ਸੰਗਰੂਰ : ਪੰਜਾਬ ਸਰਕਾਰ ਵੱਲੋਂ ਸੁਨਾਮ ਤੋਂ ਲੌਂਗੋਵਾਲ (ਵਾਇਆ ਸ਼ੇਰੋਂ) ਜਾਣ ਵਾਲੀ ਸੜਕ ਦਾ ਨਾਮ ‘ਫ਼ਤਹਿਵੀਰ ਸਿੰਘ ਮਾਰਗ’ ਰੱਖਣ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਦੇ ਲੋਕ ਨਿਰਮਾਣ ਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਦੱਸਿਆ ਕਿ ਪਿੰਡ ਭਗਵਾਨਪੁਰਾ ਦੇ ਲੋਕਾਂ ਅਤੇ ਬੱਚੇ ਦੇ ਪਰਿਵਾਰ ਵੱਲੋਂ ਸੁਨਾਮ-ਸ਼ੇਰੋਂ ਕੈਂਚੀਆਂ ਤੋਂ ਸ਼ੇਰੋਂ-ਲੌਂਗੋਵਾਲ ਜਾਣ ਵਾਲੀ ਸੜਕ ਦਾ ਨਾਂ ‘ਫ਼ਤਹਿਵੀਰ ਸਿੰਘ’ ਦੇ ਨਾਮ ‘ਤੇ ਰੱਖਣ ਦੀ ਬੇਨਤੀ ਨੂੰ ਵਿਸ਼ੇਸ਼ ਕੇਸ ਵਜੋਂ ਲੈਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਵਾਨਗੀ ਦੇ ਦਿੱਤੀ ਹੈ। ਸੜਕ ਦੀ ਲੰਬਾਈ 11.83 ਕਿਲੋਮੀਟਰ ਹੈ ਅਤੇ ਇੱਕ ਅਦਰ ਡਿਸਟ੍ਰਿਕਟ ਰੋਡ (ਓਡੀਆਰ-01) ਹੈ ਜਿਸ ਨੂੰ ਸੀਆਰਐਫ ਸਕੀਮ ਤਹਿਤ 5.50 ਮੀਟਰ ਤੋਂ ਵਧਾ ਕੇ 7.0 ਮੀਟਰ ਤੱਕ ਚੌੜਾ ਕੀਤਾ ਜਾ ਰਿਹਾ ਹੈ। ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ, ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਗਰਗ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਅਤੇ ਦਮਨ ਥਿੰਦ ਬਾਜਵਾ ਸਮੇਤ ਫ਼ਤਹਿਵੀਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਸਿੰਗਲਾ ਅਨੁਸਾਰ ਪਰਿਵਾਰ ਵੱਲੋਂ ਇਸ ਸਬੰਧੀ ਲਿਖਤੀ ਬੇਨਤੀ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਕੋਲ ਪੁੱਜੀ ਸੀ।
Check Also
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤਿ੍ਰਪੁਰਾ ਅਤੇ ਮਿਜ਼ੋਰਮ ਦੇ ਰਾਜਪਾਲ
ਪਰਿਵਾਰ ਸਮੇਤ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਅੰਮਿ੍ਰਤਸਰ/ਬਿਊਰੋ ਨਿਊਜ਼ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ …