-5.5 C
Toronto
Tuesday, February 3, 2026
spot_img
HomeਕੈਨੇਡਾFrontਕਲਾ ਭਵਨ ਦੇ ਵਿਹੜੇ ਸਜੀ ਨਿੱਘੀ ਕਾਵਿ ਮਹਿਫਲ

ਕਲਾ ਭਵਨ ਦੇ ਵਿਹੜੇ ਸਜੀ ਨਿੱਘੀ ਕਾਵਿ ਮਹਿਫਲ

ਚੰਡੀਗੜ੍ਹ,-ਮੋਹਾਲੀ ਖੇਤਰ ਦੇ ਨਾਮਵਰ ਕਵੀਆਂ ਦਾ ਲੋਕ ਮੰਚ ਪੰਜਾਬ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਕਰਵਾਇਆ ਕਵੀ ਦਰਬਾਰ

ਚੰਡੀਗੜ੍ਹ : ਲੋਕ ਮੰਚ ਪੰਜਾਬ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਇਕ ਨਿੱਘੀ ਕਾਵਿ ਮਹਿਫਲ ਪੰਜਾਬ ਕਲਾ ਭਵਨ ਵਿਖੇ ਸਜਾਈ ਗਈ। ਇਸ ਕਾਵਿ ਮਹਿਫਲ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਹੋਰਾਂ ਨੇ ਕੀਤੀ। ਮੁੱਖ ਮਹਿਮਾਨ ਵਜੋਂ ਡਾ. ਦੀਪਕ ਮਨਮੋਹਨ, ਵਿਸ਼ੇਸ਼ ਮਹਿਮਾਨ ਵਜੋਂ ਡਾ. ਮਨਮੋਹਨ ਨੇ ਸ਼ਿਰਕਤ ਕੀਤੀ ਜਦੋਂਕਿ ਪ੍ਰਧਾਨਗੀ ਮੰਡਲ ਵਿਚ ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ, ਸੀਨੀਅਰ ਮੀਤ ਪ੍ਰਧਾਨ ਡਾ. ਹਰਜਿੰਦਰ ਸਿੰਘ ਅਟਵਾਲ ਅਤੇ ਲਾਟ ਭਿੰਡਰ ਵੀ ਸ਼ਾਮਲ ਹੋਏ। ਸਭ ਤੋਂ ਪਹਿਲਾਂ ਲੋਕ ਮੰਚ ਪੰਜਾਬ ਦੇ ਚੇਅਰਮੈਨ ਡਾ. ਲਖਵਿੰਦਰ ਜੌਹਲ ਹੋਰਾਂ ਨੇ ਸਵਾਗਤੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਕਵਿਤਾ ਅਜੋਕੇ ਸਮੇਂ ਦੀ ਗਾਥਾ ਹੁੰਦੀ ਹੈ ਅਤੇ ਪੰਜਾਬੀ ਸਾਹਿਤ ਦੇ ਖੇਤਰ ਵਿਚ ਬੜੀ ਸਾਰਥਕ ਕਵਿਤਾ ਰਚੀ ਜਾ ਰਹੀ ਹੈ। ਉਨ੍ਹਾਂ ਮਹਿਮਾਨਾਂ ਦਾ ਸਵਾਗਤ ਵੀ ਫੁੱਲਾਂ ਨਾਲ ਵੀ ਕੀਤਾ।

ਸਮਾਗਮ ਦੇ ਮੁੱਖ ਮਹਿਮਾਨ ਡਾ. ਦੀਪਕ ਮਨਮੋਹਨ ਹੋਰਾਂ ਨੇ ਕਿਹਾ ਕਿ ਜਿਵੇਂ ਅੱਜ ਮੌਸਮ ਖਿੜਿਆ ਹੈ ਉਵੇਂ ਹੀ ਪੰਜਾਬੀ ਕਵਿਤਾ ਵੀ ਖੂਬ ਖਿੜ੍ਹ ਕੇ ਸਾਹਮਣੇ ਆਈ ਹੈ। ਸਾਰੇ ਕਵੀਆਂ ਨੂੰ ਵੱਖੋ-ਵੱਖ ਰੰਗਾਂ ਦੀਆਂ ਕਵਿਤਾਵਾਂ ਪੇਸ਼ ਕਰਨ ’ਤੇ ਵਧਾਈ ਦਿੰਦਿਆਂ ਡਾ. ਦੀਪਕ ਮਨਮੋਹਨ ਨੇ ਕਿਹਾ ਕਿ ਅੱਜ ਦੀ ਨਿੱਘੀ ਕਾਵਿ ਮਹਿਫ਼ਲ ਸਜਾਉਣ ਲਈ ਲੋਕ ਮੰਚ ਪੰਜਾਬ ਵਧਾਈ ਦਾ ਪਾਤਰ ਹੈ। ਪ੍ਰਧਾਨਗੀ ਮੰਡਲ ਸਜਾਉਣ ਦੀ ਰਸਮ ਪੂਰੀ ਕਰਦਿਆਂ ਮਹਿਮਾਨਾਂ ਨਾਲ, ਕਵੀਆਂ ਨਾਲ ਜਾਣ-ਪਹਿਚਾਣ ਦਾ ਕਾਰਜ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਹੋਰਾਂ ਨੇ ਨਿਭਾਉਂਦਿਆਂ ਕਾਵਿ ਮਹਿਫ਼ਲ ਚਲਾਉਣ ਲਈ ਦੀਪਕ ਸ਼ਰਮਾ ਚਨਾਰਥਲ ਨੂੰ ਮਾਈਕ ਸੌਂਪ ਦਿੱਤਾ।

