ਮੁੱਖ ਮੰਤਰੀ ਭਗਵੰਤ ਮਾਨ ਸਮੇਤ ਹੋਰ ਕਈ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ; ਪਾਤਰ ਦੇ ਨਾਮ ਉੱਤੇ ਐਵਾਰਡ ਸ਼ੁਰੂ ਕਰਨ ਦਾ ਐਲਾਨ
ਲੁਧਿਆਣਾ/ਬਿਊਰੋ ਨਿਊਜ਼ : ਉੱਘੇ ਪੰਜਾਬੀ ਕਵੀ ਪਦਮਸ੍ਰੀ ਡਾ. ਸੁਰਜੀਤ ਪਾਤਰ ਜੋ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ, ਦੀ ਸੋਮਵਾਰ ਨੂੰ ਅੰਤਿਮ ਅਰਦਾਸ ਮੌਕੇ ਕਈ ਰਾਜਨੀਤਿਕ, ਧਾਰਮਿਕ ਤੇ ਸਾਹਿਤਕ ਸ਼ਖ਼ਸੀਅਤਾਂ ਨੇ ਸ਼ਿਰਕਤ ਕਰਦਿਆਂ ਉਨ੍ਹਾਂ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਜਿੱਥੇ ਡਾ. ਪਾਤਰ ‘ਤੇ ਦੇ ਨਾਂ ਉੱਤੇ ਐਵਾਰਡ ਸ਼ੁਰੂ ਕੀਤੇ ਜਾਣ ਦੀ ਗੱਲ ਆਖੀ ਗਈ ਉੱਥੇ ਆਰਟ ਐਂਡ ਕਲਚਰ ਸੈਂਟਰ ਸਥਾਪਿਤ ਕਰਨ ਦੀ ਵੀ ਤਜਵੀਜ਼ ਰੱਖੀ ਗਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਾਤਰ ਦੀ ਯਾਦ ਵਿੱਚ ਜੋ ਵੀ ਤਜਵੀਜ਼ ਹੈ, ਉਸ ‘ਤੇ ਵੋਟਾਂ ਤੋਂ ਬਾਅਦ ਬੈਠ ਕੇ ਜੋ ਵੀ ਫੈਸਲਾ ਹੋਵੇਗਾ, ਉਸ ਨੂੰ ਉਹ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇਗਾ।
ਗੁਰਦੁਆਰਾ ਮਾਈ ਬਿਸ਼ਨ ਕੌਰ ਵਿਖੇ ਹੋਏ ਅੰਤਿਮ ਅਰਦਾਸ ਸਮਾਗਮ ਮੌਕੇ ਅਖੰਡ ਸਾਹਿਬ ਦੇ ਭੋਗ ਤੋਂ ਬਾਅਦ ਕਈ ਰਾਗੀ ਸਿੰਘਾਂ ਨੇ ਗੁਰਬਾਣੀ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਡਾ. ਪਾਤਰ ਪੰਜਾਬੀ ਦਾ ਵੱਡਾ ਸ਼ਾਇਰ ਸੀ, ਜਿਸ ਦੀਆਂ ਕਵਿਤਾਵਾਂ ਨੂੰ ਹਰ ਕੋਈ ਸੌਖਿਆਂ ਸਮਝ ਸਕਦਾ ਹੈ। ਇਹੀ ਵਜ੍ਹਾ ਹੈ ਕਿ ਉਹ ਖੁਦ ਵੀ ਆਪਣੇ ਭਾਸ਼ਨਾਂ ਵਿੱਚ ਉਨ੍ਹਾਂ ਦੀਆਂ ਕਵਿਤਾਵਾਂ ਨੂੰ ਸ਼ਾਮਿਲ ਕਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਡਾ. ਪਾਤਰ ਦੀ ਯਾਦ ਵਿੱਚ ਕੌਮੀ ਐਵਾਰਡ ਦੀ ਤਰਜ਼ ‘ਤੇ ਡਾ. ਪਾਤਰ ਐਵਾਰਡ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਲਈ ਸੱਤਵੀਂ ਤੋਂ ਬੀਏ ਤੱਕ ਦੇ ਵਿਦਿਆਰਥੀ ਦਾ ਕਵਿਤਾ ਪੜ੍ਹਨ ਦਾ ਮੁਕਾਬਲਾ ਕਰਵਾਇਆ ਜਾਵੇਗਾ। ਇਸ ਵਿੱਚ ਸ਼ਰਤ ਇਹ ਹੋਵੇਗੀ ਕਿ ਬੋਲੀ ਜਾਣ ਵਾਲੀ ਕਵਿਤਾ ਖੁਦ ਵਿਦਿਆਰਥੀ ਨੇ ਲਿਖੀ ਹੋਵੇ। ਇਸ ਐਵਾਰਡ ਵਿੱਚ ਇੱਕ ਲੱਖ ਰੁਪਏ ਦੇ ਇਨਾਮ ਤੋਂ ਇਲਾਵਾ ਕੌਮੀ ਐਵਾਰਡ ਵਾਲੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਆਰਟ ਐਂਡ ਕਲਚਰ ਸੈਂਟਰ ਸਬੰਧੀ ਤਜਵੀਜ਼ ਬਾਰੇ ਉਨ੍ਹਾਂ ਨੇ ਵੋਟਾਂ ਤੋਂ ਬਾਅਦ ਹਰ ਆਉਣ ਵਾਲੀ ਤਜਵੀਜ਼ ਨੂੰ ਮੰਨਣ ਦਾ ਭਰੋਸਾ ਦਿੱਤਾ।
ਮਾਨ ਨੇ ਕਿਹਾ ਕਿ ਡਾ. ਪਾਤਰ ਦੇ ਸ਼ਬਦ ਹਮੇਸ਼ਾ ਜਿਊਂਦੇ ਰਹਿਣਗੇ। ਸਮੂਹ ਸਾਹਿਤਕ ਜਥੇਬੰਦੀਆਂ ਵੱਲੋਂ ਭਾਰਤੀ ਸਾਹਿਤ ਅਕੈਡਮੀ ਦੇ ਨੁਮਾਇੰਦੇ ਰਵੇਲ ਸਿੰਘ ਨੇ ਡਾ. ਪਾਤਰ ਦੇ ਜੀਵਨ ‘ਤੇ ਝਾਤੀ ਪੁਆਈ। ਉਨ੍ਹਾਂ ਕਿਹਾ ਕਿ ਉਹ ਸਿਰਫ ਪੰਜਾਬੀ ਭਾਸ਼ਾ ਦੇ ਹੀ ਸ਼ਾਇਰ ਨਹੀਂ ਸਨ, ਸਗੋਂ ਉਨ੍ਹਾਂ ਦੀਆਂ ਕਵਿਤਾਵਾਂ ਦਾ ਦੁਨੀਆ ਦੀਆਂ 43 ਭਾਸ਼ਾਵਾਂ ਵਿੱਚ ਤਰਜਮਾ ਕੀਤਾ ਜਾ ਚੁੱਕਾ ਹੈ। ਇਸ ਲਈ ਉਨ੍ਹਾਂ ਦੀ ਕਵਿਤਾ ਦਾ ਦਾਇਰਾ ਸੀਮਤ ਨਹੀਂ ਕੀਤਾ ਜਾ ਸਕਦਾ।
ਸਮਾਗਮ ਦੌਰਾਨ ਅਸ਼ਵਨੀ ਜੇਤਲੀ ਨੇ ਕਿਹਾ ਕਿ ਭੂਟਾਨੀ ਗਰੁੱਪ ਵੱਲੋਂ ਡਾ. ਪਾਤਰ ਦੇ ਨਾਂ ‘ਤੇ ਇੱਕ ਆਰਟ ਐਂਡ ਕਲਚਰਲ ਸੈਂਟਰ ਬਣਾਉਣ ਦੀ ਤਜਵੀਜ਼ ਹੈ ਅਤੇ ਇਹ ਮੁੱਖ ਮੰਤਰੀ ਭਗਵੰਤ ਮਾਨ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਦਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸ਼ਿਵ ਕੁਮਾਰ ਤੋਂ ਬਾਅਦ ਜੇਕਰ ਕੋਈ ਕਵੀ ਸਭ ਤੋਂ ਵੱਧ ਪੜ੍ਹਿਆ, ਗਾਇਆ ਅਤੇ ਪਿਆਰ ਕੀਤਾ ਗਿਆ ਹੈ ਤਾਂ ਉਹ ਡਾ. ਸੁਰਜੀਤ ਪਾਤਰ ਹਨ।
ਸਮਾਗਮ ਦੌਰਾਨ ਡਾ. ਬਲਬੀਰ ਸਿੰਘ ਸੀਚੇਵਾਲ ਨੇ ਡਾ. ਪਾਤਰ ਦੇ ਪੁੱਤਰ ਦੇ ਪੱਗੜੀ ਬੰਨ੍ਹਣ ਦੀ ਰਸਮ ਨਿਭਾਈ। ਇਸ ਤੋਂ ਇਲਾਵਾ ਨਾਮਧਾਰੀ ਸਮਾਜ ਵੱਲੋਂ ਨਾਮਧਾਰੀ ਹਰਭਜਨ ਸਿੰਘ ਨੇ ਵੀ ਡਾ. ਪਾਤਰ ਦੇ ਲੜਕੇ ਨੂੰ ਸਿਰੋਪਾਓ ਦਿੱਤਾ।
