ਪੁਲਿਸ ਨੇ ਡੇਢ ਦਰਜਨ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ
ਮੋਗਾ/ਬਿਊਰੋ ਨਿਊਜ਼ : ਫਰੀਦਕੋਟ ਰਾਖਵਾਂ ਹਲਕੇ ਤੋਂ ਭਾਜਪਾ ਉਮੀਦਵਾਰ ਅਦਾਕਾਰ ਹੰਸ ਰਾਜ ਹੰਸ ਨੂੰ ਕਿਸਾਨਾਂ ਦੇ ਰੋਹ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਭਾਜਪਾ ਉਮੀਦਵਾਰਾਂ ਦਾ ਪੰਜਾਬ ਵਿਚ ਵਿਰੋਧ ਕਰਕੇ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ। ਪਿੰਡ ਢੁੱਡੀਕੇ ਵਿਚ ਭਾਜਪਾ ਉਮੀਦਵਾਰ ਹੰਸ ਦਾ ਵਿਰੋਧ ਕਰਨ ਪੁੱਜੇ ਕਿਸਾਨਾਂ ਨੂੰ ਪੁਲਿਸ ਨੇ ਧੂਹ ਕੇ ਗੱਡੀਆਂ ‘ਚ ਸੁੱਟਿਆ ਤੇ ਥਾਣਾ ਅਜੀਤਵਾਲ ਵਿਚ ਬੰਦ ਕਰ ਦਿੱਤਾ। ਇੱਥੇ ਹੰਸ ਰਾਜ ਹੰਸ ਦੇ ਆਉਣ ਤੋਂ ਪਹਿਲਾਂ ਕਿਸਾਨਾਂ ਅਤੇ ਪੁਲਿਸ ਦਰਮਿਆਨ ਝੜਪਾਂ ਹੋਈਆਂ।
ਥਾਣਾ ਅਜੀਤਵਾਲ ਮੁਖੀ ਤੇ ਆਈਪੀਐੱਸ ਟਰੇਨੀ ਅਰਵਿੰਦ ਮੀਨਾ ਨੇ ਕਿਸਾਨਾਂ ਨੂੰ ਅਮਨ ਕਾਨੂੰਨ ਦੇ ਮੱਦੇਨਜ਼ਰ ਹਿਰਾਸਤ ਵਿਚ ਲੈਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਰਿਹਾਅ ਕੀਤਾ ਜਾ ਰਿਹਾ ਹੈ। ਇਥੇ ਕਿਸਾਨ ਜਥੇਬੰਦੀਆਂ ਨੂੰ ਜਦੋਂ ਪਤਾ ਲੱਗਾ ਕਿ ਭਾਜਪਾ ਉਮੀਦਵਾਰ ਹੰਸ ਰਾਜ ਹੰਸ, ਲਾਲਾ ਲਾਜਪਤ ਰਾਏ ਸਮਾਰਕ ਢੁੱਡੀਕੇ ਵਿਚ ਪਹੁੰਚ ਰਹੇ ਹਨ ਤਾਂ ਉਨ੍ਹਾਂ ਪਿੰਡ ਦੀ ਨਾਕਾਬੰਦੀ ਕਰ ਲਈ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਪਿੰਡ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ। ਕਿਸਾਨੀ ਰੋਹ ਕਾਰਨ ਹੰਸ ਰਾਜ ਹੰਸ ਆਪਣੇ ਨਿਰਧਾਰਤ ਸਮੇਂ ਤੋਂ ਕਰੀਬ 4 ਘੰਟੇ ਲੇਟ ਪੁੱਜੇ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਤੋਂ ਇਲਾਵਾ ਬੀਕੇਯੂ ਕ੍ਰਾਂਤੀਕਾਰੀ ਤੇ ਬੀਕੇਯੂ ਏਕਤਾ ਉਗਰਾਹਾਂ ਜਥੇਬੰਦੀ ਨਾਲ ਸਬੰਧਤ ਕਰੀਬ ਦੋ ਦਰਜਨ ਕਿਸਾਨਾਂ ਨੂੰ ਪੁਲਿਸ ਨੇ ਧੂਹ ਧੂਹ ਕੇ ਗੱਡੀਆਂ ਵਿਚ ਸੁੱਟ ਲਿਆ। ਇਸ ਮੌਕੇ ਕਿਸਾਨਾਂ ਨੇ ਕਾਲੇ ਝੰਡੇ ਦਿਖਾਏ।
ਬੀਕੇਯੂ ਕ੍ਰਾਂਤੀਕਾਰੀ ਆਗੂ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਸਮੇਤ 18 ਕਿਸਾਨਾਂ ਨੂੰ ਅਜੀਤਵਾਲ ਥਾਣੇ ਡੱਕ ਦਿੱਤਾ ਗਿਆ ਹੈ। ਇਸ ਮੌਕੇ ਬੀਕੇਯੂ ਏਕਤਾ ਉਗਰਾਹਾਂ ਆਗੂ ਬਲੌਰ ਸਿਘ ਘਾਲੀ, ਜਗਜੀਤ ਸਿੰਘ ਮੱਦੋਕੇ, ਇਕਬਾਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਾਲੇ ਤਕ ਕਿਸਾਨੀ ਮੰਗਾਂ ਨਹੀਂ ਮੰਨੀਆਂ ਜਿਸ ਕਾਰਨ ਰੋਸ ਵਧ ਰਿਹਾ ਹੈ।
ਕਿਸਾਨ ਹਿੰਸਕ ਨਾ ਹੋ ਕੇ ਆਪਣੀ ਗੱਲ ਜ਼ਰੂਰ ਕਰਨ : ਹੰਸ ਰਾਜ ਹੰਸ
ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਮੋਗਾ ਸ਼ਹਿਰ ਵਿਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਇਥੇ ਡੀਏਸੀ ਕੰਪਲੈਕਸ ਵਿਚ ਡਾ.ਬੀ ਆਰ ਅੰਬੇਡਕਰ ਦੇ ਬੁੱਤ ਉੱਤੇ ਫੁੱਲ ਅਰਪਣ ਕਰਕੇ ਸਿਜਦਾ ਕੀਤਾ। ਉਨ੍ਹਾਂ ਕਿਹਾ ਕਿ ਉਹ ਇੱਥੇ ਪਿਆਰ ਦਾ ਸੁਨੇਹਾ ਲੈ ਕੇ ਆਏ ਹਨ ਅਤੇ ਜੇਕਰ ਉਨ੍ਹਾਂ ਨੂੰ ਫਰੀਦਕੋਟ ਤੋਂ ਸਫਲਤਾ ਮਿਲਦੀ ਹੈ ਤਾਂ ਲੋਕ ਸਭਾ ਹਲਕਾ ਫਰੀਦਕੋਟ ਦੇ ਵਿਕਾਸ ਕਾਰਜਾਂ ਲਈ ਦਿਨ ਰਾਤ ਇੱਕ ਕਰ ਦੇਣਗੇ। ਉਨ੍ਹਾਂ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰਨ ‘ਤੇ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਲਈ ਆਵਾਜ਼ ਉਠਾ ਰਹੇ ਹਨ ਪਰ ਉਹ ਅਪੀਲ ਕਰਦੇ ਹਨ ਕਿ ਕਿਸਾਨ ਆਪਣੀ ਗੱਲ ਜ਼ਰੂਰ ਕਰਨ ਪਰ ਹਿੰਸਕ ਨਾ ਹੋਣ।