ਪੰਜਾਬ ਦੇ ਕਾਂਗਰਸੀ ਆਗੂਆਂ ਵੱਲੋਂ ਖੜਗੇ ਤੇ ਰਾਹੁਲ ਨਾਲ ਮੁਲਾਕਾਤ
ਨਵੀਂ ਦਿੱਲੀ : ‘ਨੈਸ਼ਨਲ ਕੈਪੀਟਲ ਸਿਵਲ ਸਰਵਿਸਿਜ਼ ਅਥਾਰਟੀ’ ਬਣਾਉਣ ਬਾਰੇ ਕੇਂਦਰ ਦੇ ਆਰਡੀਨੈਂਸ ਦਾ ਵਿਰੋਧ ਕਰਨ ਲਈ ਰਾਜ ਸਭਾ ‘ਚ ਆਮ ਆਦਮੀ ਪਾਰਟੀ (ਆਪ) ਨੂੰ ਸਮਰਥਨ ਦੇਣ ਦੇ ਮੁੱਦੇ ‘ਤੇ ਪੰਜਾਬ ਕਾਂਗਰਸ ਦੇ ਆਗੂਆਂ ਨੇ ਦਿੱਲੀ ਵਿੱਚ ਪਾਰਟੀ ਹਾਈ ਕਮਾਨ ਨਾਲ ਮੁਲਾਕਾਤ ਕੀਤੀ। ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਾਂਗਰਸ ਦੇ ਮੁੱਖ ਦਫ਼ਤਰ ਵਿਖੇ ਬੈਠਕ ਕੀਤੀ, ਜਿਸ ‘ਚ ਚਰਚਾ ਦਾ ਮੁੱਖ ਕੇਂਦਰ ਸੀ ਕਿ ਕਾਂਗਰਸ ਨੂੰ ਕੇਂਦਰ ਦੇ ਆਰਡੀਨੈਂਸ ਖਿਲਾਫ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਜਾਣਾ ਚਾਹੀਦਾ ਹੈ ਜਾਂ ਨਹੀਂ। ਦਿੱਲੀ ਪਹੁੰਚੀ ਪੰਜਾਬ ਲੀਡਰਸ਼ਿਪ, ਜਿਸ ‘ਚ ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ, ਮਨੀਸ਼ ਤਿਵਾੜੀ, ਡਾ. ਅਮਰ ਸਿੰਘ, ਸੁਖਜਿੰਦਰ ਸਿੰਘ ਰੰਧਾਵਾ, ਓ.ਪੀ. ਸੋਨੀ ਤੇ ਹਰੀਸ਼ ਚੌਧਰੀ ਵੀ ਆਦਿ ਸ਼ਾਮਿਲ ਸਨ, ਨੇ ਆਮ ਆਦਮੀ ਪਾਰਟੀ ਦੀ ਹਮਾਇਤ ਕਰਨ ਤੋਂ ਸਾਫ਼ ਮਨ੍ਹਾ ਕਰ ਦਿੱਤਾ।
ਪੰਜਾਬ ਤੋਂ ਇਲਾਵਾ ਦਿੱਲੀ ਦੇ ਨੇਤਾਵਾਂ, ਜਿਨ੍ਹਾਂ ‘ਚ ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਨਿਲ ਚੌਧਰੀ ਸ਼ਾਮਿਲ ਸਨ, ਨੇ ਵੀ ਦਿੱਲੀ ਦੇ ਅਧਿਕਾਰੀਆਂ ਦੇ ਤਬਾਦਲੇ ਅਤੇ ਪੋਸਟਿੰਗ ਨੂੰ ਲੈ ਕੇ ਕੇਂਦਰ ਦੇ ਆਰਡੀਨੈਂਸ ਖਿਲਾਫ ‘ਆਪ’ ਦਾ ਸਾਥ ਦੇਣ ਤੋਂ ਮਨ੍ਹਾਂ ਕਰ ਦਿੱਤਾ। ਹਾਲਾਂਕਿ ਇਸ ਸੰਬੰਧ ‘ਚ ਆਖਰੀ ਫੈਸਲਾ ਹਾਈਕਮਾਨ ‘ਤੇ ਛੱਡ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕੇਜਰੀਵਾਲ ਕੇਂਦਰ ਦੇ ਆਰਡੀਨੈਂਸ ਖ਼ਿਲਾਫ਼ ਵਿਰੋਧੀ ਧਿਰਾਂ ਨੂੰ ਇਕੱਠਾ ਕਰਨ ਦੀ ਕਵਾਇਦ ਹੇਠ ਵੱਖ-ਵੱਖ ਨੇਤਾਵਾਂ ਨੂੰ ਮਿਲ ਰਹੇ ਹਨ, ਜਿਸ ਤਹਿਤ ਉਨ੍ਹਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਸਮਰਥਨ ਮੰਗਿਆ। ਜਦਕਿ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਖੁਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਊਧਵ ਠਾਕਰੇ ਅਤੇ ਸ਼ਰਦ ਪਵਾਰ ਨੂੰ ਵੀ ਸੰਸਦ ‘ਚ ਆਰਡੀਨੈਂਸ ਖ਼ਿਲਾਫ਼ ਸਹਿਯੋਗ ਕਰਨ ਨੂੰ ਕਿਹਾ। ਕੇਜਰੀਵਾਲ ਨੇ ਕਿਹਾ ਕਿ ਕੇਂਦਰ ਦੇ ਇਸ ਆਰਡੀਨੈਂਸ ਦਾ ਸੰਸਦ ‘ਚੋਂ ਪਾਸ ਨਾ ਹੋਣਾ ਹੀ ਲੋਕ ਸਭਾ ਚੋਣਾਂ 2024 ‘ਚ ਭਾਜਪਾ ਦੀ ਹਾਰ ਦੀ ਸ਼ੁਰੂਆਤ ਹੋਵੇਗੀ। ਕੇਜਰੀਵਾਲ ਰਾਹੁਲ ਗਾਂਧੀ ਨੂੰ ਮਿਲਣ ਦੀ ਇੱਛਾ ਪ੍ਰਗਟਾਅ ਚੁੱਕੇ ਹਨ ਹਾਲਾਂਕਿ ਅਜੇ ਤੱਕ ਮੁਲਾਕਾਤ ਦਾ ਸਮਾਂ ਨਿਸਚਿਤ ਨਹੀਂ ਹੋਇਆ ਹੈ। ਪੰਜਾਬ ਅਤੇ ਦਿੱਲੀ ਦੇ ਆਗੂਆਂ ਤੋਂ ਵੱਖ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਅਤੇ ਪਾਰਟੀ ਮਹਾਂਸਕੱਤਰ ਕੇ.ਸੀ. ਵੇਣੂਗੋਪਾਲ ਪਹਿਲਾਂ ਹੀ ਇਸ ਆਰਡੀਨੈਂਸ ਦਾ ਵਿਰੋਧ ਕਰਦਿਆਂ ਕੇਜਰੀਵਾਲ ਦਾ ਸਮਰਥਨ ਦੇਣ ਦੀ ਗੱਲ ਕਹਿ ਚੁੱਕੇ ਹਨ।
Check Also
ਅਦਾਕਾਰ ਅੱਲੂ ਅਰਜਨ 18 ਘੰਟੇ ਮਗਰੋਂ ਜੇਲ੍ਹ ਤੋਂ ਹੋਏ ਰਿਹਾਅ
ਕਿਹਾ : ਮੈਂ ਕਾਨੂੰਨ ਦੀ ਪਾਲਣਾ ਕਰਨ ਵਾਲਾ ਨਾਗਰਿਕ ਹਾਂ ਹੈਦਰਾਬਾਦ/ਬਿਊਰੋ ਨਿਊਜ਼ : ਫਿਲਮ ਪੁਸ਼ਪਾ-2 …