Breaking News
Home / ਪੰਜਾਬ / ਕਿਸਾਨੀ ਸੰਘਰਸ਼ ‘ਚ ਨਿੱਤਰੇ ਪਰਵਾਸੀ ਪੰਜਾਬੀ

ਕਿਸਾਨੀ ਸੰਘਰਸ਼ ‘ਚ ਨਿੱਤਰੇ ਪਰਵਾਸੀ ਪੰਜਾਬੀ

ਕਈ ਦੇਸ਼ਾਂ ਵਿੱਚ ਹੋ ਰਹੇ ਹਨ ਰੋਸ ਮੁਜ਼ਾਹਰੇ, ਕਿਸਾਨਾਂ ਦੇ ਹੱਕ ‘ਚ ਟੋਰਾਂਟੋ ਵਿਖੇ ਰੈਲੀ 11 ਅਕਤੂਬਰ ਨੂੰ
ਟੋਰਾਂਟੋ, ਜਲੰਧਰ/ਬਿਊਰੋ ਨਿਊਜ਼ : ਖੇਤੀ ਕਾਨੂੰਨਾਂ ਦਾ ਸੇਕ ਪੰਜਾਬ ਵਿਚਲੇ ਕਿਸਾਨਾਂ ਨੂੰ ਹੀ ਨਹੀਂ, ਸਗੋਂ ਵਿਦੇਸ਼ਾਂ ਵਿਚ ਬੈਠੇ ਪਰਵਾਸੀ ਪੰਜਾਬੀਆਂ ਨੂੰ ਵੀ ਲੱਗ ਰਿਹਾ ਹੈ। ਵੱਖ-ਵੱਖ ਦੇਸ਼ਾਂ ਵਿਚਲੇ ਪਰਵਾਸੀ ਪੰਜਾਬੀ, ਪੰਜਾਬ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ ਵਿਚ ਹਾਅ ਦੇ ਨਾਅਰੇ ਮਾਰਨ ਲੱਗ ਪਏ ਹਨ। ਲਗਪਗ ਅੱਧੀ ਦਰਜਨ ਦੇਸ਼ਾਂ ਵਿਚ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਵਿਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ ਪਰਵਾਸੀ ਪੰਜਾਬੀ ਕਿਸਾਨੀ ਅੰਦੋਲਨ ਦਾ ਸਾਥ ਦੇ ਰਹੇ ਹਨ।ઠ
ਟੋਰਾਂਟੋ ਵਿਚ ਪੰਜਾਬ ਦੇ ਕਿਸਾਨਾਂ ਦੇ ਹੱਕ ਵਿਚ 11 ਅਕਤੂਬਰ ਨੂੰ ਸਮੂਹ ਜਥੇਬੰਦੀਆਂ ਵੱਲੋਂ ਰੈਲੀ ਕੀਤੀ ਜਾ ਰਹੀ ਹੈ। ਫਰਾਂਸ ਵਿਚ ਵੀ ‘ਕਿਸਾਨ ਬਚਾਓ-ਪੰਜਾਬ ਬਚਾਓ’ ਦੇ ਨਾਅਰੇ ਹੇਠ ਰੋਸ ਮਾਰਚ ਕੱਢਿਆ ਗਿਆ। ਪੰਜਾਬੀਆਂ ਨੂੰ ਇਕੱਠੇ ਕਰਨ ਲਈ 8 ਬੱਸਾਂ ਦਾ ਪ੍ਰਬੰਧ ਕੀਤਾ ਗਿਆ ਸੀ। ਪੰਜਾਬੀਆਂ ਨੂੰ ਰੋਸ ਮਾਰਚ ਵਿਚ ਪਰਿਵਾਰਾਂ ਸਮੇਤ ਆਉਣ ਦੀ ਅਪੀਲ ਕੀਤੀ ਗਈ ਸੀ। ਇਟਲੀ ਦੇ ਸ਼ਹਿਰ ਮਿਲਾਨ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਪਰਵਾਸੀ ਪੰਜਾਬੀਆਂ ਨੇ ਸੜਕਾਂ ‘ਤੇ ਆ ਕੇ ਰੋਸ ਮੁਹਜ਼ਾਰੇ ਕੀਤੇ।
ਇਸ ਮੌਕੇ ਨੌਜਵਾਨ ਆਗੂ ਦਿਲਬਾਗ ਸਿੰਘ ਚਾਨਾ, ਸੁਖਚੈਨ ਸਿੰਘ ਮਾਨ, ਹਰਕੀਤ ਸਿੰਘ ਮਾਧੋਝੰਡਾ ਨੇ ਕਿਹਾ ਕਿ ਦੇਸ਼ ਦੀਆਂ ਸਰਕਾਰਾਂ ਵੱਲੋਂ ਸਤਾਏ ਉਹ ਵਿਦੇਸ਼ਾਂ ਵਿਚ ਆਉਣ ਲਈ ਮਜਬੂਰ ਹੋਏ ਹਨ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ਼ ਜਿੱਥੇ ਉਨ੍ਹਾਂ ਦੇ ਪਿਓ-ਦਾਦੇ ਭਾਰਤ ਵਿਚ ਸੜਕਾਂ ‘ਤੇ ਆਏ ਹਨ, ਉੱਥੇ ਹੀ ਉਹ ਆਪ ਵਿਦੇਸ਼ਾਂ ਵਿਚ ਰੋਸ ਮੁਜ਼ਾਹਰੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਇਹ ਬਿੱਲ ਵਾਪਸ ਨਾ ਲਏ ਤਾਂ ਆਉਂਦੇ ਦਿਨੀਂ ਯੂਐੱਨਓ ਅੱਗੇ ਵੀ ਰੋਸ ਪ੍ਰਦਰਸ਼ਨ ਕਰਨਗੇ। ਇਸ ਮੌਕੇ ਨਰਿੰਦਰ ਸਿੰਘ ਤਾਜਪੁਰੀ, ਅਮਨਜੀਤ ਸਿੰਘ, ਸੰਦੀਪ ਗਿੱਲ, ਹੈਪੀ ਮੱਲਪੁਰ ਹਾਜ਼ਰ ਸਨ। ઠਅਮਰੀਕਾ ਦੇ ਸੂਬੇ ਕੈਲੀਫੋਰਨੀਆ ਰਹਿੰਦੇ ਪੰਜਾਬੀਆਂ ਵੱਲੋਂ ਕਿਸਾਨਾਂ ਦੇ ਹੱਕ ਵਿਚ ਸਾਨ ਫਰਾਂਸਿਸਕੋ ਸਥਿਤ ਭਾਰਤੀ ਕੌਂਸਲੇਟ (ਅੰਬੈਸੀ) ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਗਿਆ। ਅਕਾਲੀ ਦਲ (ਅੰਮ੍ਰਿਤਸਰ) ਦੇ ਸੂਬਾਈ ਆਗੂ ਅਤੇ ਸਰਕਲ ਪ੍ਰਧਾਨ ਜਥੇਦਾਰ ਸੁਲੱਖਣ ਸਿੰਘ ਸ਼ਾਹਕੋਟ ਨੇ ਅਮਰੀਕਾ ਤੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੌਰਾਨ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ। ਕੈਲੀਫੋਰਨੀਆ ਤੋਂ ਗੁਰਪ੍ਰੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਆਸਟ੍ਰੇਲੀਆ ਤੇ ਯੂਰਪ ਦੇ ਹੋਰ ਦੇਸ਼ਾਂ ਵਿਚ ਵੀ ਸੰਘਰਸ਼ ਕੀਤਾ ਜਾਵੇਗਾ।
ਇਟਲੀ ‘ਚ ਭਾਰਤੀਆਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਮੁਜ਼ਾਹਰਾ
ਮਾਨਤੋਵਾ : ਭਾਰਤ ઠਸਰਕਾਰ ਵੱਲੋਂ ਲਾਗੂ ਕੀਤੇ ਗਏ ਕਥਿਤ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖ਼ਿਲਾਫ਼ ਦੁਨੀਆ ਭਰ ਵਿੱਚ ਭਾਰਤੀ ਭਾਈਚਾਰੇ ਵੱਲੋਂ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਇਸੇ ਤਹਿਤ ਇਟਲੀ ਦੇ ਸ਼ਹਿਰ ਮਾਨਤੋਵਾ ਵਿੱਚ ਕੀਤੇ ਗਏ ਮੁਜ਼ਾਹਰੇ ਵਿਚ ਵੱਡੀ ਗਿਣਤੀ ਵਿਚ ਭਾਰਤੀ ਭਾਈਚਾਰੇ ਦੇ ਲੋਕ ਸ਼ਾਮਲ ਹੋਏ, ਜਿਨ੍ਹਾਂ ਨੇ ਭਾਰਤ ਸਰਕਾਰ ਵੱਲੋਂ ਦੇਸ਼ ਵਿੱਚ ਲਾਗੂ ਕੀਤੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਹ ਰੋਸ ਮੁਜ਼ਾਹਰਾ ਇਟਲੀ ਵਿਚ ਵੱਸਦੇ ਭਾਰਤੀ ਲੋਕਾਂ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ, ਜਿਸ ਵਿੱਚ ਚਿਤਾਵਨੀ ਦਿੱਤੀ ਗਈ ਕਿ ਜੇਕਰ ਭਾਰਤ ਸਰਕਾਰ ਨੇ ਇਨ੍ਹਾਂ ਕਾਨੂੰਨਾਂ ‘ਤੇ ਮੁੜ ਵਿਚਾਰ ਨਾ ਕੀਤੀ ਤਾਂ ਲਗਾਤਾਰ ਮੁਜ਼ਾਹਰੇ ਕੀਤੇ ਜਾਣਗੇ।

Check Also

ਪੰਜਾਬ ਭਾਜਪਾ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੀ ਤਿਆਰੀ ਵਿਚ ਜੁਟੀ

ਪਾਰਟੀ ਦੇ ਸੀਨੀਅਰ ਆਗੂਆਂ ਨੂੰ ਚੋਣਾਂ ਲਈ ਇੰਚਾਰਜ ਕੀਤਾ ਨਿਯੁਕਤ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ …