
ਏਡੀਆਰ ਦੀ ਰਿਪੋਰਟ ਮੁਤਾਬਕ ਇਸਦਾ ਕਾਰਨ ਸੱਤਾ ਜਾਂ ਪੈਸੇ ਦੀ ਲਾਲਸਾ ਵੀ ਸੀ
ਲੋਕ ਸਭਾ ਦੇ 26, ਰਾਜ ਸਭਾ ਦੇ 7 ਅਤੇ ਵਿਧਾਨ ਸਭਾਵਾਂ ਦੇ 78 ਮੈਂਬਰਾਂ ਨੇ ਪਾਲਾ ਬਦਲਿਆ
ਅਮਰਜੀਤ ਸਿੰਘ
24 ਸਿਤੰਬਰ, 2026
‘ਹਮੇਸ਼ਾ ਵਾਂਗ ‘ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼’ (ਏਡੀਆਰ) ਅਤੇ ‘ਨੈਸ਼ਨਲ ਇਲੈਕਸ਼ਨ ਵਾਚ’ (ਐਨਈਡਬਲਯੂ) ਨੇ ਰਾਜਨੀਤਿਕ ਸਰੋਕਾਰ ਤੇ ਇੱਕ ਨਵਾਂ ਖ਼ੁਲਾਸਾ ਕੀਤਾ ਹੈ। ਇਸ ਵਾਰ ਉਨ੍ਹਾਂ ਦੱਸਿਆ ਹੈ ਕਿ ਰਾਜਨੀਤਿਕ ਲੋਕ, ਚੋਣਾਂ ਜਿੱਤਣ ਦੇ ਬਾਵਜੂਦ, ਕਿਸੇ ਲਾਲਚਵਸ ਪਾਰਟੀ ਬਦਲ ਲੈਂਦੇ ਹਨ। ਇਸ ਕਾਰਵਾਈ ਤੇ ਕ਼ਾਨੂਨ ਵੀ ਕਦੇ ਕਦਾਈਂ ਮਜ਼ਬੂਰ ਦਿਸਦਾ ਹੈ। ਹੁਣ ਇਸਨੂੰ ਮੌਕਾਪ੍ਰਸਤੀ ਘੱਟ ਅਤੇ ਰਿਵਾਜ਼ ਵੱਧ ਕਿਹਾ ਜਾਂਦਾ ਹੈ।
ਇਸਨੂੰ ਲੈਕੇ ਏਡੀਆਰ ਨੇ 111 ਮੌਜੂਦਾ ਸੰਸਦ ਮੈਂਬਰਾਂ (ਐਮ ਪੀ) ਅਤੇ ਵਿਧਾਨ ਸਭਾ ਮੈਂਬਰਾਂ (ਐਮਐਲਏ) ਦੀਆਂ ਕਾਰਗੁਜ਼ਾਰੀਆਂ ਦਾ ਵਿਸ਼ਲੇਸ਼ਣ ਕੀਤਾ ਹੈ ਜਿਨ੍ਹਾਂ ਨੇ ਲੋਕ ਸਭਾ, ਰਾਜ ਸਭਾ ਅਤੇ ਰਾਜ ਵਿਧਾਨ ਸਭਾਵਾਂ ਲਈ ਚੁਣੇ ਜਾਣ ਤੋਂ ਬਾਅਦ ਆਪਣੀਆਂ ਪਾਰਟੀਆਂ ਬਦਲੀਆਂ। ਇਹ ਵਿਸ਼ਲੇਸ਼ਣ 2022 ਅਤੇ 2026 ਦੇ ਵਿਚਕਾਰ ਹੋਈਆਂ ਚੋਣਾਂ ਅਤੇ ਇਸ ਮਿਆਦ ਦੌਰਾਨ ਕਰਵਾਈਆਂ ਗਈਆਂ ਜ਼ਿਮਨੀ ਚੋਣਾਂ ‘ਤੇ ਅਧਾਰਤ ਹੈ।
ਏਡੀਆਰ ਮੁਤਾਬਿਕ ਮੁੱਲਾਂ ਤੇ ਅਧਾਰਿਤ ਰਾਜਨੀਤੀ ਦੀ ਅਣਹੋਂਦ, ਪੈਸੇ ਅਤੇ ਸੱਤਾ ਦੀ ਲਾਲਸਾ, ਪੈਸੇ ਅਤੇ ਤਾਕਤ ਦਰਮਿਆਨ ਮਜ਼ਬੂਤ ਗੱਠਜੋੜ, ਅਹੁਦੇ ਦਾ ਲਾਲਚ, ਕਾਬਲ, ਇਮਾਨਦਾਰ ਅਤੇ ਭਰੋਸੇਯੋਗ ਨੇਤਾਵਾਂ ਦੀ ਘਾਟ ਅਤੇ ਸਿਆਸੀ ਪਾਰਟੀਆਂ ਦੇ ਕੰਮਕਾਜ ਬਾਰੇ ਕਾਨੂੰਨਾਂ ਦੀ ਘਾਟ ਜਾਂ ਚੁੱਪੀ ਵੀ ਦਲ ਬਦਲਣ ਦਾ ਮੁੱਖ ਕਾਰਨ ਹੋ ਸਕਦੇ ਹਨ। ਲੰਮੇ ਸਮੇਂ ਤੋਂ ਰਾਜਨੀਤਿਕ ਵਿਸ਼ਲੇਸ਼ਣ ਕਰਦੀ ਆ ਰਹੀ ਇਸ ਸੰਸਥਾ ਤੇ ਆਮ ਲੋਕਾਂ ਨੂੰ ਵੀ ਇੰਨਾ ਵਿਸ਼ਵਾਸ਼ ਹੈ ਕਿ ਕਿਸੇ ਮਾਮਲੇ ਦੇ ਕਿਸੇ ਕਾਰਨ ਸੁਪ੍ਰੀਮ ਕੋਰਟ ਤੱਕ ਚਲੇ ਜਾਣ ਤੇ ਵੀ ਏਡੀਆਰ ਦੀ ਖੋਜ ਦਾ ਉਦਾਹਰਣ ਦਿੱਤਾ ਜਾਂਦਾ ਹੈ ਤੇ ਕੋਰਟ ਇਹਨਾਂ ਦੀ ਖੋਜ ਨੂੰ ਪ੍ਰਵਾਨ ਵੀ ਕਰਦੀ ਹੈ।
ਏਡੀਆਰ ਨੇ ਇਸ ਵਿਸ਼ਲੇਸ਼ਣ ਦੇ ਉਦੇਸ਼ ਲਈ, ਚੁਣੇ ਜਾਣ ਤੋਂ ਬਾਅਦ ਸਿਆਸੀ ਪਾਰਟੀਆਂ ਬਦਲਣ ਵਾਲੇ ਮੌਜੂਦਾ ਸੰਸਦ ਮੈਂਬਰਾਂ ਅਤੇ ਵਿਧਾਨ ਸਭਾ ਮੈਂਬਰਾਂ ਦੇ 111 ਮਾਮਲਿਆਂ ਨੂੰ, ਪਾਰਟੀ ਬਦਲਣ ਦੀ ਪ੍ਰਕਿਰਤੀ ਅਤੇ ਤਰੀਕੇ ਦੇ ਅਧਾਰ ‘ਤੇ ਚਾਰ ਵੱਖ-ਵੱਖ ਸ਼੍ਰੇਣੀਆਂ ਵਿੱਚ ਧਿਆਨ ਨਾਲ ਵੰਡਿਆ ਹੈ। ਜਿਵੇਂ ਕਿ ਕਿਸੇ ਵਿਅਕਤੀ ਨੇ ਜਿੱਤਣ ਤੋਂ ਬਾਅਦ ਨਿਜੀ ਤੌਰ ਤੇ ਪਾਰਟੀ ਤੋਂ ਅਸਤੀਫਾ ਦੇ ਕੇ ਦੂਜੀ ਪਾਰਟੀ ਦੀ ਬਾਂਹ ਫੜ ਲਈ, ਇਹ ਵਿਅਕਤੀਗਤ ਕਾਰਨ ਹੋ ਸਕਦਾ ਹੈ।
ਕਦੇ ਕਦਾਈਂ ਜਿੱਥੇ ਮੂਲ ਪਾਰਟੀ (ਜਾਂ ਇਸਦੇ ਵਿਧਾਨਕ ਹਿੱਸੇ ਦਾ ਇੱਕ ਵੱਡਾ ਹਿੱਸਾ) ਰਸਮੀ ਤੌਰ ‘ਤੇ ਕਿਸੇ ਹੋਰ ਸਿਆਸੀ ਪਾਰਟੀ ਵਿੱਚ ਰਲ ਗਈ, ਤਾਂ ਵੀ ਦਲ ਬਦਲ ਹੋ ਜਾਂਦਾ ਹੈ। ਇਹ ਵੀ ਹੁੰਦਾ ਹੈ ਕਿ ਕਿਸੇ ਮੈਂਬਰ ਨੇ ਪਹਿਲਾਂ ਵਿਧਾਨ ਸਭਾ ਜਾਂ ਸੰਸਦ ਤੋਂ ਅਸਤੀਫ਼ਾ ਦਿੱਤਾ, ਨਵੀਂ ਪਾਰਟੀ ਵਿੱਚ ਸ਼ਾਮਲ ਹੋਇਆ, ਅਤੇ ਬਾਅਦ ਵਿੱਚ ਜ਼ਿਮਨੀ ਚੋਣ ਲੜੀ ਅਤੇ ਜਿੱਤੀ, ਇਹ ਵੀ ਦਲ ਬਦਲਣਾ ਹੁੰਦਾ ਹੈ। ਇੱਕ ਹੋਰ ਉਦਾਹਰਣ, ਜਿੱਥੇ ਮੈਂਬਰ ਨੂੰ ਸੰਵਿਧਾਨ ਦੀ ਦਸਵੀਂ ਅਨੁਸੂਚੀ ਦੇ ਤਹਿਤ ਅਯੋਗ ਕਰਾਰ ਦਿੱਤਾ ਗਿਆ ਸੀ, ਬਾਅਦ ਵਿੱਚ ਉਹ ਦੂਜੀ ਪਾਰਟੀ ਵਿੱਚ ਸ਼ਾਮਲ ਹੋਇਆ ਅਤੇ ਜ਼ਿਮਨੀ ਚੋਣ ਰਾਹੀਂ ਸੀਟ ਦੁਬਾਰਾ ਜਿੱਤੀ। ਇਹ ਸਾਰੇ ਉਦਾਹਰਣ ਪਾਰਟੀ ਬਦਲਣ ਦੇ ਹੀ ਹਨ।
ਇਹ ਜਾਣਕਾਰੀ ਚੋਣਾਂ ਦੇ ਲਿਹਾਜ਼ ਨਾਲ ਪਾਰਟੀ ਬਦਲਣ ਵਾਲੇ ਉਨ੍ਹਾਂ ਮੌਜੂਦਾ ਸੰਸਦ ਮੈਂਬਰ ਅਤੇ ਵਿਧਾਨ ਸਭਾ ਮੈਂਬਰਸ ਬਾਰੇ ਹੈ ਜਿਨ੍ਹਾਂ ਨੇ 12 ਜੁਲਾਈ 2026 ਤੱਕ ਆਪਣੀ ਪਾਰਟੀ ਬਦਲੀ ਹੈ। ਮੌਜੂਦਾ ਲੋਕ ਸਭਾ, ਰਾਜ ਸਭਾ ਅਤੇ ਰਾਜ ਵਿਧਾਨ ਸਭਾਵਾਂ ਲਈ ਚੁਣੇ ਜਾਣ ਤੋਂ ਬਾਅਦ ਕੁੱਲ 111 ਮੌਜੂਦਾ ਸੰਸਦ ਜਾਂ ਵਿਧਾਨ ਸਭਾ ਮੈਂਬਰਾਂ ਨੇ ਆਪਣੀਆਂ ਸਿਆਸੀ ਪਾਰਟੀਆਂ ਬਦਲੀਆਂ। ਇਨ੍ਹਾਂ ਵਿੱਚੋਂ 26 ਲੋਕ ਸਭਾ ਮੈਂਬਰ, 7 ਰਾਜ ਸਭਾ ਮੈਂਬਰ ਅਤੇ 78 ਵਿਧਾਨ ਸਭਾ ਮੈਂਬਰ ਸਨ।
ਥੋੜਾ ਹੋਰ ਵਿਸਥਾਰ ਵਿੱਚ ਜਾਇਏ ਤਾਂ ਸਿਆਸੀ ਪਾਰਟੀਆਂ ਬਦਲਣ ਵਾਲੇ ਸੰਸਦ ਮੈਂਬਰਾਂ ਅਤੇ ਵਿਧਾਨ ਸਭਾ ਮੈਂਬਰਾਂ ਦਾ ਪਾਰਟੀ-ਵਾਰ ਹਿੱਸਾ ਕੁੱਝ ਤਰ੍ਹਾਂ ਹੈ। ਪਾਰਟੀ ਬਦਲਣ ਵਾਲੇ ਨੁਮਾਇੰਦਿਆਂ ਦੀ ਸਭ ਤੋਂ ਵੱਧ ਗਿਣਤੀ ਨੈਸ਼ਨਲ ਡੇਮੋਕ੍ਰੇਟਿਕ ਪ੍ਰੋਗਰੈਸਿਵ ਪਾਰਟੀ ਦੀ ਹੈ ਜਿਨ੍ਹਾਂ ਦੇ 23 ਫੀਸਦੀ ਮੈਂਬਰਾਂ ਨੇ ਪਾਲਾ ਬਦਲਿਆ। ਇਸ ਤੋਂ ਬਾਅਦ ਏਆਈਟੀਸੀ ਦੇ 18 ਫੀਸਦੀ, ਇੰਡਿਯਨ ਨੈਸ਼ਨਲ ਕਾਂਗਰਸ ਦੇ 17 ਫੀਸਦੀ, ਬੀਆਰਐਸ ਦੇ 8 ਫੀਸਦੀ ਮੈਂਬਰਾਂ ਨੇ ਪਾਰਟੀ ਬਦਲੀ। ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਅਤੇ ਐਨਸੀਪੀ ਦੇ ਵੀ ਛੇ-ਛੇ ਫੀਸਦੀ ਮੈਂਬਰਾਂ ਨੇ ਪਾਰਟੀ ਬਦਲੀ। ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) ਦੇ 5 ਫੀਸਦੀ ਅਤੇ ਜੇਡੀਯੂ 5 ਫੀਸਦੀ ਅਤੇ ਐਨਪੀਪੀ ਦੇ 4 ਫੀਸਦੀ ਮੈਂਬਰਾਂ ਨੇ ਪਾਰਟੀ ਬਦਲੀ।
