ਪੀਐਨਬੀ ਦੇ 13,500 ਕਰੋੜ ਬੈਂਕ ਘੁਟਾਲੇ ਵਿਚ ਲੋੜੀਂਦਾ ਹੈ ਮੇਹੁਲ ਚੋਕਸੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੀਆਂ ਕਈ ਏਜੰਸੀਆਂ ਭਗੌੜੇ ਵਪਾਰੀ ਮੇਹੁਲ ਚੋਕਸੀ ਨੂੰ ਵਾਪਸ ਲਿਆਉਣ ਲਈ ਜੁਟ ਗਈਆਂ ਹਨ। ਦੂਜੇ ਪਾਸੇ ਐਂਟੀਗੁਆ ਦੇ ਪ੍ਰਧਾਨ ਮੰਤਰੀ ਗੈਸਟਨ ਬਰਾਊਨ ਨੇ ਦੱਸਿਆ ਕਿ ਚੋਕਸੀ ਆਪਣੀ ਮਿੱਤਰ ਨਾਲ ਡੌਮਿਨਿਕਾ ਗਿਆ ਹੋਇਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਨੇ ਚੋਕਸੀ ਨੂੰ ਵਾਪਸ ਲਿਆਉਣ ਲਈ ਪ੍ਰਾਈਵੇਟ ਜੈਟ ਵੀ ਭੇਜਿਆ ਹੈ। ਭਾਰਤੀ ਅਧਿਕਾਰੀ ਚੋਕਸੀ ਬਾਰੇ ਦਸਤਾਵੇਜ਼ ਵੀ ਨਾਲ ਲੈ ਕੇ ਗਏ ਹੋਏ ਹਨ। ਉਹ ਉਥੋਂ ਦੀ ਸਰਕਾਰ ਤੇ ਅਦਾਲਤ ਨੂੰ ਇਹ ਦੱਸਣਗੇ ਕਿ ਚੋਕਸੀ ਕੋਲ ਪਹਿਲਾਂ ਭਾਰਤੀ ਨਾਗਰਿਕਤਾ ਸੀ ਤੇ ਉਸ ਨੇ ਘੁਟਾਲਾ ਕਰਨ ਤੋਂ ਬਾਅਦ ਹੀ ਦੂਜੇ ਦੇਸ਼ ਦੀ ਨਾਗਰਿਕਤਾ ਹਾਸਲ ਕੀਤੀ ਹੈ। ਭਾਰਤ ਦੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਦਾ ਕਰੋਨਾ ਟੈਸਟ ਵੀ ਹੋਇਆ, ਜੋ ਨੈਗੇਟਿਵ ਆਇਆ ਹੈ। ਉਸ ਨੂੰ ਭਾਰੀ ਸੁਰੱਖਿਆ ਹੇਠ ਹਸਪਤਾਲ ’ਚ ਰੱਖਿਆ ਗਿਆ ਹੈ। ਜਿੱਥੇ ਉਸ ਨੂੰ ਸਿਰਫ ਆਪਣੇ ਵਕੀਲਾਂ ਨਾਲ ਹੀ ਮਿਲਣ ਦੀ ਇਜ਼ਾਜਤ ਹੈ। ਜ਼ਿਕਰਯੋਗ ਹੈ ਕਿ ਚੋਕਸੀ ਤੇ ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ ਦੇ 13,500 ਕਰੋੜ ਦੇ ਘੁਟਾਲੇ ਵਿਚ ਭਾਰਤ ਨੂੰ ਲੋੜੀਂਦੇ ਹਨ। ਦੂਜੇ ਪਾਸੇ ਚੋਕਸੀ ਦੇ ਵਕੀਲਾਂ ਨੇ ਉਸਦੀ ਗਰਲਫਰੈਂਡ ਨਾਲ ਮਿਲਣ ਦੀਆਂ ਰਿਪੋਰਟਾਂ ਨੂੰ ਰੱਦ ਕਰਦਿਆਂ ਕਿਹਾ ਕਿ ਚੋਕਸੀ ਨੂੰ ਅਗਵਾ ਕੀਤਾ ਗਿਆ ਸੀ ਤੇ ਉਸ ਨਾਲ ਕੁੱਟਮਾਰ ਵੀ ਕੀਤੀ ਗਈ ਹੈ।