![](https://parvasinewspaper.com/wp-content/uploads/2024/10/Diljit-Dosanjh.jpg)
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬੀ ਗਾਇਕ ਅਤੇ ਫਿਲਮ ਅਦਾਕਾਰ ਦਿਲਜੀਤ ਦੁਸਾਂਝ ਇਸ ਸਮੇਂ ਭਾਰਤ ਵਿਚ ਆਪਣੇ ‘ਦਿਲ-ਲੂਮਿਨਾਟੀ ਟੂਰ’ ਨੂੰ ਲੈ ਕੇ ਚਰਚਾ ਵਿਚ ਹਨ। ਦਿੱਲੀ ਵਿਚ ਸ਼ੋਅ ਤੋਂ ਬਾਅਦ ਦਿਲਜੀਤ ਦੁਸਾਂਝ ਨੇ ਭਾਜਪਾ ਆਗੂ ਜੈਵੀਰ ਸ਼ੇਰਗਿੱਲ ਨਾਲ ਮੁਲਾਕਾਤ ਵੀ ਕੀਤੀ ਹੈ। ਦਿਲਜੀਤ ਦੁਸਾਂਝ ਆਪਣੀ ਟੀਮ ਦੇ ਨਾਲ ਜੈਵੀਰ ਸ਼ੇਰਗਿੱਲ ਦੇ ਦਿੱਲੀ ਸਥਿਤ ਘਰ ਪਹੁੰਚੇ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਦੱਸਿਆ ਗਿਆ ਕਿ ਭਾਜਪਾ ਆਗੂ ਜੈਵੀਰ ਸ਼ੇਰਗਿੱਲ ਮੂਲ ਰੂਪ ਵਿਚ ਜਲੰਧਰ ਦੇ ਰਹਿਣ ਵਾਲੇ ਹਨ ਅਤੇ ਦਿਲਜੀਤ ਦੁਸਾਂਝ ਵੀ ਜਲੰਧਰ ਨਾਲ ਹੀ ਸਬੰਧਤ ਹਨ। ਜ਼ਿਕਰਯੋਗ ਹੈ ਕਿ ਜੈਵੀਰ ਸ਼ੇਰਗਿੱਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਦਿਲਜੀਤ ਦੁਸਾਂਝ ਸਬੰਧੀ ਜਾਣਕਾਰੀ ਸਾਂਝੀ ਕੀਤੀ ਸੀ। ਸ਼ੇਰਗਿੱਲ ਨੇ ਕਿਹਾ ਸੀ ਕਿ ਪੰਜਾਬੀਆਂ ਦੀ ਸ਼ਾਨ ਦੇ ਤੌਰ ’ਤੇ ਦਿਲਜੀਤ ਭਾਅ ਜੀ ਨੂੰ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਸੀ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਦਿਲਜੀਤ ਦੁਸਾਂਝ ਕੋਲੋਂ ਜ਼ਰੂਰ ਸਿੱਖਣਾ ਚਾਹੀਦਾ ਹੈ। ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ਮੇਰੇ ਬੱਚੇ ਵੀ ਅੱਜ ਕਹਿੰਦੇ ਹਨ ਕਿ ਉਹ ਦਿਲਜੀਤ ਦੁਸਾਂਝ ਵਾਲੇ ਪੰਜਾਬ ਤੋਂ ਹਨ।