Breaking News
Home / ਪੰਜਾਬ / ਮੋਗਾ ਰੈਲੀ : ਨਵਜੋਤ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ‘ਚ ਵਿਰੋਧੀਆਂ ਨੂੰ ਦਿੱਤਾ ਜਵਾਬ

ਮੋਗਾ ਰੈਲੀ : ਨਵਜੋਤ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ‘ਚ ਵਿਰੋਧੀਆਂ ਨੂੰ ਦਿੱਤਾ ਜਵਾਬ

”ਨਾ ਮੈਂ ਗਿਰਾ, ਨਾ ਮੇਰੀ ਉਮੀਦੋਂ ਕਾ ਮਿਆਰ ਗਿਰਾ, ਪਰ ਮੁਝੇ ਗਿਰਾਨੇ ਕੀ ਕੋਸ਼ਿਸ਼ ਕਰਨੇ ਮੇਂ ਹਰ ਸ਼ਖ਼ਸ ਬਾਰ ਬਾਰ ਗਿਰਾ”
ਮੋਗਾ/ਬਿਊਰੋ ਨਿਊਜ਼ : ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਬੀਤੀ 21 ਜਨਵਰੀ ਨੂੰ ਮੋਗਾ ਵਿੱਚ ‘ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ’ ਰੈਲੀ ਕਰਵਾਉਣ ਵਾਲੇ ਸਾਬਕਾ ਜ਼ਿਲ੍ਹਾ ਕਿਾਂਗਰਸ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਤੇ ਉਨ੍ਹਾਂ ਦੇ ਪੁੱਤਰ ਐਡਵੋਕੇਟ ਧਰਮਪਾਲ ਸਿੰਘ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰਨ ਦਾ ਮਾਮਲਾ ਭਖ਼ ਗਿਆ ਹੈ। ਨਵਜੋਤ ਸਿੰਘ ਸਿੱਧੂ ਨੇ ਉਕਤ ਆਗੂਆਂ ਨੂੰ ਮੁਅੱਤਲ ਕਰਨ ਖਿਲਾਫ ਵਿਰੋਧ ਜਤਾਉਂਦਿਆਂ ਆਪਣੇ ਟਵਿੱਟਰ ਅਕਾਊਂਟ ‘ਤੇ ਹਿੰਦੀ ਵਿੱਚ ਇੱਕ ਸ਼ੇਅਰ ਸਾਂਝਾ ਕਰਦਿਆਂ ਬਿਨਾਂ ਕਿਸੇ ਦਾ ਨਾਂ ਲਏ ਤਨਜ਼ ਕੱਸਿਆ ਹੈ। ਉਨ੍ਹਾਂ ਲਿਖਿਆ ਹੈ, ”ਨਾ ਮੈਂ ਗਿਰਾ, ਨਾ ਮੇਰੀ ਉਮੀਦੋਂ ਕਾ ਮਿਆਰ ਗਿਰਾ, ਪਰ ਮੁਝੇ ਗਿਰਾਨੇ ਕੀ ਕੋਸ਼ਿਸ਼ ਕਰਨੇ ਮੇਂ ਹਰ ਸ਼ਖ਼ਸ ਬਾਰ ਬਾਰ ਗਿਰਾ।”
ਪ੍ਰਾਪਤ ਜਾਣਕਾਰੀ ਅਨੁਸਾਰ ਸਿੱਧੂ ਸਮਰਥਕ ਸਾਬਕਾ ਵਿਧਾਇਕ ਨੇ ਫਰਵਰੀ ਮਹੀਨੇ ਵਿੱਚ ਬਾਘਾਪੁਰਾਣਾ ਵਿੱਚ ਰੈਲੀ ਦਾ ਐਲਾਨ ਕੀਤਾ ਹੋਇਆ ਹੈ। ਸਿੱਧੂ ਵੱਲੋਂ ਆਪਣੇ ਪੱਧਰ ‘ਤੇ ਕੀਤੀਆਂ ਜਾ ਰਹੀਆਂ ਇਹ ਰੈਲੀਆਂ ਪਾਰਟੀ ਆਗੂਆਂ ਲਈ ਚੁਣੌਤੀ ਬਣੀਆਂ ਹੋਈਆਂ ਹਨ। ਪਹਿਲੀ ਰੈਲੀ ਤੋਂ ਬਾਅਦ ਵੀ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਅਸਿੱਧੇ ਤੌਰ ‘ਤੇ ਚਿਤਾਵਨੀ ਜਾਰੀ ਕੀਤੀ ਸੀ ਤੇ ਹੁਣ ਮੋਗਾ ਵਿੱਚ ਹੋਈ ਦੂਜੀ ਰੈਲੀ ਮਗਰੋਂ ਉਕਤ ਆਗੂਆਂ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਮੋਗਾ ਰੈਲੀ ਵਿੱਚ ਸਾਬਕਾ ਮੰਤਰੀ ਲਾਲ ਸਿੰਘ, ਨਾਜਰ ਸਿੰਘ ਮਾਨਸ਼ਾਹੀਆ ਸਮੇਤ ਅੱਧੀ ਦਰਜਨ ਸਾਬਕਾ ਕਾਂਗਰਸੀ ਵਿਧਾਇਕ ਤੇ ਸਥਾਨਕ ਆਗੂ ਵੀ ਮੌਜੂਦ ਸਨ, ਪਰ ਇਨ੍ਹਾਂ ਖਿਲਾਫ ਪਾਰਟੀ ਹਾਈਕਮਾਂਡ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਮੰਨਿਆ ਜਾ ਰਿਹਾ ਹੈ ਕਿ ਰੈਲੀ ਦਾ ਪ੍ਰਬੰਧ ਕਰਵਾਉਣ ਵਾਲਿਆਂ ਖਿਲਾਫ ਕਾਰਵਾਈ ਕਰਕੇ ਬਾਘਾਪੁਰਾਣਾ ਵਿੱਚ ਕਰਵਾਈ ਜਾਣ ਵਾਲੀ ਰੈਲੀ ਦੇ ਪ੍ਰਬੰਧਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ। ਹਾਲਾਂਕਿ ਮੁਅੱਤਲ ਕੀਤੇ ਗਏ ਜ਼ਿਲ੍ਹਾ ਸਾਬਕਾ ਕਾਂਗਰਸ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇਹ ਰੈਲੀ ਨਵਜੋਤ ਸਿੱਧੂ ਵੱਲੋਂ ਕਰਵਾਈ ਗਈ ਸੀ।

 

Check Also

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸਿੱਖ ਆਗੂਆਂ ਨੇ ਲਿਖੀ ਚਿੱਠੀ

ਬੀਬੀ ਜਗੀਰ ਕੌਰ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰਨ ਦੀ ਕੀਤੀ ਮੰਗ ਅੰਮਿ੍ਰਤਸਰ/ਬਿਊਰੋ …