਣ ਦੇਵੇਗੀ।
ਬੈਠਕ ਵਿਚ ਮੌਜੂਦ ਰਾਹੁਲ ਗਾਂਧੀ ਨੇ ਕਿਹਾ ਕਿ ਦੋਵਾਂ ਵਿਚੋਂ ਕਿਸੇ ਇਕ ਸੀਟ ਨੂੰ ਛੱਡਣਾ ਉਨ੍ਹਾਂ ਲਈ ਮੁਸ਼ਕਲ ਫੈਸਲਾ ਸੀ ਕਿਉਂਕਿ ਰਾਏ ਬਰੇਲੀ ਤੇ ਵਾਇਨਾਡ ਦੋਵਾਂ ਨਾਲ ਉਨ੍ਹਾਂ ਦਾ ਭਾਵਨਾਤਮਕ ਰਿਸ਼ਤਾ ਹੈ। ਗਾਂਧੀ ਨੇ ਕਿਹਾ, ”ਵਾਇਨਾਡ ਤੋਂ ਸੰਸਦ ਮੈਂਬਰ ਵਜੋਂ ਪਿਛਲੇ ਪੰਜ ਸਾਲ ਬਹੁਤ ਸ਼ਾਨਦਾਰ ਤੇ ਆਨੰਦਮਈ ਤਜਰਬਾ ਰਿਹਾ ਹੈ। ਵਾਇਨਾਡ ਦੇ ਲੋਕਾਂ ਨੇ ਮੈਨੂੰ ਬਹੁਤ ਮੁਸ਼ਕਲ ਸਮੇਂ ਹਮਾਇਤ ਤੇ ਲੜਨ ਦੀ ਤਾਕਤ ਦਿੱਤੀ। ਮੈਂ ਇਸ ਨੂੰ ਕਦੇ ਨਹੀਂ ਭੁੱਲ ਸਕਦਾ… ਮੈਂ ਵਾਇਨਾਡ ਦੀ ਫੇਰੀ ਲਾਉਂਦਾ ਰਹਾਂਗਾ ਤੇ ਵਾਇਨਾਡ ਨਾਲ ਜਿਹੜੇ ਵਾਅਦੇ ਕੀਤੇ ਹਨ ਉਨ੍ਹਾਂ ਨੂੰ ਪੂਰਾ ਕਰਾਂਗੇ।” ਵਿਚਾਰ ਚਰਚਾ ਵਿਚ ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਤੇ ਪ੍ਰਿਯੰਕਾ ਗਾਂਧੀ ਵੀ ਹਾਜ਼ਰ ਸਨ। ਬੈਠਕ ਉਪਰੰਤ ਖੜਗੇ ਨੇ ਕਿਹਾ, ”ਰਾਹੁਲ ਗਾਂਧੀ ਦੋ ਲੋਕ ਸਭਾ ਸੀਟਾਂ ਤੋਂ ਜਿੱਤੇ ਹਨ, ਪਰ ਕਾਨੂੰਨ ਮੁਤਾਬਕ ਉਨ੍ਹਾਂ ਨੂੰ ਇਕ ਸੀਟ ਛੱਡਣੀ ਪੈਣੀ ਹੈ।
ਰਾਹੁਲ ਗਾਂਧੀ ਰਾਏ ਬਰੇਲੀ ਦੀ ਸੀਟ ਰੱਖਣਗੇ ਤੇ ਅਸੀਂ ਫੈਸਲਾ ਕੀਤਾ ਹੈ ਕਿ ਪ੍ਰਿਯੰਕਾ ਵਾਇਨਾਡ ਤੋਂ ਚੋਣ ਲੜਨਗੇ।” ਰਾਹੁਲ ਗਾਂਧੀ ਨੇ ਕਿਹਾ ਕਿ ਰਾਏ ਬਰੇਲੀ ਤੇ ਵਾਇਨਾਡ ਦੋਵਾਂ ਨੂੰ ‘ਦੋ ਸੰਸਦ ਮੈਂਬਰ’ ਮਿਲਣਗੇ। ਰਾਹੁਲ ਗਾਂਧੀ ਨੇ ਕਿਹਾ, ”ਰਾਏ ਬਰੇਲੀ ਨਾਲ ਮੇਰਾ ਪੁਰਾਣਾ ਰਿਸ਼ਤਾ ਹੈ ਤੇ ਮੈਂ ਬਹੁਤ ਖੁਸ਼ ਹਾਂ ਕਿ ਮੈਂ ਇਸ ਦੀ ਨੁਮਾਇੰਦਗੀ ਕਰਾਂਗਾ। ਇਹ ਕੋਈ ਸੌਖਾ ਫੈਸਲਾ ਨਹੀਂ ਸੀ ਕਿਉਂਕਿ ਪਿਆਰ ਦੋਵਾਂ (ਵਾਇਨਾਡ ਤੇ ਰਾਏ ਬਰੇਲੀ) ਨਾਲ ਹੈ।” ਲੋਕ ਸਭਾ ਚੋਣਾਂ ਦਾ ਨਤੀਜਾ 4 ਜੂਨ ਨੂੰ ਐਲਾਨਿਆ ਗਿਆ ਸੀ ਤੇ ਕਾਨੂੰਨ ਮੁਤਾਬਕ ਰਾਹੁਲ ਗਾਂਧੀ ਨੂੰ ਨਤੀਜਾ ਐਲਾਨੇ ਜਾਣ ਤੋਂ 14 ਦਿਨਾਂ ਅੰਦਰ ਇਕ ਸੀਟ ਛੱਡਣੀ ਪੈਣੀ ਸੀ। ਉਧਰ ਪ੍ਰਿਯੰਕਾ ਨੇ ਕਿਹਾ, ”ਮੈਂ ਵਾਇਨਾਡ ਦੇ ਲੋਕਾਂ ਨੂੰ ਰਾਹੁਲ ਦੀ ਕਮੀ ਮਹਿਸੂਸ ਨਹੀਂ ਹੋਣ ਦੇਵਾਂਗੀ।”
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …