ਕਿਹਾ : ‘ਆਪ’ ਦਾ ਮਤਲਬ ਦੱਸਿਆ ਐਂਟੀ ਪੰਜਾਬ ਪਾਰਟੀ
ਚੰਡੀਗੜ੍ਹ/ਬਿਊਰੋ ਨਿਊਜ਼ : ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਚੰਡੀਗੜ੍ਹ ਵਿਚ ਇਕ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ’ਤੇ ਜਮ ਕੇ ਸਿਆਸੀ ਨਿਸ਼ਾਨੇ ਸਾਧੇ। ਇਸ ਮੌਕੇ ਉਨ੍ਹਾਂ ਅਰਵਿੰਦ ਕੇਜਰੀਵਾਲ ’ਤੇ ਤੰਜ ਕਸਦਿਆਂ ਸ਼ਾਇਰਾਨਾ ਅੰਦਾਜ਼ ’ਚ ਕਿਹਾ ‘ਜਿਸ ਕੋ ਪਸੰਦ ਨਾ ਆਇਆ ਦਿੱਲੀ ਸਰਕਾਰ ਕਾ ਤਾਜ, ਸਪਨਾ ਦੇਖੇ ਖਾਲਿਸਤਾਨ ਬਨਾਨੇ ਕਾ, ਕਰਨਾ ਚਾਹੇ ਰਾਜ’। ਉਨ੍ਹਾਂ ਕਿਹਾ ਸੱਤਾ ਹਾਸਲ ਕਰਨ ਦੀ ਲਾਲਸਾ ਲਈ ਜਿਸ ਤਰ੍ਹਾਂ ਦੇ ਮਨਸੂਬੇ ਅਰਵਿੰਦ ਕੇਜਰੀਵਾ ਦਿਲ ’ਚ ਪਾਲੀ ਬੈਠੇ ਹਨ ਉਹ ਪੰਜਾਬ ਅਤੇ ਦੇਸ਼ ਦੇ ਹਿਤ ’ਚ ਨਹੀਂ। ਕਿਉਂਕਿ ਆਮ ਆਦਮੀ ਦੇ ਸਾਬਕਾ ਆਗੂ ਕੁਮਾਰ ਵਿਸ਼ਵਾਸ ਵੱਲੋਂ ਕੇਜਰੀਵਾਲ ’ਤੇ ਕਈ ਗੰਭੀਰ ਆਰੋਪ ਲਗਾਏ ਗਏ ਹਨ।
ਉਨ੍ਹਾਂ ਭਗਵੰਤ ਮਾਨ ’ਤੇ ਤੰਜ ਕਸਦਿਆ ਕਿਹਾ ਕਿ ਉਨ੍ਹਾਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਉਹ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਣਗੇ ਪ੍ਰੰਤੂ ਮੈਨੂੰ ਲਗਦਾ ਹੈ ਕਿ ਭਗਵੰਤ ਮਾਨ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਬਲਕਿ ਪੰਜਾਬ ’ਚ ਨਸ਼ਾ ਮੁਫ਼ਤ ਕਰ ਦੇਣਗੇ। ਇਸ ਮੌਕੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਆਮ ਆਦਮੀ ਪਾਰਟੀ ’ਤੇ ਚੁਟਕੀ ਲੈਂਦਿਆਂ ਕਿਹਾ ਕਿ ‘ਆਪ’ ਦਾ ਮਤਲਬ ਹੀ ਐਂਟੀ ਪੰਜਾਬ ਪਾਰਟੀ ਹੈ। ਇਸ ਮੌਕੇ ਠਾਕੁਰ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੁੱਖ ਮੰਤਰੀ ਦੇ ਭਾਣਜੇ ’ਤੇ ਈਡੀ ਦੀ ਰੇਡ ਪਈ, ਜਿਸ ਕੋਲੋਂ ਕਰੋੜਾਂ ਰੁਪਏ ਬਰਾਮਦ ਹੋਏ ਪ੍ਰੰਤੂ ਮੁੱਖ ਮੰਤਰੀ ਕਹਿ ਰਹੇ ਹਨ ਕਿ ਉਨ੍ਹਾਂ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਜਦਕਿ ਇਹ ਸਿਰਫ਼ ਚੰਨੀ ਸਰਕਾਰ ਦੇ 111 ਦਿਨਾਂ ਦਾ ਕਮਾਲ ਹੈ।