ਬਰੈਂਪਟਨ/ਹਰਜੀਤ ਬੇਦੀ : ਪਿਛਲੇ ਚਾਰ ਸਾਲਾਂ ਤੋਂ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਨੂੰ ਸਮੇਂ ਸਮੇਂ ਆਉਂਦੀਆਂ ਮੁਸ਼ਕਲਾਂ ਦੇ ਹੱਲ ਲਈ ਹੋਂਦ ਵਿੱਚ ਆਈ ਪਰਵਾਸੀ ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਓਨਟਾਰੀਓ ਦਾ ਸਾਲਾਨਾ ਜਨਰਲ ਬਾਡੀ ਇਜਲਾਸ 30 ਸਤੰਬਰ ਦਿਨ ਐਤਵਾਰ 12:00 ਵਜੇ ਬਰੈਂਪਟਨ ਸ਼ਾਕਰ ਸੈਂਟਰ ਵਿਖੇ ਹੋਵੇਗਾ। ਇਹ ਸਥਾਨ ਡਿਕਸੀ ਅਤੇ ਸੈਂਡਲਵੁੱਡ ਦੇ ਇੰਟਰਸੈਕਸ਼ਨ ‘ਤੇ ਹੈ। ਇੱਥੇ ਪਹੁੰਚਣ ਲਈ ਬਰੈਂਪਟਨ ਟਰਾਂਜਿਟ ਦੀਆਂ 18 ਅਤੇ 23 ਬੱਸਾਂ ਉੱਪਲਭਦ ਹਨ। ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰੋ: ਜੰਗੀਰ ਸਿੰਘ ਕਾਹਲੋਂ ਮੁਤਾਬਕ ਇਹ ਫੈਸਲਾ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਬੜਿੰਗ ਅਤੇ ਡਾ: ਪਰਮਜੀਤ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ ਵਿਸ਼ੇਸ਼ ਮੀਟਿੰਗ ਵਿੱਚ ਕੀਤਾ ਗਿਆ। ਮੀਟਿੰਗ ਵਿੱਚ ਹੋਏ ਗੰਭੀਰ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਐਸੋਸੀਏਸ਼ਨ ਦੀਆਂ ਮੰਗਾਂ ਸਬੰਧਤ ਸਰਕਾਰਾਂ ਕੋਲ ਪੇਸ਼ ਕੀਤੀਆਂ ਜਾਣ।
ਇਹਨਾਂ ਮੰਗਾਂ ਦੇ ਸਬੰਧ ਵਿੱਚ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਗਈ ਹੈ ਕਿ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਤੁਰੰਤ ਲਾਗੂ ਕੀਤੀਆਂ ਜਾਣ। ਕੇਂਦਰ ਅਤੇ ਕਈ ਹੋਰ ਸੂਬਾਈ ਸਰਕਾਰਾਂ ਵਲੋਂ ਇਹ ਸਿਫਾਰਸ਼ਾਂ ਪਹਿਲਾਂ ਹੀ ਲਾਗੂ ਕੀਤੀਆਂ ਜਾ ਚੁੱਕੀਆਂ ਹਨ। ਇਸ ਤੋਂ ਬਿਨਾਂ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਦਾ ਫੌਰੀ ਭੁਗਤਾਨ ਕੀਤਾ ਜਾਵੇ। ਇਹ ਪੈਨਸ਼ਨਰ ਕੈਨੇਡਾ ਦੇ ਸੀਨੀਅਰ ਸਿਟੀਜਨਜ਼ ਵੀ ਹਨ। ਕੈਨੇਡਾ ਦੀ ਫੈਡਰਲ ਸਰਕਾਰ ਦੇ ਧਿਆਨ ਵਿੱਚ ਇਹ ਲਿਆਂਦਾ ਗਿਆ ਹੈ ਕਿ ਓਲਡ ਏਜ਼ ਸਕਿਊਰਿਟੀ ਦੀਆਂ ਦਰਾਂ ਕਈ ਦਹਾਕੇ ਪਹਿਲਾਂ ਨਿਸ਼ਚਤ ਕੀਤੀਆਂ ਗਈਆਂ ਸਨ ਜਦ ਘੱਟੋ ਘੱਟ ਉਜਰਤ ਅਤੇ ਮਹਿੰਗਾਈ ਬਹੁਤ ਘੱਟ ਹੁੰਦੀ ਸੀ। ਅੱਜ ਘਟੋ ਘੱਟ ਉਜਰਤ 14 ਡਾਲਰ ਪ੍ਰਤੀ ਘੰਟਾ ਹੈ ਅਤੇ ਜੀਵਨ ਨਿਰਬਾਹ ਦੇ ਖਰਚੇ ਵੀ ਬਹੁਤ ਵਧ ਗਏ ਹਨ ਇਸ ਲਈ ਓਲਡ ਏਜ਼ ਸਕਿਊਰਿਟੀ ਦੀ ਸੀਮਾ ਵਧਾਈ ਜਾਵੇ। ਇਸ ਸਮੇਂ ਸੀਨੀਅਰਜ਼ ਵਲੋਂ ਕੀਤੇ ਕੰਮ ਬਦਲੇ 3500 ਡਾਲਰ ਦੀ ਸਾਲਾਨਾ ਟੈਕਸ ਰੀਬੇਟ ਦਿੱਤੀ ਗਈ ਹੈ ਜੋ ਵਧੀਆਂ ਹੋਈਆਂ ਉਜਰਤਾਂ ਅਤੇ ਖਰਚਿਆਂ ਦੇ ਹਿਸਾਬ ਨਾਲ ਬਹੁਤ ਘੱਟ ਹੈ। ਇਸ ਲਈ ਇਹ ਸੀਮਾ ਵੀ ਵਧਾਈ ਜਾਣੀ ਚਾਹੀਦੀ ਹੈ। ਵਿਦੇਸ਼ੀ ਪ੍ਰਾਪਰਟੀ ਦੀ 1ਲੱਖ ਡਾਲਰ ਦੀ ਹੱਦ 40 ਸਾਲ ਪਹਿਲਾਂ ਮਿਥੀ ਗਈ ਸੀ ਜੋ ਵਧਾ ਕੇ 2 ਮਿਲੀਅਨ ਡਾਲਰ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਬਦੇਸ਼ੀ ਆਮਦਨ ਜਿੰਨਾਂ ਚਿਰ ਕੈਨੇਡਾ ਵਿੱਚ ਨਹੀਂ ਲਿਆਂਦੀ ਜਾਂਦੀ ਉਦੋਂ ਤੱਕ ਕੈਨੇਡਾ ਦੀ ਆਮਦਨ ਟੈਕਸ ਰਿਟਰਨ ਵਿੱਚ ਭਰਨ ਦੀ ਜਿੰਮੇਵਾਰੀ ਨਹੀਂ ਹੋਣੀ ਚਾਹੀਦੀ। ਜਦੋਂ ਕੋਈ ਕੈਨੇਡਾ ਦੀ ਨਾਗਰਿਕਤਾ ਪ੍ਰਾਪਤ ਵਿਅਕਤੀ 65 ਸਾਲ ਦੀ ਉਮਰ ਪ੍ਰਾਪਤ ਕਰ ਲੈਂਦਾ ਹੈ ਪਰ ਠਹਿਰ 10 ਸਾਲ ਤੋਂ ਘੱਟ ਹੁੰਦੀ ਹੈ ਤਾਂ ਉਸ ਨੂੰ ਚਾਰਟਰ ਆਫ ਰਾਈਟਸ ਮੁਤਾਬਕ ਕੈਨੇਡੀਅਨ ਨਾਗਰਿਕ ਵਾਲੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ। ਜਦੋਂ ਤੱਕ ਉਸ ਨੂੰ ਓਲਡ ਏਜ ਸਕਿਊਰਿਟੀ ਨਹੀਂ ਦਿੱਤੀ ਜਾਂਦੀ ਤਾਂ ਉਸ ਨੂੰ ਗੁਜਾਰਾ ਅਲਾਊਂਸ ਵਜੋਂ ਢੁਕਵੀਂ ਰਕਮ ਜਰੂਰ ਦਿੱਤੀ ਜਾਵੇ। ਸਰਕਾਰ ਤੋਂ ਮੰਗ ਹੈ ਕਿ 15% ਘਰ ਸੀਨੀਅਰਜ਼ ਲਈ ਬਣਾਏ ਜਾਣ ਤੇ ਇਹਨਾਂ ‘ਤੇ ਸਰਕਾਰ ਵਲੋਂ ਸਬਸਿਡੀ ਦਿੱਤੀ ਜਾਵੇ। ਸੀਨੀਅਰਜ਼ ਲਈ ਕਮਿਊਨਿਟੀ ਹਾਊਸ ਉਸਾਰੇ ਜਾਣ ਅਤੇ ਅਫੋਰਡੇਬਲ ਘਰਾਂ ਦੀ ਗਿਣਤੀ ਵਿੱਚ ਵਾਧਾਂ ਕੀਤਾ ਜਾਵੇ। ਸਾਰੇ ਸੀਨੀਅਰਜ਼ ਨੂੰ ਦੰਦਾਂ ਅਤੇ ਅੱਖਾਂ ਦੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾਵੇ।
