ਮੁੰਬਈ: ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਨੇ ਕਿਹਾ ਹੈ ਕਿ ਉਹ ਭਾਰਤ ਵਿੱਚ ਕਨਸਰਟ ਦੌਰਾਨ ਕੀਤੇ ਜਾਣ ਵਾਲੇ ਪ੍ਰਬੰਧਾਂ ਤੋਂ ਨਾਖੁਸ਼ ਹੈ। ਉਸ ਨੇ ਕਿਹਾ ਜਦੋਂ ਤਕ ਲਾਈਵ ਸ਼ੋਅ ਦੇ ਪ੍ਰਬੰਧ ਠੀਕ ਨਹੀਂ ਕੀਤੇ ਜਾਣਗੇ, ਉਹ ਕੋਈ ਸ਼ੋਅ ਨਹੀਂ ਕਰੇਗਾ।
ਜ਼ਿਕਰਯੋਗ ਹੈ ਕਿ ਗਾਇਕ ਅਤੇ ਅਦਾਕਾਰ ਦਿਲਜੀਤ ਨੇ ਹਾਲ ਹੀ ਵਿੱਚ ਮੁਲਕ ਭਰ ਵਿੱਚ ਲਾਈਵ ਸ਼ੋਅ ਕੀਤੇ ਹਨ। ਇਸ ਦੌਰਾਨ ਉਸ ਨੇ ਚੰਡੀਗੜ੍ਹ ਵਿੱਚ ਸ਼ੋਅ ਦੌਰਾਨ ਪ੍ਰਬੰਧਾਂ ‘ਤੇ ਨਾਖੁਸ਼ੀ ਜ਼ਾਹਿਰ ਕੀਤੀ।
ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਕਈ ਵੀਡੀਓ ਕਲਿੱਪ ਵਾਇਰਲ ਹੋ ਰਹੇ ਹਨ। ਇਨ੍ਹਾਂ ਵਿੱਚ ਉਹ ਆਖ ਰਿਹਾ ਹੈ ਕਿ ਭਾਰਤ ਵਿੱਚ ਲਾਈਵ ਸ਼ੋਅ ਲਈ ਪ੍ਰਬੰਧਾਂ ਵਿੱਚ ਸੁਧਾਰ ਦੀ ਲੋੜ ਹੈ। ਕਲਿੱਪ ਵਿੱਚ ਉਹ ਆਖ ਰਿਹਾ ਹੈ ਕਿ ਭਾਰਤ ਵਿੱਚ ਸਾਡੇ ਕੋਲ ਲਾਈਵ ਸ਼ੋਅ ਕਰਵਾਉਣ ਦੇ ਢੁੱਕਵੇਂ ਪ੍ਰਬੰਧ ਹੀ ਨਹੀਂ ਹਨ। ਉਸ ਨੇ ਕਿਹਾ ਕਿ ਇਹ ਲਾਈਵ ਸ਼ੋਅ ਆਮਦਨ ਦਾ ਵੱਡਾ ਸਰੋਤ ਹਨ। ਇਸ ਤੋਂ ਵੱਡੀ ਗਿਣਤੀ ਲੋਕਾਂ ਨੂੰ ਕੰਮ ਮਿਲਦਾ ਹੈ।
ਉਸ ਨੇ ਕਿਹਾ ਕਿ ਉਹ ਅਗਲੀ ਵਾਰ ਇਹ ਕੋਸ਼ਿਸ਼ ਕਰੇਗਾ ਕਿ ਸਟੇਜ ਵਿਚਕਾਰ ਹੋਵੇ ਅਤੇ ਦਰਸ਼ਕ ਸਟੇਜ ਦੇ ਚਾਰੇ ਪਾਸੇ ਹੋਣ। ਦਿਲਜੀਤ ਦੋਸਾਂਝ ਨੇ ਕਿਹਾ ਕਿ ਜਦੋਂ ਤਕ ਅਜਿਹਾ ਨਹੀਂ ਹੋ ਜਾਂਦਾ, ਉਹ ਭਾਰਤ ਵਿੱਚ ਸ਼ੋਅ ਨਹੀਂ ਕਰੇਗਾ। ਚੰਡੀਗੜ੍ਹ ਵਿੱਚ ਸ਼ਨਿਚਰਵਾਰ ਨੂੰ ਕੀਤਾ ਸ਼ੋਅ ਦਿਲਜੀਤ ਨੇ ਵਿਸ਼ਵ ਸ਼ਤਰੰਜ ਚੈਂਪੀਅਨ ਡੀ. ਗੁਕੇਸ਼ ਦੇ ਨਾਮ ਕੀਤਾ। ਉਸ ਨੇ ਗੁਕੇਸ਼ ਦੀ ਮਿਹਨਤ ਦੀ ਸ਼ਲਾਘਾ ਕੀਤੀ। ਇਸ ਸਬੰਧੀ ਉਸ ਨੇ ਇੰਸਟਾਗ੍ਰਾਮ ‘ਤੇ ਵੀਡੀਓ ਵੀ ਸਾਂਝੀ ਕੀਤੀ ਹੈ।