ਵਿਸ਼ੇਸ਼ ਮਹਿਮਾਨ ਵਜੋਂ ਆਪਣੀ ਬੜੀ ਗਹਿਰੀ ਟਿੱਪਣੀ ਕਰਦਿਆਂ ਡਾ. ਮਨਮੋਹਨ ਨੇ ਕਿਹਾ ਕਿ ਕਵਿਤਾ ਸਮੇਂ ਦੀ ਅਵਾਜ਼ ਹੈ ਅਤੇ ਪੰਜਾਬੀ ਕਵਿਤਾ ਅੱਜ ਬਹੁਤ ਉਚੇ ਅਤੇ ਸੁੱਚੇ ਰਾਹ ਪੈ ਚੁੱਕੀ ਹੈ। ਸੁਰਿੰਦਰ ਸਿੰਘ ਸੁੰਨੜ ਹੋਰਾਂ ਨੇ ਵੀ ਇਸ ਬਾ-ਕਮਾਲ ਕਾਵਿ ਮਹਿਫ਼ਲ ਲਈ ਕਵੀਆਂ ਨੂੰ ਵਧਾਈ ਦਿੱਤੀ ਅਤੇ ਵਾਅਦਾ ਕੀਤਾ ਕਿ ਅਸੀਂ ਅਜਿਹੀਆਂ ਕਾਵਿ ਮਹਿਫਲਾਂ ਪੰਜਾਬ ਭਰ ’ਚ ਸਜਾਉਂਦੇ ਰਹਾਂਗੇ। ਪ੍ਰਧਾਨਗੀ ਟਿੱਪਣੀ ਕਰਦਿਆਂ ਦਰਸ਼ਨ ਬੁੱਟਰ ਹੋਰਾਂ ਨੇ ਆਖਿਆ ਕਿ ਪੰਜਾਬੀ ਕਲਮ ਬਹੁਤ ਤਕੜੀ ਅਤੇ ਬਹੁਤ ਸੱਚੀ ਵੀ, ਜਿਸ ਦਾ ਰੰਗ ਅੱਜ ਸਭ ਕਵੀਆਂ ਨੇ ਦਿਖਾਇਆ ਹੈ। ਇਸੇ ਤਰ੍ਹਾਂ ਕੈਨੇਡਾ ਤੋਂ ਉਚੇਚੇ ਤੌਰ ’ਤੇ ਪਹੁੰਚੇ ਲਾਟ ਭਿੰਡਰ ਹੋਰਾਂ ਨੇ ਵੀ ਇਸ ਕਾਵਿ ਮਹਿਫ਼ਲ ਦਾ ਆਨੰਦ ਉਠਾਉਣ ’ਤੇ ਆਖਿਆ ਕਿ ਕਵਿਤਾ ਸਾਨੂੰ ਜਿਊਣ ਜੋਗਾ ਕਰਦੀ ਹੈ।

ਇਸ ਕਾਵਿ ਮਹਿਫ਼ਲ ਦਾ ਆਗਾਜ਼ ਬਾਬੂ ਰਾਮ ਦੀਵਾਨਾ ਹੋਰਾਂ ਨੇ ਇਕ ਮਹਿਕ ਭਰਿਆ ਗੀਤ ਗਾ ਕੇ ਕੀਤਾ ਜਦੋਂਕਿ ਗੁਰਮਿੰਦਰ ਸਿੱਧੂ, ਲਖਵਿੰਦਰ ਜੌਹਲ, ਸੁਸ਼ੀਲ ਦੁਸਾਂਝ ਅਤੇ ਸੁਖਵਿੰਦਰ ਅੰਮਿ੍ਰਤ ਦੀ ਕਵਿਤਾ ਨੇ ਇਸ ਕਾਵਿ ਮਹਿਫ਼ਲ ਦਾ ਸਿਖਰ ਛੂਹਿਆ। ਸਿਰੀਰਾਮ ਅਰਸ਼, ਮਨਮੋਹਨ ਸਿੰਘ ਦਾਊਂ, ਦੀਪਕ ਸ਼ਰਮਾ ਚਨਾਰਥਲ, ਜਗਦੀਪ ਸਿੱਧੂ, ਗੁਰਨਾਮ ਕੰਵਰ, ਜੈਨਇੰਦਰ ਚੌਹਾਨ, ਕਾਹਨਾ ਸਿੰਘ, ਜਗਦੀਪ ਕੌਰ ਨੂਰਾਨੀ ਅਤੇ ਰਮਨ ਸੰਧੂ ਨੇ ਵੀ ਕਾਵਿ ਮਹਿਫ਼ਲ ਵਿਚ ਵਾਹ-ਵਾਈ ਦੇ ਨਾਲ ਖੂਬ ਤਾੜੀਆਂ ਲੁੱਟੀਆਂ।

ਨਰਿੰਦਰ ਨਸਰੀਨ, ਬਲਕਾਰ ਸਿੱਧੂ, ਡਾ. ਲਾਭ ਸਿੰਘ ਖੀਵਾ, ਸੁਰਿੰਦਰ ਗਿੱਲ, ਹਰਵਿੰਦਰ ਸਿੰਘ, ਮਲਕੀਅਤ ਬਸਰਾ ਤੇ ਹਰਬੰਸ ਕੌਰ ਗਿੱਲ ਹੋਰਾਂ ਦੀਆਂ ਕਵਿਤਾਵਾਂ, ਨਜ਼ਮਾਂ ਨੇ ਵੀ ਮਹਿਫਲ ਵਿਚ ਸਰੋਤਿਆਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕੀਤਾ। ਜਦੋਂਕਿ ਪ੍ਰਧਾਨਗੀ ਮੰਡਲ ’ਚ ਸ਼ਾਮਲ ਡਾ. ਮਨਮੋਹਨ ਤੇ ਸ਼ੋ੍ਰਮਣੀ ਸ਼ਾਇਰ ਦਰਸ਼ਨ ਬੁੱਟਰ ਹੋਰਾਂ ਨੇ ਵੀ ਆਪੋ-ਆਪਣੀਆਂ ਨਜ਼ਮਾਂ ਅਤੇ ਕਵਿਤਾਵਾਂ ਪੇਸ਼ ਕਰਕੇ ਜਿੱਥੇ ਸਰੋਤਿਆਂ ਨੂੰ ਕੀਲ ਦਿੱਤਾ ਉਥੇ ਹੀ ਉਨ੍ਹਾਂ ਨੂੰ ਸੋਚਣ, ਵਿਚਾਰਨ ਅਤੇ ਆਪਣੇ ਅੰਦਰ ਝਾਤ ਮਾਰਨ ਸੁਨੇਹਾ ਵੀ ਦਿੱਤਾ। ਅਖੀਰ ਵਿਚ ਲੋਕ ਮੰਚ ਪੰਜਾਬ ਸੀਨੀਅਰ ਮੀਤ ਪ੍ਰਧਾਨ ਡਾ. ਹਰਜਿੰਦਰ ਸਿੰਘ ਅਟਵਾਲ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕ ਮੰਚ ਪੰਜਾਬ ਲਖਵਿੰਦਰ ਜੌਹਲ ਅਤੇ ਸੁਰਿੰਦਰ ਸੁੰਨੜ ਦੀ ਅਗਵਾਈ ਹੇਠ ਕੇਂਦਰ ਪੰਜਾਬੀ ਲੇਖਕ ਸਭਾ ਨਾਲ ਮਿਲਕੇ ਅਜਿਹੀਆਂ ਸਾਹਿਤਕ ਸਭਾਵਾਂ ਦਾ ਆਯੋਜਨ ਕਰਦਾ ਰਹੇਗਾ।

ਇਸ ਮੌਕੇ ਡਾ. ਸ਼ਿੰਦਰਪਾਲ, ਦਵਿੰਦਰ ਦਮਨ, ਜਸਵੰਤ ਦਮਨ, ਅਮਰਪਾਲ ਸਿੰਘ, ਹਰਮਿੰਦਰ ਸਿੰਘ ਕਾਲੜਾ, ਮਨਜੀਤ ਕੌਰ ਮੀਤ, ਡਾ. ਅਵਤਾਰ ਸਿੰਘ ਪਤੰਗ, ਪਾਲ ਅਜਨਬੀ, ਸੀਮਾ ਗੁਪਤਾ, ਸੰਜੀਵਨ ਸਿੰਘ, ਭੁਪਿੰਦਰ ਮਲਿਕ, ਸੁਖਪਾਲ ਸਿੰਘ , ਭਗਤ ਰਾਮ ਰੰਘਾੜਾ ਅਤੇ ਊਸ਼ਾ ਕੰਵਰ ਸਣੇ ਵੱਡੀ ਗਿਣਤੀ ਵਿਚ ਲੇਖਕ, ਕਵੀ ਅਤੇ ਸਰੋਤੇ ਮੌਜੂਦ ਸਨ।

RELATED ARTICLES
POPULAR POSTS