18 C
Toronto
Monday, September 15, 2025
spot_img
Homeਪੰਜਾਬਕਾਂਗਰਸ ਪਾਰਟੀ ਦੀ ਵਫ਼ਾਦਾਰੀ ਕਦੇ ਨਹੀਂ ਛੱਡਾਂਗਾ : ਨਵਜੋਤ ਸਿੱਧੂ

ਕਾਂਗਰਸ ਪਾਰਟੀ ਦੀ ਵਫ਼ਾਦਾਰੀ ਕਦੇ ਨਹੀਂ ਛੱਡਾਂਗਾ : ਨਵਜੋਤ ਸਿੱਧੂ

ਕਿਸਾਨਾਂ ਦਾ ਸਮਰਥਨ ਕਰਦਿਆਂ ਭਾਜਪਾ ਨੂੰ ਲਾਏ ਰਗੜੇ; ਮੁੱਖ ਮੰਤਰੀ ‘ਤੇ ਕੇਂਦਰੀ ਮੰਤਰੀਆਂ ਨਾਲ ਮਿਲੀਭੁਗਤ ਦੇ ਆਰੋਪ
ਪਟਿਆਲਾ/ਬਿਊਰੋ ਨਿਊਜ਼ : ਪਟਿਆਲਾ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਸਾਨਾਂ ਦੇ ਸੰਘਰਸ਼ ਦਾ ਪੂਰਨ ਸਮਰਥਨ ਕਰਦਿਆਂ ਕੇਂਦਰ ਦੀ ਭਾਜਪਾ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਜਪਾ ਵਿੱਚ ਜਾਣ ਦੀਆਂ ਸਾਰੀਆਂ ਚਰਚਾਵਾਂ ਨੂੰ ਮਹਿਜ਼ ਅਫਵਾਹਾਂ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਚਰਚਾ ਕਰਨ ਵਾਲੇ ਲੋਕਾਂ ਨੇ ਉਸ ਨੂੰ ਖੱਬੇ ਪੱਖੀਆਂ ਤੋਂ ਇਲਾਵਾ ਸਾਰੀਆਂ ਪਾਰਟੀਆਂ ਵਿੱਚ ਸ਼ਾਮਲ ਕਰਨ ਦੀਆਂ ਗੱਲਾਂ ਕੀਤੀਆਂ ਪਰ ਉਹ ਜਿੱਥੇ ਖੜ੍ਹਾ ਹੈ, ਉੱਥੇ ਹੀ ਖੜ੍ਹਾ ਰਹੇਗਾ, ਉਸ ਨੇ ਕਿਸੇ ਪਾਰਟੀ ਨਾਲ ਕਦੇ ਵੀ ਧੋਖਾ ਨਹੀਂ ਕੀਤਾ ਅਤੇ ਨਾ ਹੀ ਕਰੇਗਾ। ਉਨ੍ਹਾਂ ਕਿਹਾ ਕਿ ਆਜ਼ਾਦੀ ਵਿੱਚ ਕੁਰਬਾਨੀਆਂ ਪੰਜਾਬੀਆਂ ਦੀਆਂ ਸਭ ਤੋਂ ਵੱਧ ਹਨ ਅਤੇ ਅਨਾਜ ਭੰਡਾਰ ਵਿੱਚ ਵੀ ਸਭ ਤੋਂ ਵੱਧ ਇਨ੍ਹਾਂ ਦਾ ਹਿੱਸਾ ਹੈ। ਇਸ ਦੇ ਬਾਵਜੂਦ ਇਨ੍ਹਾਂ ‘ਤੇ ਜ਼ੁਲਮ ਢਾਹਿਆ ਜਾ ਰਿਹਾ ਹੈ। ਨਵਜੋਤ ਸਿੰਘ ਸਿੱਧੂ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਅਤੇ ਘੱਟੋ-ਘੱਟ ਸਮਰਥਨ ਮੁੱਲ ਨੂੰ ਲੈ ਕੇ ਭਾਜਪਾ ਦੀ ਆਲੋਚਨਾ ਕੀਤੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ‘ਤੇ ਕੇਂਦਰੀ ਮੰਤਰੀਆਂ ਨਾਲ ਮਿਲੀਭੁਗਤ ਦੇ ਆਰੋਪ ਵੀ ਲਾਏ। ਸਿੱਧੂ ਦਾ ਕਹਿਣਾ ਹੈ ਕਿ ਜੇ ਸਰਹੱਦ ਖੁੱਲ੍ਹ ਗਈ ਤਾਂ ਦੇਸ਼ ਵੱਡੀਆਂ ਉਚਾਈਆਂ ਨੂੰ ਛੂਹੇਗਾ। ਇਸ ਮੌਕੇ ਨਵਜੋਤ ਸਿੱਧੂ ਨੇ ਅਡਾਨੀਆਂ ‘ਤੇ ਵੀ ਸ਼ਬਦੀ ਹਮਲਾ ਬੋਲਿਆ ਤੇ ਆਰੋਪ ਲਾਇਆ ਕਿ ਐੱਫਸੀਆਈ ਨੂੰ ਦੀਵਾਲੀਆ ਕਰਨ ਤੋਂ ਬਾਅਦ ਕੇਂਦਰ ਨੇ ਸਟੋਰੇਜ ਅਡਾਨੀ ਕਾਰਪੋਰੇਟ ਨੂੰ ਦੇ ਦਿੱਤੀ ਹੈ। ਜੇ ਉਨ੍ਹਾਂ ਦਾ ਗੋਦਾਮ 25 ਫ਼ੀਸਦੀ ਭਰਦਾ ਹੈ ਤਾਂ ਉਨ੍ਹਾਂ ਨੂੰ 100 ਫ਼ੀਸਦੀ ਅਦਾਇਗੀ ਕੀਤੀ ਜਾਂਦੀ ਹੈ ਪਰ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਕੁੱਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਨੇ 10 ਸਾਲਾਂ ਵਿੱਚ ਅਮੀਰਾਂ ਦੇ 16 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਪਰ ਕਿਸਾਨਾਂ ਦਾ ਕੋਈ ਕਰਜ਼ ਮੁਆਫ਼ ਨਹੀਂ ਕੀਤਾ।

RELATED ARTICLES
POPULAR POSTS