ਸਮਾਗਮ ਵਿੱਚ ਪੰਜਾਬ ਦੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ, ਗਾਇਕ ਸਤਿੰਦਰ ਸਰਤਾਜ, ਗਾਇਕਾ ਅਮਰ ਨੂਰੀ ਅਤੇ ਰਣਜੀਤ ਕੌਰ, ਸ਼ਮਸ਼ੇਰ ਸੰਧੂ, ਡਾ. ਬੀਐੱਸ ਢਿੱਲੋਂ, ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਰਵਿੰਦਰ ਭੱਠਲ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਕ੍ਰਿਸ਼ਨ ਕੁਮਾਰ ਬਾਵਾ, ਬਲਵੰਤ ਸਿੰਘ ਰਾਮੂਵਾਲੀਆ, ਐੱਸਪੀਐੱਸ ਓਬਰਾਏ, ਬਾਬਾ ਅਮੀਰ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ, ਰਣਜੋਧ ਸਿੰਘ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਸੁਰਜੀਤ ਸਿੰਘ ਪਟਿਆਲਾ, ਅਰਵਿੰਦਰ ਜੌਹਲ, ਡਾ. ਹਰਪ੍ਰੀਤ ਸਿੰਘ ਹੀਰੋ, ਹਮੀਰ ਸਿੰਘ, ਸੁਰਿੰਦਰ ਕੈਲੇ, ਡਾ. ਸੁਰਜੀਤ ਸਿੰਘ ਭੱਟੀ, ਡਾ. ਨਿਰਮਲ ਜੌੜਾ, ਸੁਸ਼ੀਲ ਦੋਸਾਂਝ, ਪਾਲੀ ਭੁਪਿੰਦਰ ਸਿੰਘ, ਡਾ. ਪਾਲ ਕੌਰ, ਦੀਪਕ ਸ਼ਰਮਾ ਚਨਾਰਥਲ ਤ੍ਰਿਲੋਚਨ ਝਾਂਡੇ, ਡਾ. ਹਰੀ ਸਿੰਘ ਜਾਚਕ, ਇੰਦਰਜੀਤ ਪਾਲ ਕੌਰ, ਕਰਮਜੀਤ ਗਰੇਵਾਲ, ਸੁਰਿੰਦਰ ਕੌਰ, ਕਮਲ ਦੋਸਾਂਝ, ਸੁਰਿੰਦਰਦੀਪ, ਕੇ ਸਾਧੂ ਸਿੰਘ, ਅਵਤਾਰਜੀਤ, ਡਾ. ਜਸਵਿੰਦਰ ਸਿੰਘ, ਡਾ. ਧਨਵੰਤ ਕੌਰ, ਪ੍ਰੋ. ਸੰਤੋਖ ਸਿੰਘ, ਸੋਮਪਾਲ ਹੀਰਾ, ਕੰਵਲ ਢਿੱਲੋਂ ਆਦਿ ਸਮੇਤ ਹੋਰ ਕਈ ਸਖਸ਼ੀਅਤਾਂ ਡਾ. ਸੁਰਜੀਤ ਪਾਤਰ ਨੂੰ ਨਿੱਘੀਆਂ ਸ਼ਰਧਾਂਜਲੀਆਂ ਦੇਣ ਪਹੁੰਚੀਆਂ।
ਸੁਰਜੀਤ ਪਾਤਰ ਦੀਆਂ ਪੁਸਤਕਾਂ ਦੀ ਮੰਗ ਵਧੀ
ਪਾਤਰ ਦੀਆਂ ਪੁਰਾਣੀਆਂ ਪੁਸਤਕਾਂ ‘ਚ ਲੋਕਾਂ ਦੀ ਜ਼ਿਆਦਾ ਦਿਲਚਸਪੀ
