3.2 C
Toronto
Monday, October 27, 2025
spot_img
Homeਪੰਜਾਬਕੋਟਕਪੂਰਾ ਗੋਲੀ ਕਾਂਡ ਮਾਮਲੇ ਦੀ ਫਾਈਲ ਅਦਾਲਤ ਨੇ ਕੀਤੀ ਬੰਦ

ਕੋਟਕਪੂਰਾ ਗੋਲੀ ਕਾਂਡ ਮਾਮਲੇ ਦੀ ਫਾਈਲ ਅਦਾਲਤ ਨੇ ਕੀਤੀ ਬੰਦ

ਬਹਿਬਲ ਗੋਲੀ ਕਾਂਡ ਮਾਮਲੇ ਦੀ ਸੁਣਵਾਈ 18 ਮਈ ਤੱਕ ਟਲੀ
ਫਰੀਦਕੋਟ/ਬਿਊਰੋ ਨਿਊਜ਼ : ਫਰੀਦਕੋਟ ਦੇ ਵਧੀਕ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਨੇ ਕੋਟਕਪੂਰਾ ਗੋਲੀ ਕਾਂਡ ਦੀ ਫਾਈਲ ਬੰਦ ਕਰ ਦਿੱਤੀ ਹੈ। ਅਦਾਲਤ ਦੇ ਇਸ ਫ਼ੈਸਲੇ ਨਾਲ ਇਸ ਗੋਲੀ ਕਾਂਡ ‘ਚ ਨਾਮਜ਼ਦ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਸਮੇਤ 7 ਅਧਿਕਾਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ 9 ਅਪਰੈਲ ਨੂੰ ਕੋਟਕਪੂਰਾ ਗੋਲੀ ਕਾਂਡ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਤਿਆਰ ਕੀਤੀਆਂ ਚਾਰ ਚਾਰਜਸ਼ੀਟਾਂ ਨੂੰ ਗੈਰ-ਕਾਨੂੰਨੀ ਐਲਾਨ ਦਿੱਤਾ ਸੀ। ਹਾਈਕੋਰਟ ਦੇ ਫ਼ੈਸਲੇ ਦੀ ਰੌਸ਼ਨੀ ਵਿੱਚ ਵਧੀਕ ਸੈਸ਼ਨ ਜੱਜ ਨੇ ਕੋਟਕਪੂਰਾ ਗੋਲੀ ਕਾਂਡ ‘ਚ ਨਾਮਜ਼ਦ ਸਾਰੇ ਮੁਲਜ਼ਮਾਂ ਨੂੰ ਹਾਲ ਦੀ ਘੜੀ ਆਜ਼ਾਦ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਵਿਸ਼ੇਸ਼ ਜਾਂਚ ਟੀਮ ਨੇ ਕੋਟਕਪੂਰਾ ਗੋਲੀ ਕਾਂਡ ‘ਚ 27 ਮਈ 2019 ਤੋਂ 18 ਜਨਵਰੀ 2021 ਤੱਕ ਕੁੱਲ ਚਾਰ ਚਲਾਨ ਅਦਾਲਤ ‘ਚ ਪੇਸ਼ ਕੀਤੇ ਸਨ ਅਤੇ ਇਸ ਕਾਂਡ ‘ਚ ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ, ਏਡੀਸੀਪੀ ਪਰਮਜੀਤ ਪੰਨੂੰ, ਐੱਸਪੀ ਬਲਜੀਤ ਸਿੰਘ, ਥਾਣਾ ਸਿਟੀ ਕੋਟਕਪੂਰਾ ਦੇ ਸਾਬਕਾ ਐੱਸਐੱਚਓ ਗੁਰਦੀਪ ਸਿੰਘ ਪੰਧੇਰ ਅਤੇ ਸਾਬਕਾ ਅਕਾਲੀ ਵਿਧਾਇਕ ਮੁਲਜ਼ਮ ਵਜੋਂ ਨਾਮਜ਼ਦ ਹੋਏ ਸਨ।
ਹੁਣ ਕੋਈ ਵੀ ਮੁਲਜ਼ਮ ਕੋਟਕਪੂਰਾ ਗੋਲੀ ਕਾਂਡ ਦੀ ਸੁਣਵਾਈ ਦੌਰਾਨ ਅਦਾਲਤ ‘ਚ ਪੇਸ਼ ਨਹੀਂ ਹੋਇਆ। ਮੁਲਜ਼ਮਾਂ ਦੇ ਵਕੀਲਾਂ ਨੇ ਕੇਸ ਬੰਦ ਕਰਨ ਦੀ ਮੰਗ ਕੀਤੀ ਸੀ ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ। ਹਾਲਾਂਕਿ ਸੁਣਵਾਈ ਦੌਰਾਨ ਪੰਜਾਬ ਸਰਕਾਰ ਦੇ ਵਕੀਲ ਅਤੇ ਵਿਸ਼ੇਸ਼ ਜਾਂਚ ਟੀਮ ਦੇ ਸੀਨੀਅਰ ਅਧਿਕਾਰੀ ਅਦਾਲਤ ‘ਚ ਹਾਜ਼ਰ ਸਨ।
ਅਦਾਲਤ ਨੇ ਬਹਿਬਲ ਗੋਲੀ ਕਾਂਡ ਦੀ ਸੁਣਵਾਈ 18 ਮਈ ਤੱਕ ਮੁਲਤਵੀ ਕਰ ਦਿੱਤੀ ਹੈ।
ਪੰਜਾਬ ਸਰਕਾਰ ਦੀ ਜਾਂਚ ਟੀਮ ਨੇ ਇਸ ਮਾਮਲੇ ‘ਚ ਦੋਸ਼ ਆਇਦ ਕਰਨ ਦੀ ਮੰਗ ਕੀਤੀ ਸੀ ਪਰ ਮੁਲਜ਼ਮਾਂ ਦੇ ਵਕੀਲਾਂ ਨੇ ਦੱਸਿਆ ਕਿ ਬਹਿਬਲ ਗੋਲੀ ਕਾਂਡ ਵਿੱਚ ਪੇਸ਼ ਕੀਤੇ ਗਏ ਚਾਰ ਚਲਾਨਾਂ ਨੂੰ ਹਾਈ ਕੋਰਟ ‘ਚ ਚੁਣੌਤੀ ਦਿੱਤੀ ਗਈ ਹੈ ਅਤੇ ਇਸ ਉੱਪਰ ਹਾਈਕੋਰਟ ਦਾ 13 ਮਈ ਨੂੰ ਕੋਈ ਫ਼ੈਸਲਾ ਆਉਣ ਦੀ ਸੰਭਾਵਨਾ ਹੈ ਜਿਸ ‘ਤੇ ਅਦਾਲਤ ਨੇ ਬਹਿਬਲ ਗੋਲੀ ਕਾਂਡ ਦੀ ਸੁਣਵਾਈ ਹੁਣ 18 ਮਈ ਨੂੰ ਨਿਸ਼ਚਿਤ ਕੀਤੀ ਹੈ। ਇਸ ਦਰਮਿਆਨ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਹਾਈਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਲਈ ਸੁਪਰੀਮ ਕੋਰਟ ਪਹੁੰਚ ਗਈ ਹੈ।

RELATED ARTICLES
POPULAR POSTS