Breaking News
Home / ਭਾਰਤ / ਵੰਡ ਦੌਰਾਨ ਜਾਨ ਗੁਆਉਣ ਵਾਲਿਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ਰਧਾਂਜਲੀ

ਵੰਡ ਦੌਰਾਨ ਜਾਨ ਗੁਆਉਣ ਵਾਲਿਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ਰਧਾਂਜਲੀ

ਭਾਰਤੀ ਇਤਿਹਾਸ ਦੇ ਗੈਰ-ਮਨੁੱਖੀ ਅਧਿਆਏ ਨੂੰ ਭੁਲਾਇਆ ਨਹੀਂ ਜਾ ਸਕਦੈ: ਸ਼ਾਹ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1947 ‘ਚ ਦੇਸ਼ ਦੀ ਵੰਡ ਦੌਰਾਨ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇਤਿਹਾਸ ਦੇ ਉਸ ਦੁਖਦਾਈ ਦੌਰ ਦੇ ਪੀੜਤਾਂ ਦੇ ਸਬਰ ਅਤੇ ਸਹਿਣਸ਼ੀਲਤਾ ਦੀ ਸ਼ਲਾਘਾ ਕੀਤੀ ਹੈ।
ਮੋਦੀ ਨੇ ਪਿਛਲੇ ਸਾਲ ਐਲਾਨ ਕੀਤਾ ਸੀ ਕਿ ਲੋਕਾਂ ਦੇ ਸੰਘਰਸ਼ ਅਤੇ ਕੁਰਬਾਨੀ ਦੀ ਯਾਦ ਵਿੱਚ 14 ਅਗਸਤ ਨੂੰ ‘ਵੰਡ ਦੁਖਾਂਤ ਯਾਦਗਾਰੀ ਦਿਵਸ’ ਵਜੋਂ ਮਨਾਇਆ ਜਾਵੇਗਾ। ਉਨ੍ਹਾਂ ਟਵੀਟ ਕਰਕੇ ਕਿਹਾ, ”ਅੱਜ ਮੈਂ ਵੰਡ ਦੁਖਾਂਤ ਯਾਦਗਾਰੀ ਦਿਵਸ ‘ਤੇ ਉਨ੍ਹਾਂ ਸਾਰਿਆਂ ਨੂੰ ਸ਼ਰਧਾਂਜਲੀ ਦਿੰਦਾ ਹਾਂ ਜਿਨ੍ਹਾਂ ਵੰਡ ਦੌਰਾਨ ਜਾਨਾਂ ਗੁਆਈਆਂ ਸਨ। ਸਾਡੇ ਇਤਿਹਾਸ ਦੇ ਉਸ ਦੁਖਦਾਈ ਦੇ ਪੀੜਤਾਂ ਦੇ ਸਬਰ ਅਤੇ ਸਹਿਣਸ਼ੀਲਤਾ ਦੀ ਸ਼ਲਾਘਾ ਕਰਦਾ ਹਾਂ।” ਅੰਗਰੇਜ਼ਾਂ ਵੱਲੋਂ 1947 ‘ਚ ਭਾਰਤ ਦੇ ਟੋਟੇ ਕਰ ਦਿੱਤੇ ਗਏ ਸਨ ਜਿਸ ਕਾਰਨ ਲੱਖਾਂ ਲੋਕ ਉਜੜ ਗਏ ਸਨ ਤੇ ਫਿਰਕੂ ਹਿੰਸਾ ‘ਚ ਲੱਖਾਂ ਲੋਕ ਮਾਰੇ ਗਏ ਸਨ।
ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੰਡ ਦੌਰਾਨ ਜਾਨਾਂ ਗੁਆਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਭਾਰਤੀ ਇਤਿਹਾਸ ਦੇ ਇਸ ਗ਼ੈਰ-ਮਨੁੱਖੀ ਅਧਿਆਏ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ‘ਵੰਡ ਦੁਖਾਂਤ ਯਾਦਗਾਰੀ ਦਿਵਸ’ ਨੌਜਵਾਨ ਪੀੜ੍ਹੀ ਨੂੰ ਦੇਸ਼ਵਾਸੀਆਂ ਵੱਲੋਂ ਸਹਿਣ ਕੀਤੇ ਗਏ ਤਸੀਹਿਆਂ ਦੀ ਯਾਦ ਕਰਵਾਉਂਦਾ ਰਹੇਗਾ।
ਦੁਖਦਾਈ ਇਤਿਹਾਸਕ ਘਟਨਾਵਾਂ ਨੂੰ ਸਿਆਸੀ ਲਾਹੇ ਲਈ ਵਰਤ ਰਹੇ ਨੇ ਮੋਦੀ : ਕਾਂਗਰਸ