ਜਲੰਧਰ : ਉੱਘੇ ਕਵੀ ਸੁਰਜੀਤ ਪਾਤਰ ਦੇ ਤੁਰ ਜਾਣ ਤੋਂ ਬਾਅਦ ਉਨ੍ਹਾਂ ਦੀਆਂ ਪੁਸਤਕਾਂ ਦੀ ਮੰਗ ਵਧਣ ਲੱਗੀ ਹੈ। ਮਰਹੂਮ ਕਵੀ ਦੀਆਂ ਪੁਰਾਣੀਆਂ ਪੁਸਤਕਾਂ ਦੀ ਲੋਕ ਜ਼ਿਆਦਾ ਮੰਗ ਕਰ ਰਹੇ ਹਨ ਜਦੋਂ ਕਿ ਨਵੀਂ ਪੀੜ੍ਹੀ ਉਨ੍ਹਾਂ ਬਾਰੇ ਸੋਸ਼ਲ ਪਲੇਟਫਾਰਮਾਂ ‘ਤੇ ਪੜ੍ਹ ਰਹੀ ਹੈ। ਮਾਈ ਹੀਰਾਂ ਗੇਟ ਵਿੱਚ 1964 ਤੋਂ ਪੰਜਾਬੀ ਸਾਹਿਤ ਦੀਆਂ ਪੁਸਤਕਾਂ ਵੇਚਣ ਵਾਲੇ ‘ਸੁੰਦਰ ਬੁੱਕ ਡਿੱਪੂ’ ਦੇ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਗੁਰਮੁੱਖ ਸਿੰਘ ਨੇ ਜਲੰਧਰ ਵਿੱਚ ਪੁਸਤਕਾਂ ਵੇਚਣ ਦਾ ਕੰਮ ਸ਼ੁਰੂ ਕੀਤਾ ਸੀ ਤੇ ਉਨ੍ਹਾਂ ਦੇ ਪਿਤਾ ਸੁੰਦਰ ਸਿੰਘ ਵੀ ਏਸੇ ਕੰਮ ਵਿੱਚ ਹਨ। ਹੁਣ ਉਹ ਤੇ ਉਨ੍ਹਾਂ ਦਾ ਪੁੱਤਰ ਵੀ ਪੁਸਤਕਾਂ ਦੇ ਕਾਰੋਬਾਰ ਵਿੱਚ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸੁਰਜੀਤ ਪਾਤਰ ਦੇ ਤੁਰ ਜਾਣ ਵਾਲੇ ਦਿਨ ਤੋਂ ਹੀ ਉਨ੍ਹਾਂ ਦੀਆਂ ਪੁਸਤਕਾਂ ਦੀ ਮੰਗ ਹੋਣ ਲੱਗ ਪਈ ਸੀ। ਰੋਜ਼ਾਨਾ ਗਾਹਕ ਆ ਕੇ ਪਾਤਰ ਸਾਬ੍ਹ ਦੀਆਂ ਪੁਸਤਕਾਂ ਮੰਗਦੇ ਹਨ ਤੇ ਖ਼ਾਸ ਕਰਕੇ ਪੁਰਾਣੀਆਂ ਪੁਸਤਕਾਂ ਵਿੱਚ ਉਹ ਜ਼ਿਆਦਾ ਦਿਲਚਪਸੀ ਦਿਖਾ ਰਹੇ ਹਨ। ਸੁਰਜੀਤ ਪਾਤਰ ਦੀਆਂ ਪੁਸਤਕਾਂ ‘ਚੋਂ ‘ਹਵਾ ਵਿੱਚ ਲਿਖੇ ਹਰਫ਼’, ‘ਬਿਰਖ਼ ਅਰਜ਼ ਕਰੇ’, ‘ਹਨ੍ਹੇਰੇ ਵਿੱਚ ਸੁਲਗਦੀ ਵਰਣਮਾਲਾ’, ‘ਲਫ਼ਜ਼ਾਂ ਦੀ ਦਰਗਾਹ’ ਅਤੇ ‘ਚੰਨ ਸੂਰਜ’ ਆਦਿ ਖਰੀਦੀਆਂ ਜਾ ਰਹੀਆਂ ਹਨ। ਕੁਲਵੰਤ ਸਿੰਘ ਨੇ ਦੱਸਿਆ ਕਿ ਕਿਸਾਨੀ ਅੰਦੋਲਨ ਦੌਰਾਨ ਜੋ ਕਵਿਤਾਵਾਂ ਪਾਤਰ ਸਾਬ੍ਹ ਨੇ ਲਿਖੀਆਂ ਸਨ ਉਨ੍ਹਾਂ ਦੀ ਮੰਗ ਸਭ ਤੋਂ ਵੱਧ ਹੈ। ‘ਇਹ ਬਾਤ ਨਿਰੀ ਏਨੀ ਹੀ ਨਹੀਂ’ ਦੀ ਜ਼ਿਆਦਾ ਮੰਗ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਕੋਲੋਂ ਦੋ ਦਿਨਾਂ ਵਿੱਚ ਹੀ ਇਸ ਦਾ ਸਟਾਕ ਮੁੱਕ ਗਿਆ ਸੀ। ਨਿਊ ਬੁੱਕ ਕੰਪਨੀ ‘ਤੇ ਕੰਮ ਕਰਦੇ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸੁਰਜੀਤ ਪਾਤਰ ਦੀਆਂ ਪੁਸਤਕਾਂ ਦੀ ਵਿਕਰੀ ਮੁੜ ਸ਼ੁਰੂ ਹੋ ਗਈ ਹੈ।