ਨਵੀਂ ਦਿੱਲੀ/ਬਿਊਰੋ ਨਿਊਜ਼
ਖਾਦੀ ਐਂਡ ਵਿਲੇਜ ਇੰਡਸਟਰੀਜ਼ ਕਮਿਸ਼ਨ (ਕੇਵੀਆਈਸੀ) ਵੱਲੋਂ ਸਾਲ 2017 ਦੇ ਕੈਲੰਡਰ ਤੇ ਡਾਇਰੀ ਤੋਂ ਮਹਾਤਮਾ ਗਾਂਧੀ ਦੀ ਜਗ੍ਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਛਾਪੇ ਜਾਣ ਤੋਂ ਵਿਵਾਦ ਖੜ੍ਹਾ ਹੋ ਗਿਆ ਹੈ। ਕਾਂਗਰਸ ਸਮੇਤ ਹੋਰ ਵਿਰੋਧੀ ਧਿਰਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਦੋਂਕਿ ਪ੍ਰਧਾਨ ਮੰਤਰੀ ਦੇ ਦਫ਼ਤਰ (ਪੀਐਮਓ) ਨੇ ਇਸ ਵਿਵਾਦ ਨੂੰ ‘ਬੇਲੋੜਾ’ ਕਰਾਰ ਦਿੱਤਾ ਹੈ।
ਪ੍ਰਧਾਨ ਮੰਤਰੀ ‘ਤੇ ਹਮਲਾ ਕਰਦਿਆਂ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਦਿ ਮੰਗਲਯਾਨ ਇਫੈਕਟ।’ ਉਨ੍ਹਾਂ ਕਿਹਾ ਕਿ ਮੋਦੀ ਪੇਂਡੂ ਸਨਅਤਾਂ ਅਤੇ ਖਾਦੀ ਨੂੰ ਉਤਸ਼ਾਹਿਤ ਕਰਨ ਦਾ ਸਿਹਰਾ ਆਪਣੇ ਸਿਰ ਸਜਾਉਣ ਦਾ ਯਤਨ ਕਰ ਰਹੇ ਹਨ। ਹਾਲਾਂਕਿ ਇਹ ਵਿਚਾਰ ਰਾਸ਼ਟਰ ਪਿਤਾ ਦੇ ਦਿਲ ਦੇ ਕਰੀਬ ਸੀ। ਭਾਰਤੀ ਪੁਲਾੜ ਵਾਹਨ ‘ਮੰਗਲਯਾਨ’ ਦੇ ਮੰਗਲ ਗ੍ਰਹਿ ਉਤੇ ਉਤਰਨ ਸਮੇਂ ਵੀ ਪ੍ਰਧਾਨ ਮੰਤਰੀ ਨੇ ਅਜਿਹਾ ਹੀ ਕੀਤਾ ਸੀ। ਰਾਹੁਲ ਗਾਂਧੀ ਨੇ ਕਿਹਾ ਕਿ ਮੰਗਲ ਗ੍ਰਹਿ ‘ਤੇ ਪਹਿਲੀ ਕੋਸ਼ਿਸ਼ ਵਿਚ ਪੁਲਾੜ ਵਾਹਨ ‘ਮੰਗਲਯਾਨ’ ਭੇਜਣ ਵਾਲਾ ਜਦੋਂ ਭਾਰਤ ਵਿਸ਼ਵ ਦਾ ਪਹਿਲਾ ਮੁਲਕ ਬਣਿਆ ਸੀ ਤਾਂ ਮੋਦੀ ਨੇ ਆਪਣੇ ਸਿਰ ਸਿਹਰਾ ਸਜਾਉਣ ਦਾ ਯਤਨ ਕੀਤਾ ਸੀ ਪਰ ਇਸ ਪ੍ਰਾਜੈਕਟ ਸਬੰਧੀ ਸਾਰਾ ਕੁੱਝ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕਾਰਜਕਾਲ ਵੇਲੇ ਹੋਇਆ ਸੀ।
ਕੇਵੀਆਈਸੀ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਵੱਲੋਂ ਕੈਲੰਡਰ ਤੇ ਡਾਇਰੀ ਤੋਂ ਮਹਾਤਮਾ ਗਾਂਧੀ ਦੀ ਤਸਵੀਰ ਹਟਾਏ ਜਾਣ ਦਾ ਵਿਰੋਧ ਕੀਤਾ ਗਿਆ ਸੀ। ਕੈਲੰਡਰ ਵਾਲੀ ਤਸਵੀਰ ਵਿੱਚ ਮੋਦੀ ਨੂੰ ਗਾਂਧੀ ਜੀ ਵਾਂਗ ਬੈਠ ਕੇ ਚਰਖਾ ਕੱਤਦਾ ਦਿਖਾਇਆ ਗਿਆ ਹੈ। ਰਣਦੀਪ ਸੁਰਜੇਵਾਲਾ ਨੇ ਕਿਹਾ, ‘ਖਾਦੀ ਤੇ ਗਾਂਧੀ ਜੀ ਸਾਡੇ ਇਤਿਹਾਸ, ਸਵੈ-ਨਿਰਭਰਤਾ ਅਤੇ ਸੰਘਰਸ਼ ਦਾ ਪ੍ਰਤੀਕ ਹਨ। ਗਾਂਧੀ ਜੀ ਦੀ ਤਸਵੀਰ ਹਟਾਉਣਾ ਘੋਰ ਪਾਪ ਹੈ।’ ਰਾਸ਼ਟਰ ਪਿਤਾ ਦੀ ਤਸਵੀਰ ਹਟਾਏ ਜਾਣ ‘ਤੇ ਰੋਸ ਜ਼ਾਹਿਰ ਕਰਦਿਆਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, ‘ਮਹਾਨ ਚਿੰਨ੍ਹਾਂ ਚਰਖਾ ਤੇ ਮਹਾਤਮਾ ਗਾਂਧੀ ਦੀ ਜਗ੍ਹਾ ਹੁਣ ਮੋਦੀ ਬਾਬੂ ਨੇ ਲੈ ਲਈ ਹੈ। ਕੇਵੀਆਈਸੀ ਦੀ ਡਾਇਰੀ ਤੇ ਕੈਲੰਡਰ ‘ਤੇ ਮੋਦੀ ਨੇ ਮਹਾਤਮਾ ਗਾਂਧੀ ਦੀ ਜਗ੍ਹਾ ਲੈ ਲਈ ਹੈ। ਗਾਂਧੀ ਜੀ ਰਾਸ਼ਟਰ ਪਿਤਾ ਹਨ। ਮੋਦੀ ਜੀ ਕੀ ਹਨ?’
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …