-1.8 C
Toronto
Wednesday, December 3, 2025
spot_img
Homeਪੰਜਾਬਪੰਜਾਬੀ ਭਾਸ਼ਾ ਨਾਲ ਸਾਹਬ ਦੀ ਵਾਅਦਾ ਖਿਲਾਫੀ ਖਿਲਾਫ਼ ਹੋਵੇਗੀ ਭੁੱਖ ਹੜਤਾਲ

ਪੰਜਾਬੀ ਭਾਸ਼ਾ ਨਾਲ ਸਾਹਬ ਦੀ ਵਾਅਦਾ ਖਿਲਾਫੀ ਖਿਲਾਫ਼ ਹੋਵੇਗੀ ਭੁੱਖ ਹੜਤਾਲ

ਚੰਡੀਗੜ੍ਹ ਪੰਜਾਬੀ ਮੰਚ 19 ਫਰਵਰੀ 2018 ਨੂੰ ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਕਰੇਗਾ ਸਮੂਹਿਕ ਭੁੱਖ ਹੜਤਾਲ
ਇਸ ਮੌਕੇ ‘ਤੇ ਪੁਆਧੀ ਗਾਇਕੀ ਦਾ ਅਖਾੜਾ ਵੀ ਲੱਗੇਗਾ ਤੇ ‘ਸੂਲਾਂ ਵਿੰਨਿਆ ਅੰਦਰ’ ਨਾਟਕ ਵੀ ਖੇਡਿਆ ਜਾਵੇਗਾ
ਚੰਡੀਗੜ੍ਹ : ਚੰਡੀਗੜ੍ਹ ਪੰਜਾਬੀ ਮੰਚ ਨੇ ਇਕ ਵਾਰ ਫਿਰ ਸਮੂਹ ਸਹਿਯੋਗੀ ਸੰਗਠਨਾਂ ਨਾਲ ਮਿਲ ਕੇ ਪੰਜਾਬੀ ਭਾਸ਼ਾ ਦੀ ਬਹਾਲੀ ਲਈ ਸੰਘਰਸ਼ ਛੇੜਨ ਦਾ ਐਲਾਨ ਕਰ ਦਿੱਤਾ ਹੈ। ਲੰਮੇ ਸਮੇਂ ਤੋਂ ਚੰਡੀਗੜ੍ਹ ਪੰਜਾਬੀ ਮੰਚ, ਪੇਂਡੂ ਸੰਘਰਸ਼ ਕਮੇਟੀ, ਚੰਡੀਗੜ੍ਹ ਗੁਰਦੁਆਰਾ ਪ੍ਰਬੰਧਕ ਸੰਗਠਨ, ਕੇਂਦਰੀ ਪੰਜਾਬੀ ਲੇਖਕ ਸਭਾ, ਟਰੇਡ ਯੂਨੀਅਨਾਂ, ਪੰਜਾਬੀ ਲੇਖਕ ਸਭਾ ਚੰਡੀਗੜ੍ਹ ਤੇ ਹੋਰ ਵਿਦਿਆਰਥੀਆਂ ਸੰਗਠਨਾਂ ਆਦਿ ਨਾਲ ਮਿਲ ਕੇ ਇਹ ਮੰਗ ਕਰਦਾ ਆ ਰਿਹਾ ਹੈ ਕਿ ਚੰਡੀਗੜ੍ਹ ਦੀ ਦਫ਼ਤਰੀ ਅਤੇ ਕੰਮਕਾਜ ਦੀ ਭਾਸ਼ਾ ਪੰਜਾਬੀ ਹੋਵੇ ਤੇ ਇਥੇ ਪੰਜਾਬੀ ਭਾਸ਼ਾ ਨੂੰ ਪਹਿਲੀ ਭਾਸ਼ਾ ਦਾ ਦਰਜਾ ਬਹਾਲ ਕੀਤਾ ਜਾਵੇ। ਇਸੇ ਤਹਿਤ 1 ਨਵੰਬਰ 2017 ਨੂੰ ਦਿੱਤੇ ਗਏ ਵਿਸ਼ਾਲ ਧਰਨੇ ਦੌਰਾਨ ਮੰਚ ਦੇ ਅਹੁਦੇਦਾਰਾਂ ਨਾਲ ਪੰਜਾਬ ਦੇ ਗਵਰਨਰ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਦੋ ਬੈਠਕਾਂ ਕੀਤੀਆਂ ਤੇ ਵਾਅਦਾ ਕੀਤਾ ਕਿ ਆਉਂਦੇ ਤਿੰਨ ਕੁ ਮਹੀਨਿਆਂ ਵਿਚ ਉਹ ਇਸ ਦਾ ਹੱਲ ਕੱਢ ਲੈਣਗੇ ਤੇ ਮਾਮਲਾ ਕੇਂਦਰ ਨਾਲ ਰਾਬਤਾ ਕਰਕੇ ਸੁਲਝਾ ਲੈਣਗੇ। ਪਰ ਕਰੀਬ ਢਾਈ ਮਹੀਨੇ ਬੀਤਣ ਦੇ ਬਾਵਜੂਦ ਨਾ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਤੇ ਨਾ ਹੀ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਇਸ ਸਬੰਧੀ ਕੋਈ ਕਾਰਵਾਈ ਕੀਤੀ, ਇਸ ਲਈ ਪੰਜਾਬੀ ਭਾਸ਼ਾ ਨਾਲ ਸਾਹਬ ਦੀ ਵਾਅਦਾ ਖਿਲਾਫੀ ਖਿਲਾਫ਼ ਹੁਣ ਚੰਡੀਗੜ੍ਹ ਪੰਜਾਬੀ ਮੰਚ ਨੇ ਸਮੂਹਿਕ ਭੁੱਖ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ। ਸੈਕਟਰ 34 ਵਿਖੇ ਚੰਡੀਗੜ੍ਹ ਪੰਜਾਬੀ ਮੰਚ ਦੀ ਹੋਈ ਹੰਗਾਮੀ ਬੈਠਕ ਵਿਚ ਇਹ ਸਮੂਹਿਕ ਤੌਰ ‘ਤੇ ਫੈਸਲਾ ਲਿਆ ਗਿਆ ਕਿ ਆਉਂਦੀ 19 ਫਰਵਰੀ ਨੂੰ ਚੰਡੀਗੜ੍ਹ ਦੇ ਸੈਕਟਰ 17 ਵਿਚ ਸਥਿਤ ਪਲਾਜ਼ਾ ਵਿਖੇ ਇਕ ਵਿਸ਼ਾਲ ਸਮੂਹਿਕ ਭੁੱਖ ਹੜਤਾਲ ਕਰਕੇ ਪ੍ਰਸ਼ਾਸਨ ਨੂੰ ਇਕ ਵਾਰ ਫਿਰ ਕੁੰਭਕਰਨੀ ਨੀਂਦ ਤੋਂ ਜਗਾਇਆ ਜਾਵੇਗਾ। ਇਸ ਸਮੂਹਿਕ ਭੁੱਖ ਹੜਤਾਲ ਦੌਰਾਨ ਪੁਆਧੀ ਗਾਇਕੀ ਦਾ ਅਖਾੜਾ ਵੀ ਲੱਗੇਗਾ ਜਿਸ ਵਿਚ ਪ੍ਰਸਿੱਧ ਪੁਆਧੀ ਗਾਇਕ ਸਮਰ ਸਿੰਘ ਸੰਮੀ ਰਵਾਇਤੀ ਗੀਤਾਂ ਰਾਹੀਂ ਪੰਜਾਬੀ ਵਿਰੋਧੀ ਹਾਕਮਾਂ ‘ਤੇ ਤੰਜ ਕਸੇਗਾ ਤੇ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਦੀ ਦੇਖ ਰੇਖ ਹੇਠ ਪੰਜਾਬੀ ਭਾਸ਼ਾ ਦੀ ਬੇਕਦਰੀ ਦਾ ਦਰਦ ਬਿਆਨ ਕਰਨ ਵਾਲਾ ਨਾਟਕ ‘ਸੂਲਾਂ ਵਿੰਨਿਆ ਅੰਦਰ’ ਵੀ ਖੇਡਿਆ ਜਾਵੇਗਾ। ਇਸ ਸਾਰੀ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਪੰਜਾਬੀ ਮੰਚ ਦੇ ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ ਨੇ ਆਖਿਆ ਕਿ ਲਗਾਤਾਰ ਕੇਂਦਰ ਦੀਆਂ ਸਰਕਾਰਾਂ, ਚੰਡੀਗੜ੍ਹ ਦੇ ਪ੍ਰਸ਼ਾਸਕ ਤੇ ਚੰਡੀਗੜ੍ਹ ਦਾ ਪ੍ਰਸ਼ਾਸਨ ਪੰਜਾਬੀ ਦਰਦੀਆਂ ਨਾਲ ਵਾਅਦਾ ਖਿਲਾਫੀ ਕਰਦਾ ਆ ਰਿਹਾ ਹੈ। ਇਸੇ ਲਈ ਅਸੀਂ ਹੁਣ ਸਮੂਹ ਪੰਜਾਬੀ ਦਰਦੀ ਸੰਗਠਨਾਂ ਨੇ ਮਿਲ ਕੇ 19 ਫਰਵਰੀ ਨੂੰ ਸਮੂਹਿਕ ਭੁੱਖ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ। ਚੰਡੀਗੜ੍ਹ ਦੇ ਸੈਕਟਰ 34 ਵਿਚ ਹੋਈ ਮੰਚ ਦੀ ਇਸ ਹੰਗਾਮੀ ਬੈਠਕ ਵਿਚ ਚੇਅਰਮੈਨ ਸਿਰੀ ਰਾਮ ਅਰਸ਼, ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ, ਪੇਂਡੂ ਸੰਘਰਸ਼ ਕਮੇਟੀ ਦੇ ਸਰਪ੍ਰਸਤ ਬਾਬਾ ਸਾਧੂ ਸਿੰਘ ਸਾਰੰਗਪੁਰ, ਗੁਰਦਿਆਲ ਸਿੰਘ ਖੁੱਡਾ ਅਲੀਸ਼ੇਰ, ਬਲਕਾਰ ਸਿੱਧੂ, ਸੇਵੀ ਰਾਇਤ, ਰਾਜ ਕੁਮਾਰ, ਸੁਖਜੀਤ ਸਿੰਘ ਸੁੱਖਾ, ਰਘਵੀਰ ਸਿੰਘ ਸੰਧੂ, ਜਥੇਦਾਰ ਗੁਰਨਾਮ ਸਿੰਘ ਸਿੱਧੂ, ਪ੍ਰੀਤਮ ਸਿੰਘ ਹੁੰਦਲ, ਡਾ. ਸੁਖਦੇਵ ਸਿੰਘ ਕਾਹਲੋਂ, ਨੀਤੂ ਸ਼ਰਮਾ ਸਮੇਤ ਹੋਰ ਅਹੁਦੇਦਾਰ ਵੀ ਵੱਡੀ ਗਿਣਤੀ ‘ਚ ਮੌਜੂਦ ਸਨ।

RELATED ARTICLES
POPULAR POSTS