ਨਵੀਂ ਦਿੱਲੀ : ਕਾਂਗਰਸ ਪਾਰਟੀ ਨੇ ਆਰੋਪ ਲਾਇਆ ਹੈ ਕਿ 14 ਅਗਸਤ ਨੂੰ ਵੰਡ ਦੁਖਾਂਤ ਯਾਦਗਾਰੀ ਦਿਵਸ ਮਨਾਉਣ ਦਾ ਅਸਲ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਭ ਤੋਂ ਦੁਖਦਾਈ ਇਤਿਹਾਸਕ ਘਟਨਾਵਾਂ ਨੂੰ ਆਪਣੇ ਸਿਆਸੀ ਲਾਹੇ ਲਈ ਵਰਤਣਾ ਹੈ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਵੰਡ ਦੀ ਤ੍ਰਾਸਦੀ ਦੀ ਵਰਤੋਂ ਨਫਰਤ ਅਤੇ ਭਾਵਨਾਵਾਂ ਭੜਕਾਉਣ ਲਈ ਨਹੀਂ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਫਰਤ ਦੀ ਸਿਆਸਤ ਹਾਰੇਗੀ ਅਤੇ ਕਾਂਗਰਸ ਗਾਂਧੀ, ਨਹਿਰੂ, ਪਟੇਲ ਅਤੇ ਹੋਰ ਆਗੂਆਂ ਦੀ ਵਿਰਾਸਤ ਨੂੰ ਅੱਗੇ ਵਧਾਉਂਦਿਆਂ ਰਾਸ਼ਟਰ ਨੂੰ ਇਕਜੁੱਟ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਖੇਗੀ।
ਫੀਫਾ ਵੱਲੋਂ ਭਾਰਤੀ ਫੁੱਟਬਾਲ ਫੈਡਰੇਸ਼ਨ ਮੁਅੱਤਲ
ਨਵੀਂ ਦਿੱਲੀ : ਵਿਸ਼ਵ ਫੁੱਟਬਾਲ ਦੀ ਸਭ ਤੋਂ ਵੱਡੀ ਸੰਸਥਾ ਫੀਫਾ ਨੇ ਭਾਰਤ ਨੂੰ ਵੱਡਾ ਝਟਕਾ ਦਿੰਦਿਆਂ ਤੀਜੀ ਧਿਰ ਦੇ ਗ਼ੈਰਜ਼ਰੂਰੀ ਦਖ਼ਲ ਦਾ ਹਵਾਲਾ ਦਿੰਦਿਆਂ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਉਸ ਤੋਂ ਅਕਤੂਬਰ ‘ਚ ਹੋਣ ਵਾਲੇ ਅੰਡਰ-17 ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਦਾ ਹੱਕ ਖੋਹ ਲਿਆ ਹੈ।
ਭਾਰਤ ਨੇ 11 ਤੋਂ 30 ਅਕਤੂਬਰ ਵਿਚਾਲੇ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨੀ ਸੀ। ਪਿਛਲੇ 85 ਸਾਲਾਂ ਦੇ ਇਤਿਹਾਸ ‘ਚ ਇਹ ਪਹਿਲਾ ਮੌਕਾ ਹੈ ਜਦੋਂ ਫੀਫਾ ਨੇ ਏਆਈਐੱਫਐੱਫ ‘ਤੇ ਪਾਬੰਦੀ ਲਾਈ ਹੈ। ਫੀਫਾ ਨੇ ਕਿਹਾ ਕਿ ਇਹ ਮੁਅੱਤਲੀ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗੀ। ਫੀਫਾ ਨੇ ਇੱਕ ਬਿਆਨ ‘ਚ ਕਿਹਾ, ‘ਫੀਫਾ ਕੌਂਸਲ ਦੇ ਬਿਊਰੋ ਨੇ ਸਾਰਿਆਂ ਦੀ ਸਹਿਮਤੀ ਨਾਲ ਆਲ ਇੰਡੀਆ ਭਾਰਤੀ ਫੁੱਟਬਾਲ ਫੈਡਰੇਸ਼ਨ (ਏਆਈਐੱਐੱਫ) ਨੂੰ ਤੀਜੀ ਧਿਰ ਦੇ ਗ਼ੈਰ-ਜ਼ਰੂਰੀ ਦਖਲ ਕਾਰਨ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਹੈ। ਤੀਜੀ ਧਿਰ ਦਾ ਦਖਲ ਫੀਫਾ ਦੇ ਨਿਯਮਾਂ ਦੀ ਉਲੰਘਣਾ ਹੈ।’

Check Also

ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ

ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …