ਹਰਿਆਣੇ ਵਾਲੇ ਹੁਣ ਕਸ਼ਮੀਰ ਤੋਂ ਕੁੜੀਆਂ ਲਿਆ ਸਕਣਗੇ
ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਸ਼ਮੀਰੀ ਮਹਿਲਾਵਾਂ ਬਾਰੇ ਟਿੱਪਣੀ ਕਰ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਉਨ੍ਹਾਂ ਪਿਛਲੇ ਦਿਨੀਂ ਫਤਿਹਾਬਾਦ ਵਿੱਚ ਇਕ ਸਮਾਗਮ ਦੌਰਾਨ ਕਿਹਾ ਕਿ ਹੁਣ ਹਰਿਆਣਾ ਦੇ ਲੋਕ ਕਸ਼ਮੀਰ ਤੋਂ ਦੁਲਹਨ ਲਿਆ ਸਕਣਗੇ। ਉਨ੍ਹਾਂ ਦਾ ਇਸ਼ਾਰਾ ਕਸ਼ਮੀਰ ਵਿਚੋਂ ਧਾਰਾ 370 ਦੀਆਂ ਵਧੇਰੇ ਤਜਵੀਜ਼ਾਂ ਖਤਮ ਕੀਤੇ ਜਾਣ ਵੱਲ ਸੀ। ਖੱਟਰ ਨੇ ਕਿਹਾ ਕਿ ਜੇਕਰ ਕੁੜੀਆਂ ਦੀ ਮੁੰਡਿਆਂ ਨਾਲੋਂ ਘੱਟ ਹੋਵੇ ਤਾਂ ਮੁਸ਼ਕਲ ਹੋ ਸਕਦੀ ਹੈ। ਖੱਟਰ ਦੇ ਬਿਆਨ ‘ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਸਣੇ ਵੱਖ-ਵੱਖ ਨੇਤਾਵਾਂ ਅਤੇ ਵਰਗਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਰਾਹੁਲ ਗਾਂਧੀ ਨੇ ਖੱਟਰ ਦੇ ਬਿਆਨ ਨੂੰ ‘ਨਿਖੇਧੀਪੂਰਨ’ ਕਰਾਰ ਦਿੱਤਾ। ਉਨ੍ਹਾਂ ਟਵੀਟ ਕੀਤਾ, ”ਕਸ਼ਮੀਰੀ ਮਹਿਲਾਵਾਂ ਦੇ ਸਬੰਧ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਦੀ ਟਿੱਪਣੀ ਨਿਖੇਧੀਪੂਰਨ ਹੈ। ਇਹ ਦਰਸਾਉਂਦਾ ਹੈ ਕਿ ਆਰਐੱਸਐੱਸ ਦੀ ਵਰ੍ਹਿਆਂ ਦੀ ਟਰੇਨਿੰਗ ਇਕ ਕਮਜ਼ੋਰ, ਅਸੁਰੱਖਿਅਤ ਅਤੇ ਤਰਸਯੋਗ ਵਿਅਕਤੀ ਦੀ ਸੋਚ ਨੂੰ ਕਿਹੋ ਜਿਹਾ ਬਣਾ ਦਿੰਦੀ ਹੈ। ਚਾਰੇ ਪਾਸੇ ਹੋ ਰਹੀ ਨਿਖੇਧੀ ‘ਤੇ ਟਿੱਪਣੀ ਕਰਦਿਆਂ ਖੱਟਰ ਨੇ ਮੀਡੀਆ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਮੀਡੀਆ ਨੇ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ। ਉਨ੍ਹਾਂ ਟਵਿੱਟਰ ‘ਤੇ ਸਮਾਗਮ ਦੀ ਵੀਡੀਓ ਸ਼ੇਅਰ ਕਰਦਿਆਂ ਮੀਡੀਆ ‘ਤੇ ਦੋਸ਼ ਲਾਇਆ ਕਿ ਉਹ ਉਨ੍ਹਾਂ ਖਿਲਾਫ਼ ਗੁੰਮਰਾਹਕੁੰਨ ਅਤੇ ਤੱਥਹੀਣ ਮੁਹਿੰਮ ਚਲਾ ਰਿਹਾ ਹੈ।” ਉਨ੍ਹਾਂ ਕਿਹਾ, ”ਧੀਆਂ ਸਾਡਾ ਮਾਣ ਹਨ। ਪੂਰੇ ਮੁਲਕ ਦੀਆਂ ਧੀਆਂ ਸਾਡੀਆਂ ਧੀਆਂ ਹਨ। ਉਨ੍ਹਾਂ ਰਾਹੁਲ ‘ਤੇ ਹਮਲਾ ਕਰਦਿਆਂ ਉਸ ਨੂੰ ਅਜਿਹੀਆਂ ਖ਼ਬਰਾਂ ‘ਤੇ ਪ੍ਰਤੀਕਿਰਿਆ ਨਾ ਕਰਨ ਦੀ ਸਲਾਹ ਦਿੱਤੀ। ਦੂਜੇ ਪਾਸੇ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਕਿਹਾ ਕਿ ਉਹ ਕਸ਼ਮੀਰੀ ਮਹਿਲਾਵਾਂ ਬਾਰੇ ਟਿੱਪਣੀ ਸਬੰਧੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੋਂ ਸਪਸ਼ਟੀਕਰਨ ਮੰਗਣਗੇ। ਉਨ੍ਹਾਂ ਕਿਸੇ ਦਾ ਨਾਮ ਲਏ ਬਿਨਾ ਟਵੀਟ ਕੀਤਾ, ”ਕਿਉਂ ਉਨ੍ਹਾਂ ਦੀ ਸੋਚ ਔਰਤਾਂ ਅਤੇ ਉਨ੍ਹਾਂ ਦੀ ਦਿੱਖ ਅਤੇ ਰੰਗ ‘ਤੇ ਆ ਕੇ ਮੁੱਕ ਜਾਂਦੀ ਹੈ? ਕਿਵੇਂ ਉਹ ਆਪਣਾ ਵੱਡਾ ਮੂੰਹ ਖੋਲ੍ਹ ਕੇ ਮਹਿਲਾਵਾਂ ਬਾਰੇ ਅਜਿਹੀਆਂ ਮੂਰਖਤਾਪੂਰਨ ਟਿੱਪਣੀਆਂ ਕਰਦੇ ਹਨ?ਲੋਕ ਉਨ੍ਹਾਂ ਨੂੰ ਸੱਤਾ ‘ਤੇ ਕਿਉਂ ਬਿਠਾਉਂਦੇ ਹਨ? ਮੈਂ ਉਸ ਤੋਂ ਸਪਸ਼ਟੀਕਰਨ ਮੰਗਾਂਗੀ।”
ਮੇਰੀ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ : ਖੱਟਰ
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਉਨ੍ਹਾਂ ਦੀ ਟਿੱਪਣੀ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਟਵਿੱਟਰ ‘ਤੇ ਇਸ ਪ੍ਰੋਗਰਾਮ ਦੀ ਸਾਰੀ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਮੀਡੀਆ ਉਸ ਵਿਰੁੱਧ ਗੁੰਮਰਾਹਕੁੰਨ ਅਤੇ ਤੱਥਹੀਣ ਮੁਹਿੰਮ ਚਲਾ ਰਿਹਾ ਹੈ। ਖੱਟਰ ਨੇ ਕਿਹਾ ਕਿ ਧੀਆਂ ਸਾਡਾ ਮਾਣ ਹਨ, ਪੂਰੇ ਦੇਸ਼ ਦੀਆਂ ਬੇਟੀਆਂ ਸਾਡੀਆਂ ਵੀ ਬੇਟੀਆਂ ਹਨ।
ਕਸ਼ਮੀਰੀ ਮਹਿਲਾਵਾਂ ਬਾਰੇ ਟਿੱਪਣੀਆਂ ਦੀ ਦਮਦਮੀ ਟਕਸਾਲ ਵੱਲੋਂ ਨਿੰਦਾ
ਅੰਮ੍ਰਿਤਸਰ : ਕਸ਼ਮੀਰੀ ਮਹਿਲਾਵਾਂ ਬਾਰੇ ਇਤਰਾਜ਼ਯੋਗ ਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਵਾਲਿਆਂ ਦੀ ਸਖਤ ਆਲੋਚਨਾ ਕਰਦਿਆਂ ਦਮਦਮੀ ਟਕਸਾਲ ਨੇ ਆਖਿਆ ਕਿ ਧਾਰਾ 370 ਰੱਦ ਕੀਤੇ ਜਾਣ ਮਗਰੋਂ ਕਸ਼ਮੀਰ ਵਿੱਚ ਬਣੇ ਸੰਵੇਦਨਸ਼ੀਲ ਹਾਲਾਤ ਦੌਰਾਨ ਕਸ਼ਮੀਰੀ ਮਹਿਲਾਵਾਂ ਬਾਰੇ ਅਜਿਹੀਆਂ ਟਿੱਪਣੀਆਂ ਨਾਲ ਕੁੜੱਤਣ ਹੋਰ ਵਧੇਗੀ। ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਮਨੋਹਰ ਲਾਲ ਖੱਟਰ ਵੱਲੋਂ ਦਿੱਤੇ ਗਏ ਵਿਵਾਦਤ ਬਿਆਨ ਦੀ ਨਿਖੇਧੀ ਕਰਦਿਆਂ ਉਨ੍ਹਾਂ ਨੂੰ ਇਸ ਮਾਮਲੇ ‘ਚ ਜਨਤਕ ਮੁਆਫੀ ਮੰਗਣ ਲਈ ਕਿਹਾ ਹੈ।
Check Also
ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ 6 ਦਸੰਬਰ ਨੂੰ ਦਿੱਲੀ ਕੂਚ ਕਰਨਗੀਆਂ
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਸ਼ੰਭੂ ਬਾਰਡਰ ਤੋਂ …