2.8 C
Toronto
Tuesday, December 23, 2025
spot_img
Homeਪੰਜਾਬ'ਆਪ' ਵਿਧਾਇਕ ਕੁਲਵੰਤ ਸਿੰਘ ਕੋਲੋਂ ਈਡੀ ਨੇ ਮਨੀ ਲਾਂਡਰਿੰਗ ਦੇ ਮਾਮਲੇ 'ਚ...

‘ਆਪ’ ਵਿਧਾਇਕ ਕੁਲਵੰਤ ਸਿੰਘ ਕੋਲੋਂ ਈਡੀ ਨੇ ਮਨੀ ਲਾਂਡਰਿੰਗ ਦੇ ਮਾਮਲੇ ‘ਚ ਕੀਤੀ ਪੁੱਛਗਿੱਛ

ਜਲੰਧਰ ਦਫਤਰ ਵਿੱਚ ਪੇਸ਼ ਹੋਏ ਵਿਧਾਇਕ – 10 ਘੰਟੇ ਕੀਤੇ ਸਵਾਲ-ਜਵਾਬ
ਜਲੰਧਰ/ਬਿਊਰੋ ਨਿਊਜ਼ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਸਬੰਧੀ ਚੱਲ ਰਹੀ ਜਾਂਚ ਦੇ ਸਬੰਧ ਵਿੱਚ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਤੋਂ ਮੰਗਲਵਾਰ ਨੂੰ ਜਲੰਧਰ ਦਫ਼ਤਰ ਵਿੱਚ ਪੁੱਛ-ਪੜਤਾਲ ਕੀਤੀ। ਵਿਧਾਇਕ ਇਥੇ ਪਹਿਲੀ ਵਾਰ ਈਡੀ ਸਾਹਮਣੇ ਪੇਸ਼ ਹੋਏ ਹਨ।
ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਸਵੇਰੇ ਗਿਆਰਾਂ ਵਜੇ ਈਡੀ ਦਫਤਰ ਪੁੱਜੇ ਤੇ ਰਾਤ ਨੌਂ ਵਜੇ ਦੇ ਕਰੀਬ ਪੁੱਛ-ਪੜਤਾਲ ਖਤਮ ਹੋਈ।
ਸ਼ਰਾਬ ਕਾਰੋਬਾਰੀ ਅਕਸ਼ੈ ਛਾਬੜਾ ਖਿਲਾਫ ਨਾਰਕੋਟਿਕਸ ਕੰਟਰੋਲ ਬਿਊਰੋ ਜਾਂਚ ਕਰ ਰਿਹਾ ਹੈ ਜਿਸ ਦੇ ਤਾਰ ਮੁਹਾਲੀ ਸਥਿਤ ਰਿਐਲਟੀ ਕੰਪਨੀ ਜਨਤਾ ਲੈਂਡ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ (ਜੇਐੱਲਪੀਐੱਲ) ਨਾਲ ਜੁੜਨ ਤੋਂ ਬਾਅਦ ਕੁਲਵੰਤ ਸਿੰਘ ਈਡੀ ਦੇ ਰਾਡਾਰ ‘ਤੇ ਆ ਗਏ ਸਨ। ਜ਼ਿਕਰਯੋਗ ਹੈ ਕਿ ਕੁਲਵੰਤ ਸਿੰਘ ਇਸ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਹਨ। ਈਡੀ ਵੱਲੋਂ 31 ਅਕਤੂਬਰ ਨੂੰ ‘ਆਪ’ ਵਿਧਾਇਕਾਂ ਦੇ ਦਫ਼ਤਰਾਂ ਅਤੇ ਰਿਹਾਇਸ਼ੀ ਸਥਾਨਾਂ ‘ਤੇ ਛਾਪੇ ਮਾਰੇ ਗਏ ਸਨ ਤੇ ਈਡੀ ਨੂੰ ਕੁਝ ਅਪਰਾਧਿਕ ਦਸਤਾਵੇਜ਼ ਮਿਲੇ ਸਨ। ਈਡੀ ਨੇ ਉਨ੍ਹਾਂ ਦਾ ਮੋਬਾਈਲ ਵੀ ਜ਼ਬਤ ਕਰ ਲਿਆ ਸੀ।
ਈਡੀ ਦੇ ਅਧਿਕਾਰੀ, ਅਕਸ਼ੈ ਛਾਬੜਾ ਦੇ ਕਾਰੋਬਾਰ ਵਿੱਚ ਪਰਮਜੀਤ ਸਿੰਘ ਸਮੇਤ ਕੰਪਨੀ ਦੇ ਹੋਰ ਡਾਇਰੈਕਟਰਾਂ ਦੇ ਸਬੰਧਾਂ ਦੀ ਵੀ ਜਾਂਚ ਕਰ ਰਹੇ ਹਨ। ਕੁਲਵੰਤ ਸਿੰਘ ਨੂੰ ਅਜੇ ਤੱਕ ਇਸ ਕੇਸ ਵਿੱਚ ਮੁਲਜ਼ਮ ਨਹੀਂ ਬਣਾਇਆ ਗਿਆ ਹੈ।
ਦੱਸਣਾ ਬਣਦਾ ਹੈ ਕਿ ਇਹ ਛਾਪੇਮਾਰੀ ਲੁਧਿਆਣਾ, ਮੁਹਾਲੀ, ਚੰਡੀਗੜ੍ਹ, ਅੰਮ੍ਰਿਤਸਰ, ਜਲੰਧਰ ਅਤੇ ਗੰਗਾਨਗਰ ਸਮੇਤ 25 ਥਾਵਾਂ ‘ਤੇ ਕੀਤੀ ਗਈ ਸੀ। ਏਜੰਸੀ ਨੇ ਉਦੋਂ 4.5 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਸੀ। ਐੱਨਸੀਬੀ ਵੱਲੋਂ ਅਕਸ਼ੈ ਕੁਮਾਰ ਛਾਬੜਾ ਅਤੇ ਉਸ ਦੇ ਸਾਥੀਆਂ ਖਿਲਾਫ਼ ਐੱਨਡੀਪੀਐੱਸ ਐਕਟ 1985 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤੇ ਕੇਸ ਦੇ ਆਧਾਰ ‘ਤੇ ਜਾਂਚ ਸ਼ੁਰੂ ਕੀਤੀ ਗਈ ਸੀ। ਇਹ ਵੀ ਦੱਸਣਾ ਬਣਦਾ ਹੈ ਕਿ ਕੁਲਵੰਤ ਸਿੰਘ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ 254.68 ਕਰੋੜ ਰੁਪਏ ਦੀ ਜਾਇਦਾਦ ਐਲਾਨੀ ਸੀ ਤੇ ਉਹ ਸੂਬੇ ਦੇ ਸਭ ਤੋਂ ਅਮੀਰ ਉਮੀਦਵਾਰਾਂ ਵਿੱਚ ਸ਼ੁਮਾਰ ਸੀ। ਇਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਧਾਇਕ ਦੀ ਰੀਅਲ ਅਸਟੇਟ ਕੰਪਨੀ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕਿਹਾ ਸੀ ਕਿਉਂਕਿ ਇਸ ਦੇ ਦੋ ਪ੍ਰਾਜੈਕਟ ਕਥਿਤ ਤੌਰ ‘ਤੇ ਵਾਤਾਵਰਨ ਨਿਯਮਾਂ ਦੀ ਉਲੰਘਣਾ ਕਰਦੇ ਹਨ।

 

RELATED ARTICLES
POPULAR POSTS