ਰਾਜਜੀਤ ਦੀ ਗਿ੍ਰਫ਼ਤਾਰੀ ਲਈ ਐਸਟੀਐਫ ਵੱਲੋਂ ਕੀਤੀ ਜਾ ਰਹੀ ਹੈ ਛਾਪੇਮਾਰੀ

ਚੰਡੀਗੜ੍ਹ/ਬਿਊਰੋ ਨਿਊਜ਼ : ਹਜ਼ਾਰਾਂ ਕਰੋੜ ਰੁਪਏ ਦੇ ਡਰੱਗ ਮਾਮਲੇ ’ਚ ਫਰਾਰ ਚੱਲ ਰਹੇ ਬਰਖਾਸਤ ਏਆਈਜੀ ਰਾਜਜੀਤ ਸਿੰਘ ਨੂੰ ਅੱਜ ਮੋਹਾਲੀ ਅਦਾਲਤ ਨੇ ਭਗੌੜਾ ਕਰਾਰ ਦੇ ਦਿੱਤਾ ਹੈ। ਆਰੋਪੀ ਨੂੰ ਭਗੌੜਾ ਕਰਾਰ ਦੇਣ ਦੇ ਲਈ ਪੰਜਾਬ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ ਸੀ। ਦਰਅਸਲ, ਪੰਜਾਬ ਪੁਲਿਸ ਨੇ ਆਰੋਪੀ ਰਾਜਜੀਤ ਖਿਲਾਫ ਡਰੱਗ ਮਾਮਲੇ ’ਚ ਕੇਸ ਦਰਜ ਕੀਤਾ ਸੀ ਅਤੇ ਉਸ ਤੋਂ ਬਾਅਦ ਹੀ ਆਰੋਪੀ ਫਰਾਰ ਚੱਲ ਰਿਹਾ ਹੈ। ਆਰੋਪੀ ਦੀ ਭਾਲ ਲਈ ਪੁਲਿਸ ਵੱਲੋਂ ਲੁੱਕਆਊਟ ਸਰਕੂਲਰ ਵੀ ਜਾਰੀ ਕੀਤਾ ਗਿਆ ਹੈ ਅਤੇ ਉਸ ਨੂੰ ਗਿ੍ਰਫ਼ਤਾਰ ਕਰਨ ਦੇ ਲਈ ਐਸਟੀਐਫ ਅਤੇ ਪੰਜਾਬ ਵੱਲੋਂ ਸੂਬੇ ਸਮੇਤ ਗੁਆਂਢੀ ਰਾਜਾਂ ’ਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਪ੍ਰੰਤੂ ਪਿਛਲੇ ਲੰਬੇ ਸਮੇਂ ਤੋਂ ਰਾਜਜੀਤ ਖਿਲਾਫ ਕੋਈ ਸਬੂਤ ਹੱਥ ਨਹੀਂ ਲੱਗਿਆ। ਪੰਜਾਬ ਵਿਜੀਲੈਂਸ ਰਾਜਜੀਤ ਦੀ ਡਰੱਗ ਮਨੀ ਤੋਂ ਪ੍ਰਾਪਤ ਕੀਤੀ ਸੰਪਤੀ ਦਾ ਲਗਾਉਣ ਲਈ ਜਾਂਚ ਕਰ ਚੁੱਕੀ ਹੈ ਪ੍ਰੰਤੂ ਜਾਂਚ ਦੇ ਚਲਦਿਆਂ ਫਿਲਹਾਲ ਸੰਪਤੀ ਦਾ ਖੁਲਾਸਾ ਨਹੀਂ ਕੀਤਾ ਗਿਆ। ਜਦਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਡਰੱਗ ਮਾਮਲੇ ’ਚ ਆਰੋਪੀ ਏਆਈਜੀ ਰਾਜਜੀਤ ਸਿੰਘ ਦੇ ਖਿਲਾਫ ਕਾਰਵਾਈ ਦੀ ਸੂਚਨਾ ਆਨ ਕੈਮਰਾ ਜਨਤਕ ਕੀਤੀ ਸੀ। ਕਾਰਵਾਈ ਸਬੰਧੀ ਪਤਾ ਚਲਦਿਆਂ ਹੀ ਰਾਜਜੀਤ ਸਿੰਘ ਫਰਾਰ ਹੋ ਗਿਆ ਸੀ। ਉਸ ਤੋਂ ਬਾਅਦ ਆਰੋਪੀ ਨੇ ਪੁਲਿਸ ਜਾਂ ਕੋਰਟ ਸਾਹਮਣੇ ਆਤਮ ਸਮਰਪਣ ਨਹੀਂ ਕੀਤਾ ਜਿਸ ਦੇ ਚਲਦਿਆਂ ਅੱਜ ਮੋਹਾਲੀ ਕੋਰਟ ਨੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ।