ਅਬੋਹਰ ਵਿਚ ਭੀਮ ਟਾਂਕ ਤੇ ਗੁਰਜੰਟ ਦੇ ਪਰਿਵਾਰ ਨੂੰ ਮਿਲੇ ‘ਆਪ’ ਕਨਵੀਨਰ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੌਰੇ ਦੇ ਦੂਜੇ ਦਿਨ ਕਿਹਾ ਕਿ ઠਸੱਤਾਧਾਰੀ ਸਿਆਸਤਦਾਨਾਂ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਨਸ਼ੇੜੀ ਬਣਨ ਅਤੇ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਭੁੱਲ ਕੇ ਸਿਆਸਤਦਾਨਾਂ ਦਾ ਹੁਕਮ ਵਜਾ ਰਹੀ ਹੈ। ਇਸ ਦੌਰਾਨ ਅਕਾਲੀ-ਭਾਜਪਾ ਅਤੇ ਯੂਥ ਕਾਂਗਰਸ ਦੇ ઠਵਰਕਰਾਂ ઠਨੇ ਕੇਜਰੀਵਾਲ ਦਾ ਵੱਖ-ਵੱਖ ਤਰੀਕਿਆਂ ਨਾਲ ਵਿਰੋਧ ਕੀਤਾ ਹੈ। ਕੇਜਰੀਵਾਲ ਅਬਹੋਰ ‘ਚ ਦਲਿਤ ਨੌਜਵਾਨ ਭੀਮ ਟਾਂਕ ਅਤੇ ਗੁਰਜੰਟ ਸਿੰਘ ਜੰਟਾ ਦੇ ਪਰਿਵਾਰ ਨੂੰ ਮਿਲੇ। ਦੱਸਣਯੋਗ ਹੈ ਕਿ ਭੀਮ ਟਾਂਕ ਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਸ ਦਾ ਸਾਥੀ ਗੁਰਜੰਟ ਸਿੰਘ ਜੰਟਾ ਅੰਮ੍ਰਿਤਸਰ ਵਿੱਚ ਜ਼ੇਰੇ ਇਲਾਜ ਹੈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਭੀਮ ਟਾਂਕ ਦੇ ਪਰਿਵਾਰ ਦੇ ਇੱਕ ਮੈਂਬਰ ਨੂੂੰ ਦਿੱਲੀ ਸਰਕਾਰ ਵੱਲੋਂ ਨੌਕਰੀ ਦੇਣ, ਗੁਰਜੰਟ ਸਿੰਘ ਨੂੰ ਅੰਮ੍ਰਿਤਸਰ ਤੋਂ ਦਿੱਲੀ ਲਿਜਾ ਕੇ ਮੁਫ਼ਤ ਇਲਾਜ ਕਰਵਾਉਣ ਅਤੇ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ‘ਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਦਾ ਐਲਾਨ ਕੀਤਾ। ਇਸ ਮੌਕੇ ਭੀਮ ਟਾਂਕ ਮਾਮਲੇ ‘ਤੇ ਬਣੀ ਐਕਸ਼ਨ ਕਮੇਟੀ ਦੇ ਮੁਖੀ ਗੋਪੀ ਚੰਦ ਟਾਂਕ ਨੇ ਦੋਸ਼ ਲਗਾਇਆ ਕਿ ਮੁਲਜ਼ਮ ਸ਼ਿਵ ਲਾਲ ਡੋਡਾ ਅਤੇ ਸਰਕਾਰੀ ਧਿਰ ਵੱਲੋਂ ਇੱਕ ਕਰੋੜ ਰੁਪਏ ਤੱਕ ਦਾ ਲਾਲਚ ਅਤੇ ਧਮਕੀਆਂ ਦੇ ਕੇ ਮਾਮਲਾ ਰਫ਼ਾ ਦਫ਼ਾ ਕਰਨ ਲਈ ਜ਼ੋਰ ਲਾਇਆ ઠਗਿਆ। ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪਿੰਡ ਪਾਕਾਂ ‘ਚ ਕਰੀਬ 35 ਖ਼ੁਦਕੁਸ਼ੀ ਪੀੜਤ ਪਰਿਵਾਰ ਹਨ ਪਰ ਕੇਜਰੀਵਾਲ ਇਨ੍ਹਾਂ ਪਰਿਵਾਰਾਂ ‘ਚੋਂ ਸਿਰਫ਼ ਇੱਕ ਪਰਿਵਾਰ ਨੂੰ ਹੀ ਮਿਲਣ ਵਿੱਚ ਸਫ਼ਲ ਹੋ ਸਕੇ, ਕਿਉਂਕਿ ਬਾਕੀ ਪਰਿਵਾਰਾਂ ਨੂੰ ਕਥਿਤ ਤੌਰ ‘ਤੇ ਅਕਾਲੀ ਆਗੂ ਘਰੋਂ ਕਿਤੇ ਬਾਹਰ ਲਿਜਾਣ ਵਿੱਚ ਸਫ਼ਲ ਰਹੇ। ਇਨ੍ਹਾਂ ਨੂੰ ਰਾਹਤ ਰਾਸ਼ੀ ਦੇਣ ਦਾ ਵਾਅਦਾ ਦਿੱਤਾ ਗਿਆ ਹੈ। ਇਸ ਮੌਕੇ ਯੂਥ ਕਾਂਗਰਸ ਤੇ ਵਰਕਰਾਂ ਨੇ ਕੇਜਰੀਵਾਲ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਕੇਜਰੀਵਾਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ
ਅੰਮ੍ਰਿਤਸਰ : ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣੀ ਪੰਜਾਬ ਫੇਰੀ ਦੌਰਾਨ ਚੌਥੇ ਦਿਨ ਵੀ ਜਿਥੇ ਹਰਿਆਣਾ ਵਿਚ ‘ਜਾਟ ਅੰਦੋਲਨ’ ਦੇ ਨਾਂ ‘ਤੇ ਮੂਰਥਲ, ਰੋਹਤਕ ਆਦਿ ਵਿਖੇ ਹੋਈ ਬੁਰਸ਼ਾਗਰਦੀ ਦਾ ਕੋਈ ਜ਼ਿਕਰ ਨਹੀਂ ਕੀਤਾ, ਉਥੇ ਪੱਤਰਕਾਰਾਂ ਵੱਲੋਂ ਇਸ ਸਬੰਧੀ ਪੁੱਛੇ ਜਾਣ ‘ਤੇ ਵੀ ਉਨ੍ਹਾਂ ਉਕਤ ਮੁੱਦੇ ‘ਤੇ ਮੌਨ ਰਹਿੰਦਿਆਂ ਪੰਜਾਬ ਵਿਚ ਖੇਤੀ ਦੀ ਬੇਕਦਰੀ ਤੇ ਨਸ਼ਿਆਂ ਦੇ ਪ੍ਰਚਲਨ ਜਿਹੇ ਮੁੱਦੇ ਹੀ ਪ੍ਰਮੁੱਖਤਾ ਨਾਲ ਪੇਸ਼ ਕੀਤੇ। ਕੇਜਰੀਵਾਲ ਜਲੰਧਰ ਤੇ ਬਟਾਲਾ ਵੱਲ ਰਵਾਨਾ ਹੋਣ ਤੋਂ ਪਹਿਲਾਂ ਸਵੇਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਦੇਸ਼ ਵਿਚੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਬਖਸ਼ਿਸ਼ ਮੰਗੀ। ਇਸ ਦੌਰਾਨ ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਮੱਥਾ ਟੇਕਿਆ। ਸ਼ਾਮ ਨੂੰ ਉਨ੍ਹਾਂ ਖੇਤਰ ਦੇ ਸਨਅਤਕਾਰਾਂ ਤੇ ਵਪਾਰੀਆਂ ਨਾਲ ਮੁਲਾਕਾਤ ਉਪਰੰਤ ਕਿਹਾ ਕਿ ਪੰਜਾਬ ਨੂੰ ਨਵੀਂ ਵਪਾਰਕ ਤੇ ਸਨਅਤੀ ਨੀਤੀ ਦੀ ਜ਼ਰੂਰਤ ਹੈ। ਇਸ ਮੌਕੇ ਸੰਸਦ ਮੈਂਬਰ ਭਗਵੰਤ ਮਾਨ ਤੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵੀ ਹਾਜ਼ਰ ਸਨ।
Check Also
ਸ਼ੋ੍ਮਣੀ ਅਕਾਲੀ ਦਲ ਨੇ ਲੁਧਿਆਣਾ ਪੱਛਮੀ ਤੋਂ ਪਰਉਪਕਾਰ ਸਿੰਘ ਘੁੰਮਣ ਨੂੰ ਬਣਾਇਆ ਉਮੀਦਵਾਰ
‘ਆਪ’ ਦੇ ਸੰਜੀਵ ਅਰੋੜਾ ਅਤੇ ਕਾਂਗਰਸ ਭਾਰਤ ਭੂਸ਼ਣ ਆਸ਼ੂ ਨਾਲ ਹੋਵੇਗਾ ਮੁਕਾਬਲਾ ਲੁਧਿਆਣਾ/ਬਿਊਰੋ ਨਿਊਜ਼ : …