ਕਿਹਾ : ਜਦੋਂ ਖਤਰਾ ਗਲੋਬਲ ਹੈ ਤਾਂ ਲੜਨ ਦਾ ਤਰੀਕਾ ਵੀ ਗਲੋਬਲ ਹੋਣਾ ਚਾਹੀਦੈ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ’ਚ ਇੰਟਰਨੈਸ਼ਨਲ ਲਾਇਰਜ਼ ਕਾਨਫਰੰਸ ਦਾ ਉਦਘਾਟਨ ਕੀਤਾ। ਬਾਰ ਕੌਂਸਲ ਆਫ਼ ਇੰਡੀਆ ਵੱਲੋਂ ਆਯੋਜਿਤ ਕੀਤੇ ਗਏ ਇਸ ਸਮਾਗਮ ਦਾ ਵਿਸ਼ਾ ‘ਨਿਆਂ ਵੰਡ ਪ੍ਰਣਾਲੀ ’ਚ ਉਭਰਦੀਆਂ ਚੁਣੌਤੀਆਂ’ ਹੈ ਅਤੇ ਇਹ ਸੰਮੇਲਨ 23 ਅਤੇ 24 ਸਤੰਬਰ ਤੱਕ ਚੱਲੇਗਾ। ਇਸ ਸੰਮੇਲਨ ’ਚ ਲਾਰਡ ਚਾਂਸਲਰ ਆਫ਼ ਇੰਗਲੈਂਡ ਅਤੇ ਬਾਰ ਐਸੋਸੀਏਸ਼ਨ ਆਫ਼ ਇੰਗਲੈਂਡ ਦੇ ਡੈਲੀਗੇਟ ਵੀ ਸ਼ਾਮਲ ਹੋਏ। ਇਸ ਮੌਕੇ ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰ ਚੂਹੜ ਵੀ ਮੌਜਦ ਸਨ। ਪ੍ਰਧਾਨ ਮੰਤਰੀ ਨੇ ਵਕੀਲਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਕਈ ਤਾਕਤਾਂ ਨਾਲ ਲੜ ਰਹੇ ਹਾਂ। ਉਨ੍ਹਾਂ ਕਿਹਾ ਕਿ ਜਦੋਂ ਖਤਰਾ ਗਲੋਬਲ ਹੈ ਤਾਂ ਲੜਨ ਦਾ ਤਰੀਕਾ ਵੀ ਗਲੋਬਲ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਅੱਜ ਦੀ ਇਹ ਕਾਨਫਰੰਸ ਅਜਿਹੇ ਸਮੇਂ ’ਚ ਹੋ ਰਹੀ ਜਦੋਂ ਭਾਰਤ ਕਈ ਇਤਿਹਾਸਕ ਫੈਸਲਿਆਂ ਦਾ ਗਵਾਹ ਬਣ ਚੁੱਕਿਆ ਹੈ। ਇਕ ਦਿਨ ਪਹਿਲਾਂ ਹੀ ਭਾਰਤ ਦੀ ਸੰਸਦ ਨੇ ਲੋਕ ਸਭਾ ਅਤੇ ਵਿਧਾਨ ਸਭਾ ’ਚ ਮਹਿਲਾਵਾਂ ਨੂੰ 33 ਫੀਸਦੀ ਰਾਖਵਾਂਕਰਨ ਦੇਣ ਵਾਲਾ ਕਾਨੂੰਨ ਪਾਸ ਕੀਤਾ ਹੈ। ਨਾਰੀ ਸ਼ਕਤੀ ਵੰਦਨ ਕਾਨੂੰਨ ਭਾਰਤ ’ਚ ਮਹਿਲਾਵਾਂ ਦੀ ਅਗਵਾਈ ’ਚ ਵਿਕਾਸ ਨੂੰ ਨਵੀਂ ਦਿਸ਼ਾ ਅਤੇ ਊਰਜਾ ਦੇਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੰਟਰਨੈਸ਼ਨਲ ਲਾਇਰਜ਼ ਕਾਨਫਰੰਸ ਭਾਰਤ ਦੇ ਲਈ ਬਹੁਤ ਉਪਯੋਗੀ ਸਾਬਤ ਹੋਵੇਗੀ ਅਤੇ ਮੈਂ ਆਸ ਕਰਦਾ ਹਾਂ ਕਿ ਇਸ ਪੋ੍ਰਗਰਾਮ ਦੇ ਜਰੀਏ ਸਾਰੇ ਦੇਸ਼ ਇਕ-ਦੂਜੇ ਤੋਂ ਕਾਫ਼ੀ ਕੁੱਝ ਸਿੱਖਣਗੇ।