ਕੁੱਲ ਮਿਲਾ ਕੇ, ਪਾਰਟੀ ਬਦਲਣ ਵਾਲੇ 111 ਸੰਸਦ ਮੈਂਬਰਾਂ ਜਾਂ ਵਿਧਾਨ ਸਭਾ ਮੈਂਬਰਾਂ ਵਿੱਚੋਂ ਐਨਡੀਪੀਪੀ, ਏਆਈਟੀਸੀ ਅਤੇ ਆਈਐਨਸੀ ਦਾ ਹਿੱਸਾ 58 ਫੀਸਦੀ ਸੀ। ਇੱਕ ਹੋਰ ਗੱਲ ਧਿਆਨ ਦੇਣ ਯੋਗ ਹੈ ਕਿ ਕੁੱਝ ਸੂਬਾ ਵਿਧਾਨ ਸਭਾਵਾਂ ਵਿੱਚ ਸਰਕਾਰਾਂ ਦੇ ਹਾਲੀਆ ਡਿੱਗਣ ਦਾ ਕਾਰਨ ਉਨ੍ਹਾਂ ਦੇ ਵਿਧਾਨ ਸਭਾ ਮੈਂਬਰਾਂ ਦੁਆਰਾ ਪਾਰਟੀ ਬਦਲਣਾ ਜਾਂ ਦਲ ਬਦਲਣਾ ਹੀ ਮੰਨਿਆ ਗਿਆ ਸੀ।
ਇੱਕ ਹੋਰ ਜਾਣਕਾਰੀ ਮੁਤਾਬਿਕ ਸਿਆਸੀ ਪਾਰਟੀਆਂ ਵਿੱਚ ਸ਼ਾਮਲ ਹੋਣ ਵਾਲੇ ਸੰਸਦ ਮੈਂਬਰਾਂ ਅਤੇ ਵਿਧਾਨ ਸਭਾ ਮੈਂਬਰਾਂ ਦਾ ਪਾਰਟੀ-ਵਾਰ ਹਿੱਸਾ ਵੀ ਘਾਟ ਦਿਲਚਸਪ ਨਹੀਂ। ਐਨਪੀਐਫ ਵਿੱਚ ਸਭ ਤੋਂ ਵੱਧ ਨੁਮਾਇੰਦੇ ਸ਼ਾਮਲ ਹੋਏ ਜਿਨ੍ਹਾਂ ਦੀ ਸੰਖਿਆ 32 ਰਹੀ, ਇਸ ਤੋਂ ਬਾਅਦ ਭਾਜਪਾ ਵਿੱਚ 29,ਅਤੇ ‘ਨੈਸ਼ਨਲਿਸਟ ਸਿਟੀਜ਼ਨਜ਼ ਪਾਰਟੀ ਆਫ਼ ਇੰਡੀਆ’ ਵਿੱਚ 20 ਮੈਂਬਰ ਬਾਹਰੋਂ ਆਏ। ਆਈਐਨਸੀ ਵਿੱਚ 9 ਅਤੇ ਸ਼ਿਵ ਸੈਨਾ ਵਿੱਚ 8 ਮੈਂਬਰ ਸ਼ਾਮਲ ਹੋਏ। ਕਿਹਾ ਜਾ ਸਕਦਾ ਹੈ ਕਿ ਕੁੱਲ ਮਿਲਾ ਕੇ, ਹੋਰ ਸਿਆਸੀ ਪਾਰਟੀਆਂ ਵਿੱਚ ਸ਼ਾਮਲ ਹੋਣ ਵਾਲੇ 111 ਸੰਸਦ ਮੈਂਬਰਾਂ ਜਾਂ ਵਿਧਾਨ ਸਭਾ ਮੈਂਬਰਾਂ ਵਿੱਚੋਂ ਐਨਪੀਐਫ, ਭਾਜਪਾ ਅਤੇ ‘ਨੈਸ਼ਨਲਿਸਟ ਸਿਟੀਜ਼ਨਜ਼ ਪਾਰਟੀ ਆਫ਼ ਇੰਡੀਆ’ ਦਾ ਹਿੱਸਾ 111 ਵਿੱਚੋਂ 81 ਮੈਂਬਰਾਂ ਦਾ ਸੀ।