ਸਿਟੀ ਤੋਂ ਇਹ ਮੰਗ ਕੀਤੀ ਗਈ ਹੈ ਕਿ ਬੱਸਾਂ ਦਾ ਸਾਲਾਨਾ ਪਾਸ 50 ਡਾਲਰ ਅਤੇ ਮਾਸਿਕ ਪਾਸ 13 ਡਾਲਰ ਦਾ ਬਣਾਇਆ ਜਾਵੇ। ਇੱਕ ਡਾਲਰ ਵਾਲੀ ਟਰਾਂਸਫਰ ਲਈ ਸਮਾਂ 8 ਘੰਟੇ ਕੀਤਾ ਜਾਵੇ।
ਪਾਰਕਾਂ ਵਿੱਚ ਸਥਾਈ ਵਾਸ਼-ਰੂਮ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਅਤੇ ਪੱਕੇ ਵਾਕ-ਵੇਅ ਬਣਾਏ ਜਾਣ।
ਪੰਜਾਬ ਸਰਕਾਰ ਦੇ ਸਾਰੇ ਪੈਨਸ਼ਨਰਾਂ ਨੂੰ ਬੇਨਤੀ ਹੈ ਕਿ ਜਦੋਂ ਪੈਨਸ਼ਨਰਾਂ ‘ਤੇ ਕੋਈ ਸੰਕਟ ਆਉਦਾ ਹੈ ਤਾਂ ਅਸੀਂ ਆਪਣੇ ਸੁਭਾਅ ਮੁਤਾਬਕ ਇਕਦਮ ਹਰਕਤ ਵਿੱਚ ਆਉਂਦੇ ਹਾਂ ਅਤੇ ਸਾਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਇਸ ਲਈ ਠੀਕ ਹਾਲਤਾਂ ਵਿੱਚ ਭਵਿੱਖ ਵਿੱਚ ਆ ਸਕਣ ਵਾਲੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰਖਦੇ ਅਤੇ ਏਕੇ ਦਾ ਸਬੂਤ ਦਿੰਦੇ ਹੋਏ ਓਨਟਾਰੀਓ ਪਰੋਵਿੰਸ ਵਿੱਚ ਰਹਿ ਰਹੇ ਪੰਜਾਬ ਸਰਕਾਰ ਦੇ ਸਾਰੇ ਪੈਨਸ਼ਨਰਾਂ ਨੂੰ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਅਤੇ ਸਾਲ 2018 ਦੀ 10 ਡਾਲਰ ਸਾਲਾਨਾ ਮੈਂਬਰਸ਼ਿੱਪ ਫੀਸ ਜਮ੍ਹਾਂ ਕਰਵਾਉਣ ਦੀ ਬੇਨਤੀ ਹੈ। ਵਧੇਰੇ ਜਾਣਕਾਰੀ ਲਈ ਪਰਮਜੀਤ ਸਿੰਘ ਢਿੱਲੋਂ 416-527-1040, ਪਰਮਜੀਤ ਬੜਿੰਗ 647-963-0331, ਜਗੀਰ ਸਿੰਘ ਕਾਹਲੋਂ 647-533-8297, ਬਲਦੇਵ ਸਿੰਘ ਬਰਾੜ 647-621-8413, ਤਾਰਾ ਸਿੰਘ ਗਰਚਾ 905 -794-2235, ਹਰੀ ਸਿੰਘ 647-515-4752, ਮਹਿੰਦਰ ਸਿੰਘ ਮੋਹੀ 416-659-1232 ਜਾਂ ਹਰਪਰੀਤ ਸਿੰਘ 702-937-7491 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …