ਕਿਹਾ : ਜੰਮੂ-ਕਸ਼ਮੀਰ ਵਿਚ ਵੀ ਜਲਦੀ ਹੋਣਗੀਆਂ ਵਿਧਾਨ ਸਭਾ ਚੋਣਾਂ
ਊਧਮਪੁਰ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੰਮੂ-ਕਸ਼ਮੀਰ ਦੇ ਊਧਮਪੁਰ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਦੇਣ ਲਈ ਵਚਨਬੱਧ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਮਾਂ ਦੂਰ ਨਹੀਂ ਜਦੋਂ ਜੰਮੂ-ਕਸ਼ਮੀਰ ਵਿੱਚ ਵੀ ਵਿਧਾਨ ਸਭਾ ਚੋਣਾਂ ਹੋਣਗੀਆਂ ਅਤੇ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਮਿਲ ਜਾਵੇਗਾ। ਊਧਮਪੁਰ ਵਿੱਚ ਕੇਂਦਰੀ ਮੰਤਰੀ ਜਤਿੰਦਰ ਸਿੰਘ ਦੇ ਹੱਕ ’ਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਸਿਰਫ਼ ਸੰਸਦ ਮੈਂਬਰ ਚੁਣਨ ਲਈ ਨਹੀਂ ਹੁੰਦੀਆਂ ਬਲਕਿ ਦੇਸ਼ ਨੂੰ ਇਕ ਮਜ਼ਬੂਤ ਅਤੇ ਚੰਗੀ ਸਰਕਾਰ ਦੇਣ ਲਈ ਹੁੰਦੀਆਂ ਹਨ। ਜਦੋਂ ਦੇਸ਼ ਨੂੰ ਇਕ ਮਜ਼ਬੂਤ ਸਰਕਾਰ ਮਿਲਦੀ ਹੈ ਤਾਂ ਹਰ ਚੁਣੌਤੀ ਅੱਗੇ ਕੰਮ ਵੀ ਮਜ਼ਬੂਤੀ ਨਾਲ ਹੁੰਦਾ ਹੈ। ਵਿਰੋਧੀ ਧਿਰਾਂ ’ਤੇ ਤੰਜ ਕਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰਾਂ ਕਹਿੰਦੀਆਂ ਸਨ ਕਿ ਜੇਕਰ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਈ ਗਈ ਤਾਂ ਜੰਮੂ-ਕਸ਼ਮੀਰ ਵਾਸੀ ਸਾਨੂੰ ਛੱਡ ਕੇ ਚਲੇ ਜਾਣਗੇ। ਪ੍ਰੰਤੂ ਜੰਮੂ-ਕਸ਼ਮੀਰ ਦੇ ਨੌਜਵਾਨਾਂ ਨੇ ਸਮੂਹ ਵਿਰੋਧੀ ਧਿਰਾਂ ਨੂੰ ਸ਼ੀਸ਼ਾ ਦਿਖਾ ਦਿੱਤਾ ਅਤੇ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਣ ਤੋਂ ਬਾਅਦ ਇਥੋਂ ਦੇ ਵਸਨੀਕ ਚੈਨ ਅਤੇ ਸਕੂਨ ਦੀ ਜ਼ਿੰਦਗੀ ਬਸਰ ਕਰ ਰਹੇ ਹਨ।