
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਦਾ ਬਜਟ ਇਜਲਸ ਇਸੇ ਫਰਵਰੀ ਮਹੀਨੇ ਦੇ ਆਖਰੀ ਹਫਤੇ ਸ਼ੁਰੂ ਹੋਣ ਦਾ ਅਨੁਮਾਨ ਹੈ। ਪੰਜਾਬ ਸਰਕਾਰ ਤੇ ਪੰਜਾਬ ਵਿਧਾਨ ਸਭਾ ਸਕੱਤਰੇਤ ਨੇ ਬਜਟ ਇਜਲਾਸ ਬੁਲਾਉਣ ਸਬੰਧੀ ਤਿਆਰੀਆਂ ਸ਼ੁਰੂੁ ਕਰ ਦਿੱਤੀਆਂ ਹਨ। ਦੱਸਿਆ ਜਾਂਦਾ ਹੈ ਕਿ ਮੰਗਲਵਾਰ ਜਾਂ ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਜ਼ਾਰਤ ਦੀ ਮੀਟਿੰਗ ਬੁਲਾ ਕੇ ਇਜਲਾਸ ਬੁਲਾਉਣ ਦੇ ਮਤੇ ’ਤੇ ਰਸਮੀ ਮੋਹਰ ਲਾ ਸਕਦੇ ਹਨ। ਹਾਲਾਂਕਿ ਕਾਨੂੰਨੀ ਤੌਰ ’ਤੇ ਸੈਸ਼ਨ ਬਲਾਉਣ ਦੀ ਪ੍ਰਵਾਨਗੀ ਸੂਬੇ ਦੇ ਰਾਜਪਾਲ ਨੇ ਦੇਣੀ ਹੁੰਦੀ ਹੈ ਅਤੇ ਰਾਜਪਾਲ ਕੈਬਨਿਟ ਵੱਲੋਂ ਸੈਸ਼ਨ ਬਲਾਉਣ ਸਬੰਧੀ ਪਾਸ ਕੀਤੇ ਗਏ ਮਤੇ ਦੇ ਅਧਾਰ ’ਤੇ ਮਨਜ਼ੂਰੀ ਦਿੰਦਾ ਹੈ। ਸਾਲ ਦਾ ਪਹਿਲਾ ਵਿਧਾਨ ਸਭਾ ਸੈਸ਼ਨ ਹਮੇਸ਼ਾ ਸੂਬੇ ਦੇ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੁੰਦਾ ਹੈ। ਮਿਲੀ ਜਾਣਕਾਰੀ ਅਨੁਸਾਰ ਸੈਸ਼ਨ 26 ਜਾਂ 27 ਫਰਵਰੀ ਨੂੰ ਬੁਲਾਇਆ ਜਾ ਸਕਦਾ ਹੈ। ਭਾਰਤ ਵਿਚ ਹੋਣ ਵਾਲੀਆਂ ਸੰਸਦੀ ਚੋਣਾਂ ਦੇ ਮੱਦੇਨਜ਼ਰ ਬਜਟ ਸੈਸ਼ਨ ਲੰਬਾ ਨਾ ਹੋਣ ਦੀਆਂ ਸੰਭਾਵਨਾਵਾਂ ਹਨ ਕਿਉਂਕਿ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਮਾਰਚ ਦੇ ਪਹਿਲੇ ਹਫ਼ਤੇ ਦੇਸ਼ ’ਚ ਚੋਣ ਜ਼ਾਬਤਾ ਲੱਗ ਸਕਦਾ ਹੈ। ਇਸ ਤਰ੍ਹਾਂ ਸਿਆਸੀ ਪਾਰਟੀਆਂ ਦਾ ਰੁਝਾਨ ਸਿਆਸੀ ਸਰਗਰਮੀਆਂ ਵੱਲ ਵੱਧ ਜਾਵੇਗਾ।