ਤਿਲੰਗਾਨਾ ਦੇ ਮੁੱਖ ਮੰਤਰੀ ਵੱਲੋਂ ਅਰਵਿੰਦ ਕੇਜਰੀਵਾਲ ਦੀ ਹਮਾਇਤ
ਹੈਦਰਾਬਾਦ : ਦਿੱਲੀ ਤੇ ਪੰਜਾਬ ਦੇ ਮੁੱਖ ਮੰਤਰੀਆਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨਾਲ ਮੁਲਾਕਾਤ ਤੋਂ ਬਾਅਦ ਤਿਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ (ਕੇਸੀਆਰ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਦਿੱਲੀ ਦੀਆਂ ਸੇਵਾਵਾਂ ‘ਤੇ ਕੰਟਰੋਲ ਸਬੰਧੀ ਜਾਰੀ ਕੀਤਾ ਆਰਡੀਨੈਂਸ ਤੁਰੰਤ ਰੱਦ ਕੀਤਾ ਜਾਵੇ। ਰਾਓ ਨੇ ਇਹ ਮੰਗ ਇੱਥੇ ਕੇਜਰੀਵਾਲ ਤੇ ਭਗਵੰਤ ਮਾਨ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਕੀਤੀ। ‘ਆਪ’ ਦੇ ਦੋਵੇਂ ਆਗੂ ਇੱਥੇ ਕੇਸੀਆਰ ਤੋਂ ਆਰਡੀਨੈਂਸ ਖਿਲਾਫ ਹਮਾਇਤ ਹਾਸਲ ਕਰਨ ਲਈ ਪਹੁੰਚੇ ਹੋਏ ਸਨ।
ਰਾਓ ਨੇ ਕੇਂਦਰ ਵਿਚਲੀ ਐੱਨਡੀਏ ਸਰਕਾਰ ਨੂੰ ਕਿਹਾ, ‘ਅਸੀਂ ਪ੍ਰਧਾਨ ਮੰਤਰੀ ਤੋਂ ਮੰਗ ਕਰਦੇ ਹਾਂ ਕਿ ਇਹ ਆਰਡੀਨੈਂਸ ਉਹ ਖੁਦ ਵਾਪਸ ਲੈ ਲਵੇ ਨਹੀਂ ਤਾਂ ਅਸੀਂ ਕੇਜਰੀਵਾਲ ਦੀ ਹਮਾਇਤ ਕਰਾਂਗੇ। ਅਸੀਂ ਉਨ੍ਹਾਂ ਦੇ ਨਾਲ ਖੜਾਂਗੇ। ਅਸੀਂ ਇਸ ਆਰਡੀਨੈਂਸ ਨੂੰ ਲੋਕ ਸਭਾ ਤੇ ਰਾਜ ਸਭਾ ‘ਚ ਹਰਾਉਣ ਲਈ ਪੂਰੀ ਤਾਕਤ ਲਗਾ ਦੇਵਾਂਗੇ। ਬਿਨਾਂ ਗੱਲ ਤੋਂ ਮਸਲੇ ਪੈਦਾ ਨਾ ਕਰੋ। ਸਰਕਾਰ ਨੂੰ ਕੰਮ ਕਰਨ ਦਿਓ।’ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਇਹ ਆਰਡੀਨੈਂਸ ਲਿਆ ਕੇ ਦਿੱਲੀ ਦੇ ਲੋਕਾਂ ਦੀ ਬੇਇੱਜ਼ਤੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਮਹੂਰੀ ਢੰਗ ਨਾਲ ਚੁਣੀਆਂ ਗਈਆਂ ਸੂਬਾ ਸਰਕਾਰਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਆਰੋਪ ਲਾਇਆ ਕਿ ਦੇਸ਼ ਵਿੱਚ ਐਮਰਜੈਂਸੀ ਸਮੇਂ ਅਤੇ ਹੁਣ ਦੇ ਹਾਲਾਤ ‘ਚ ਕੋਈ ਫਰਕ ਨਹੀਂ ਹੈ।