Breaking News
Home / ਭਾਰਤ / ਦਿੱਲੀ ਹਿੰਸਾ : ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਜ਼ੋਰ ਫੜਨ ਲੱਗੀ

ਦਿੱਲੀ ਹਿੰਸਾ : ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਜ਼ੋਰ ਫੜਨ ਲੱਗੀ

ਦਿੱਲੀ ਫਿਰਕੂ ਹਿੰਸਾ ਦੇ ਮਾਮਲੇ ‘ਤੇ ਕਾਂਗਰਸੀ ਸੰਸਦ ਮੈਂਬਰਾਂ ਨੇ ਕੀਤਾ ਪ੍ਰਦਰਸ਼ਨ ਤੇ ਨਾਅਰੇਬਾਜ਼ੀ
ਨਵੀਂ ਦਿੱਲੀ : ਕਾਂਗਰਸ ਦੇ ਸੰਸਦ ਮੈਂਬਰਾਂ ਨੇ ਦਿੱਲੀ ‘ਚ ਫਿਰਕੂ ਹਿੰਸਾ ਦੇ ਵਿਰੋਧ ‘ਚ ਸੰਸਦੀ ਕੰਪਲੈਕਸ ਅੰਦਰ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਪ੍ਰਦਰਸ਼ਨ ਕਰਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਕੀਤੀ। ਪ੍ਰਦਰਸ਼ਨ ਦੌਰਾਨ ਰਾਹੁਲ ਗਾਂਧੀ, ਅਧੀਰ ਰੰਜਨ ਚੌਧਰੀ, ਸ਼ਸ਼ੀ ਥਰੂਰ ਅਤੇ ਹੋਰ ਆਗੂਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਕਾਂਗਰਸੀ ਸੰਸਦ ਮੈਂਬਰਾਂ ਨੇ ਹੱਥਾਂ ‘ਚ ਤਖ਼ਤੀਆਂ ਵੀ ਫੜੀਆਂ ਹੋਈਆਂ ਸਨ ਜਿਨ੍ਹਾਂ ‘ਤੇ ‘ਸਾਡੇ ਭਾਰਤ ਨੂੰ ਬਚਾਓ’, ‘ਪ੍ਰਧਾਨ ਮੰਤਰੀ ਜਵਾਬ ਦੇਣ’ ਅਤੇ ‘ਸ਼ਾਹ ਅਸਤੀਫ਼ਾ ਦੇਵੇ’ ਆਦਿ ਨਾਅਰੇ ਲਿਖੇ ਹੋਏ ਸਨ। ਪ੍ਰਦਰਸ਼ਨ ਦੌਰਾਨ ਰਾਹੁਲ ਗਾਂਧੀ ਨੇ ਸ਼ਾਹ ਦਾ ਅਸਤੀਫ਼ਾ ਮੰਗਿਆ ਜਦਕਿ ਲੋਕ ਸਭਾ ‘ਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ, ”ਜਦੋਂ ਦਿੱਲੀ ਸੜ ਰਹੀ ਸੀ ਤਾਂ ਸਾਡੇ ਗ੍ਰਹਿ ਮੰਤਰੀ ਅਹਿਮਦਾਬਾਦ ‘ਚ ਮੇਜ਼ਬਾਨ ਸਨ। ਮੇਜ਼ਬਾਨੀ ਕਰਨਾ ਚੰਗਾ ਹੈ ਪਰ ਜਦੋਂ ਭਾਰਤੀ ਮਰ ਰਹੇ ਹੋਣ ਤਾਂ ਉਨ੍ਹਾਂ ਦਾ ਬਚਾਅ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ।” ਉਨ੍ਹਾਂ ‘ਨਮਸਤੇ ਟਰੰਪ’ ਪ੍ਰੋਗਰਾਮ ਦਾ ਹਵਾਲਾ ਦਿੱਤਾ ਜਿਸ ‘ਚ ਸ਼ਾਹ ਨੇ ਸ਼ਿਰਕਤ ਕੀਤੀ ਸੀ। ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਿੰਸਾ ਦੀ ਜਾਂਚ ਹੋਣੀ ਚਾਹੀਦੀ ਹੈ। ”ਪ੍ਰਧਾਨ ਮੰਤਰੀ ਤਿੰਨ ਦਿਨਾਂ ਮਗਰੋਂ ਬੋਲਦੇ ਹਨ, ਗ੍ਰਹਿ ਮੰਤਰੀ ਕੁਝ ਨਹੀ ਬੋਲਦੇ, ਅਜੀਤ ਡੋਵਾਲ ਨੂੰ ਹਾਲਾਤ ਦੇਖਣ ਲਈ ਭੇਜਿਆ ਜਾਂਦਾ ਹੈ, ਕੀ ਇਹ ਉਨ੍ਹਾਂ ਦੀ ਨਾਕਾਮੀ ਨਹੀਂ ਹੈ।” ਉਨ੍ਹਾਂ ਕਿਹਾ ਕਿ ਉਹ ਸੰਸਦ ‘ਚ ਪ੍ਰਦਰਸ਼ਨ ਕਰਨਾ ਜਾਰੀ ਰੱਖਣਗੇ। ਚੌਧਰੀ ਨੇ ਕਿਹਾ ਕਿ ਲੋਕਤੰਤਰ ਦੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਹੁਕਮਰਾਨ ਪਾਰਟੀ ਦੇ ਸੰਸਦ ਮੈਂਬਰ ਨੇ ਕਾਂਗਰਸ ਦੀ ਦਲਿਤ ਮਹਿਲਾ ਮੈਂਬਰ ਨਾਲ ਲੋਕ ਸਭਾ ‘ਚ ਦੁਰਵਿਹਾਰ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਸ਼ੀ ਥਰੂਰ ਨੇ ਕਿਹਾ ਕਿ ਕਾਂਗਰਸ ਪਾਰਟੀ ਦਿੱਲੀ ‘ਚ ਜੋ ਕੁਝ ਵਾਪਰਿਆ ਹੈ, ਉਸ ‘ਤੇ ਸੰਸਦ ਅੰਦਰ ਬਹਿਸ ਚਾਹੁੰਦੀ ਹੈ। ‘ਗ੍ਰਹਿ ਮੰਤਰੀ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਅਮਨ-ਚੈਨ ਕਾਇਮ ਰੱਖਣਾ ਉਨ੍ਹਾਂ ਦੇ ਹੱਥ ਹੈ। ਆਪਣੀ ਜ਼ਿੰਮੇਵਾਰੀ ਨਿਭਾਉਣ ‘ਚ ਨਾਕਾਮ ਰਹਿਣ ‘ਤੇ ਗ੍ਰਹਿ ਮੰਤਰੀ ਨੂੰ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ।’ ਥਰੂਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਹਿੰਸਾ ਬਾਰੇ ਸੰਸਦ ‘ਚ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਤਨਜ਼ ਕਸਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੀ 56 ਇੰਚ ਦੀ ਛਾਤੀ ਹੁਣ ਕਿੱਥੇ ਹੈ? ਦਿੱਲੀ ‘ਚ ਕਈ ਲੋਕ ਮਾਰੇ ਗਏ ਹਨ ਅਤੇ ਪ੍ਰਧਾਨ ਮੰਤਰੀ ਪੂਰੀ ਤਰ੍ਹਾਂ ਨਾਲ ਖਾਮੋਸ਼ ਹਨ। ਉਨ੍ਹਾਂ ਨੂੰ ਸੰਸਦ ‘ਚ ਜਵਾਬ ਦੇਣਾ ਚਾਹੀਦਾ ਹੈ।
ਦਿੱਲੀ ਫਿਰਕੂ ਹਿੰਸਾ ‘ਚ ਮਰਨ ਵਾਲਿਆਂ ਦੀ ਗਿਣਤੀ 47 ਹੋਈ
ਨਵੀਂ ਦਿੱਲੀ : ਦਿੱਲੀ ਹਿੰਸਾ ਵਿਚ ਮਰਨ ਵਾਲਿਆਂ ਦਾ ਅੰਕੜਾ ਵਧ ਕੇ 47 ਹੋ ਗਿਆ ਹੈ। ਜੀ.ਟੀ.ਬੀ. ਹਸਪਤਾਲ ਵਿਚ ਸਭ ਤੋਂ ਜ਼ਿਆਦਾ 38 ਮੌਤਾਂ ਹੋਈਆਂ ਹਨ। ਪੁਲਿਸ ਨੇ ਉਤਰ ਪੂਰਬੀ ਦਿੱਲੀ ਵਿਚ ਹਿੰਸਾ ਨੂੰ ਲੈ ਕੇ ਹੁਣ ਤੱਕ 334 ਐਫ.ਆਈ.ਆਰ. ਦਰਜ ਕੀਤੀਆਂ ਹਨ ਅਤੇ 57 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਫਵਾਹਾਂ ਨੂੰ ਦੇਖਦੇ ਹੋਏ ਪੁਲਿਸ ਨੇ ਹਿੰਸਾ ਗ੍ਰਸਤ ਇਲਾਕਿਆਂ ਵਿਚ ਫਲੈਗ ਮਾਰਚ ਵੀ ਕੀਤਾ। ਇਸ ਦੇ ਚੱਲਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਿੰਸਾ ਵਿਚ ਜਾਨ ਗੁਆਉਣ ਵਾਲੇ ਇੰਟੈਲੀਜੈਂਸ ਬਿਊਰੋ ਅਧਿਕਾਰੀ ਅੰਕਿਤ ਸ਼ਰਮਾ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਅੰਕਿਤ ਸ਼ਰਮਾ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ।

Check Also

ਇਲੈਕਸ਼ਨ ਕਮਿਸ਼ਨ ਨੇ ਪੀਐਮ ਮੋਦੀ ਦੀ ਸਪੀਚ ਦੇ ਖਿਲਾਫ ਜਾਂਚ ਕੀਤੀ ਸ਼ੁਰੂ

ਪੀਐਮ ਨੇ ਕਿਹਾ ਸੀ ਕਿ ਕਾਂਗਰਸ ਸੱਤਾ ’ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ ’ਚ …