ਮੰਤਰੀਆਂ ਨੇ ਪ੍ਰਸ਼ਾਸਨ ‘ਤੇ ਪਕੜ ਬਣਾਉਣੀ ਕੀਤੀ ਸ਼ੁਰੂ
ਚੰਡੀਗੜ੍ਹ/ਬਿਊਰੋ ਨਿਊਜ਼ : ਦਸ ਸਾਲਾਂ ਬਾਅਦ ਸੱਤਾ ਵਿੱਚ ਆਈ ਪੰਜਾਬ ਕਾਂਗਰਸ ਦੇ ਆਗੂਆਂ ਦੇ ਸਿਰ ਨੂੰ ਤਾਕਤ ਦਾ ਨਸ਼ਾ ਚੜ੍ਹ ਗਿਆ ਹੈ। ਸਰਕਾਰ ਬਣਾਉਣ ਤੋਂ ਇਕ ਮਹੀਨੇ ਬਾਅਦ ਪਾਰਟੀ ਆਗੂਆਂ ਤੇ ਮੰਤਰੀਆਂ ਨੇ ਪ੍ਰਸ਼ਾਸਨ ਤੇ ਪੁਲਿਸ ਉਤੇ ਪਕੜ ਬਣਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਇਹ ਸਾਰਾ ਕੁੱਝ ਚੰਗੇ ਪ੍ਰਸ਼ਾਸਨ ਦੇ ਵਾਅਦੇ ਨਾਲ ਸੱਤਾ ਵਿੱਚ ਆਏ ਕੈਪਟਨ ਅਮਰਿੰਦਰ ਸਿੰਘ ਦੀ ਕਥਨੀ ਦੇ ਉਲਟ ਹੋ ਰਿਹਾ ਹੈ। ਸੂਤਰਾਂ ਨੇ ਕਿਹਾ ਕਿ ਸਰਕਾਰ ਵਿਚਲੇ ਸਿਖਰਲੇ ਦਰਜੇ ਉਤੇ ਬੈਠੇ ਅਫ਼ਸਰਾਂ ਨੇ ਪੂਰੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਸੰਦੇਸ਼ ਦਿੱਤਾ ਹੈ ਕਿ ਉਹ ਕਿਸੇ ਸਿਆਸਤਦਾਨ ਦੇ ਦਬਾਅ ਅੱਗੇ ਨਾ ਝੁਕਣ ਅਤੇ ਲੋਕ ਹਿੱਤ ਵਿੱਚ ਕਾਨੂੰਨ ਅਨੁਸਾਰ ਚੱਲਣ। ਇਨ੍ਹਾਂ ਹਦਾਇਤਾਂ ਦੀ ਸੱਤਾਧਾਰੀ ਪਾਰਟੀ ਆਗੂ ਤੇ ਮੰਤਰੀ ਖਿੱਲੀ ਉਡਾ ਰਹੇ ਹਨ। ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇਕ ਅਕਾਦਮਿਕ ਬਲਾਕ ਦੇ ਉਦਘਾਟਨੀ ਪੱਥਰ ਉਤੇ ਆਪਣਾ ਨਾਮ ਤੀਜੇ ਨੰਬਰ ਉਤੇ ਦੇਖਣ ਮਗਰੋਂ ਸਕੂਲ ਪ੍ਰਿੰਸੀਪਲ ਨੂੰ ਮੁਅੱਤਲ ਕਰਨ ਦੀ ਧਮਕੀ ਦੇ ਦਿੱਤੀ। ਖਡੂਰ ਸਾਹਿਬ ਤੋਂ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਆਪਣੀ ਤਾਕਤ ਦਿਖਾਈ। ਆਪਣੇ ਹਲਕੇ ਵਿੱਚ ਵਿਸਾਖੀ ਜਸ਼ਨਾਂ ਦੌਰਾਨ ਫਿਲਮਾਈ ਵੀਡੀਓ ਵਿੱਚ ਇਹ ਵਿਧਾਇਕ ਡੀਐਸਪੀ ਨੂੰ ਆਪਣੇ ਹਮਾਇਤੀਆਂ ਦੇ ਕੰਮ ਕਰਨ ਦਾ ਆਦੇਸ਼ ਦਿੰਦਾ ਦਿਖਾਇਆ ਗਿਆ। ઠ30 ਸਕਿੰਟਾਂ ਦੀ ਇਸ ਕਲਿੱਪ ਵਿੱਚ ਵਿਧਾਇਕ ਡੀਐਸਪੀ ਨੂੰ ਕਹਿ ਰਿਹਾ ਹੈ ਕਿ ਉਹ ਸਾਰੇ ਥਾਣਾ ਮੁਖੀਆਂ ਨੂੰ ਹਦਾਇਤ ਦੇਣ ਕਿ ਉਨ੍ਹਾਂ ਦਾ ਕੋਈ ਵੀ ਮਿੱਤਰ ਥਾਣਿਆਂ ਵਿੱਚੋਂ ਨਾਰਾਜ਼ ਨਹੀਂ ਆਉਣਾ ਚਾਹੀਦਾ। ਇਸ ਦੌਰਾਨ ਸਾਬਕਾ ਵਿੱਤ ਮੰਤਰੀ ਤੇ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਮੰਗ ਕੀਤੀ ਹੈ ਕਿ ਵਿਧਾਇਕ ਸਿੱਕੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਤੋਂ ਜਾਰੀ ਹੁੰਦੇ ਬਿਆਨਾਂ ਤੇ ਜ਼ਮੀਨੀ ਪੱਧਰ ਉਤੇ ਕਾਂਗਰਸੀ ਆਗੂਆਂ ਦੇ ਕੰਮਾਂ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ।
ਜੱਟਾਂ ਦੀ ਸੋਚ ਇਹੋ ਜਿਹੀ ਹੀ ਹੁੰਦੀ ਹੈ: ਕੈਪਟਨ
ਇਸ ਬਾਰੇ ਸੰਪਰਕ ਕਰਨ ਉਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਪੁਲਿਸ ਜਾਂ ਸਿਵਲ ਪ੍ਰਸ਼ਾਸਨ ਨੂੰ ਆਪਣੇ ਹੱਥ ਲੈਣ ਦਾ ਅਧਿਕਾਰ ਨਹੀਂ ਹੈ। ਪ੍ਰਸ਼ਾਸਨ ਨੂੰ ਸਪੱਸ਼ਟ ਹਦਾਇਤ ਹੈ ਕਿ ਹਰੇਕ ਕੰਮ ਜਨਤਕ ਹਿੱਤ ਵਿੱਚ ਹੋਵੇ। ਸਿੱਕੀ ਦੇ ਬਿਆਨ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ‘ਜੱਟਾਂ ਦੀ ਸੋਚ ਹੀ ਇਹੋ ਜਿਹੀ ਹੁੰਦੀ ਹੈ।” ਹਾਲਾਂਕਿ ਮੰਤਰੀ ਧਰਮਸੋਤ ਦੇ ਬਿਆਨ ਬਾਰੇ ਉਨ੍ਹਾਂ ਕਿਹਾ ਕਿ ਇਸ ਤੋਂ ਬਚਣਾ ਚਾਹੀਦਾ ਹੈ।