Breaking News
Home / ਪੰਜਾਬ / ਸੁਮੇਧ ਸੈਣੀ ਕੋਲੋਂ ਐਸ.ਆਈ.ਟੀ. ਨੇ ਕੀਤੀ ਚਾਰ ਘੰਟੇ ਪੁੱਛਗਿੱਛ

ਸੁਮੇਧ ਸੈਣੀ ਕੋਲੋਂ ਐਸ.ਆਈ.ਟੀ. ਨੇ ਕੀਤੀ ਚਾਰ ਘੰਟੇ ਪੁੱਛਗਿੱਛ

ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਹਰੇਕ ਪਹਿਲੂ ‘ਤੇ ਕੀਤੇ ਸਵਾਲ
ਚੰਡੀਗੜ੍ਹ/ਬਿਊਰੋ ਨਿਊਜ਼ : ਬੇਅਦਬੀ ਮਾਮਲੇ ਨਾਲ ਜੁੜੇ ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਸੂਬੇ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਸਾਹਮਣੇ ਪੇਸ਼ ਹੋਏ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਏ.ਡੀ.ਜੀ.ਪੀ. ਐਲ. ਕੇ ਯਾਦਵ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਇਸ ਗੋਲੀਕਾਂਡ ਦੀ ਜਾਂਚ ‘ਚ ਜੁਟੀ ਹੋਈ ਹੈ, ਜਿਸ ਨੇ ਸੁਮੇਧ ਸੈਣੀ ਤੋਂ ਬੁੱਧਵਾਰ ਨੂੰ ਕਰੀਬ ਚਾਰ ਘੰਟੇ ਪੁੱਛਗਿੱਛ ਕੀਤੀ। ਜ਼ਿਕਰਯੋਗ ਹੈ ਕਿ ਜਿਸ ਵੇਲੇ ਇਹ ਗੋਲੀਕਾਂਡ ਵਾਪਰਿਆ ਸੀ ਉਸ ਵੇਲੇ ਸੁਮੇਧ ਸੈਣੀ ਪੰਜਾਬ ਦੇ ਡੀ.ਜੀ.ਪੀ. ਸਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਮੇਧ ਸੈਣੀ ਤੋਂ ਘਟਨਾ ਵਾਲੇ ਦਿਨ ਪ੍ਰਦਰਸ਼ਨਕਾਰੀਆਂ ‘ਤੇ ਗੋਲੀ ਚਲਾਉਣ ਸੰਬੰਧੀ ਸਵਾਲ ਕੀਤੇ ਗਏ। ਹਾਲਾਂਕਿ ਪੰਜਾਬ ਪੁਲਿਸ ਵਲੋਂ ਪੁੱਛਗਿੱਛ ਬਾਰੇ ਅਧਿਕਾਰਤ ਤੌਰ ‘ਤੇ ਕੁਝ ਵੀ ਖ਼ੁਲਾਸੇ ਨਹੀਂ ਕੀਤੇ ਪਰ ਦੱਸਿਆ ਜਾ ਰਿਹਾ ਹੈ ਕਿ ਐਸ.ਆਈ.ਟੀ. ਦੇ ਸਵਾਲ-ਜਵਾਬ ਗੋਲੀਕਾਂਡ ਨੂੰ ਲੈ ਕੇ ਉਨ੍ਹਾਂ ਦੀ ਅਤੇ ਸੰਬੰਧਤ ਹੋਰ ਅਧਿਕਾਰੀਆਂ ਦੀ ਭੂਮਿਕਾ ਦੇ ਆਲੇ-ਦੁਆਲੇ ਹੀ ਘੁੰਮਦੇ ਰਹੇ। ਉੱਚ ਪੱਧਰੀ ਸੂਤਰਾਂ ਅਨੁਸਾਰ ਐਸ.ਆਈ.ਟੀ. ਦੀ ਟੀਮ ਵਲੋਂ ਸੁਮੇਧ ਸੈਣੀ ਤੋਂ ਪੁੱਛਣ ਲਈ 55 ਤੋਂ 60 ਦੇ ਕਰੀਬ ਸਵਾਲ ਤਿਆਰ ਕੀਤੇ ਗਏ ਸਨ ਤੇ ਜ਼ਿਆਦਾਤਰ ਸਵਾਲਾਂ ਦੇ ਜਵਾਬ ‘ਚ ਸੁਮੇਧ ਸੈਣੀ ਨੇ ਕਿਹਾ ਕਿ ਮੈਂ ਇਨ੍ਹਾਂ ਸਵਾਲਾਂ ਦਾ ਜਵਾਬ ਪਹਿਲਾਂ ਵੀ ਕਈ ਵਾਰ ਦੇ ਚੁੱਕਾ ਹਾਂ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਨਾਲ ਪੁਰਾਣੇ ਸਵਾਲ-ਜਵਾਬ ਦੇ ਦਸਤਾਵੇਜ਼ ਲੈ ਕੇ ਬੈਠੇ ਹੋਏ ਸਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੁਮੇਧ ਸੈਣੀ ਨੂੰ ਪੁੱਛਗਿੱਛ ਲਈ 25 ਦਿਨ ਪਹਿਲਾਂ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਸ ਵੇਲੇ ਸੁਮੇਧ ਸੈਣੀ ਵਲੋਂ ਐਸ.ਆਈ.ਟੀ. ਤੋਂ ਤਿੰਨ ਹਫ਼ਤੇ ਦਾ ਸਮਾਂ ਮੰਗਿਆ ਗਿਆ ਸੀ ਜਿਸ ‘ਚ ਉਨ੍ਹਾਂ ਦਿੱਲੀ ਵਿਖੇ ਕਿਸੇ ਅਦਾਲਤੀ ਕੇਸ ਦਾ ਹਵਾਲਾ ਦੇ ਕੇ ਹਾਜ਼ਰ ਹੋਣ ‘ਚ ਅਸਮਰੱਥਾ ਜਤਾਈ ਸੀ। ਇਸ ਤੋਂ ਪਹਿਲਾਂ ਸੁਮੇਧ ਸੈਣੀ ਨੇ ਹਾਈਕੋਰਟ ‘ਚ ਅਪੀਲ ਦਾਇਰ ਕਰਕੇ ਇਸ ਕੇਸ ਨੂੰ ਕਿਸੇ ਕੇਂਦਰੀ ਏਜੰਸੀ ਨੂੰ ਤਬਦੀਲ ਕਰਨ ਦੀ ਮੰਗ ਕੀਤੀ ਗਈ ਸੀ ਪਰ ਹਾਈਕੋਰਟ ਨੇ ਇਹ ਅਪੀਲ ਖ਼ਾਰਜ ਕਰ ਦਿੱਤੀ ਸੀ।

Check Also

ਕੁਲਦੀਪ ਸਿੰਘ ਧਾਲੀਵਾਲ ਨੇ ਡੇਰਾ ਮੁਖੀ ਨੂੰ ਮਿਲੀ ਪੈਰੋਲ ਦਾ ਕੀਤਾ ਵਿਰੋਧ

ਭਾਜਪਾ ਰਾਮ ਰਹੀਮ ਨੂੰ ਪੈਰੋਲ ਦੇ ਕੇ ਸਿੱਖ ਜਜ਼ਬਾਤਾਂ ਨਾਲ ਖੇਡ ਰਹੀ ਹੈ : ਧਾਲੀਵਾਲ …