ਪੰਜਾਬ ’ਚ ਹੁਣ ਇੰਤਕਾਲ ਕਰਵਾਉਣ ਲਈ ਨਹੀਂ ਖਾਣੇ ਪੈਣਗੇ ਧੱਕੇ
ਪੰਜਾਬ ਸਰਕਾਰ ਵੱਲੋਂ 6 ਜਨਵਰੀ ਨੂੰ ਪੂਰੇ ਸੂਬੇ ’ਚ ਇੰਤਕਾਲ ਕਰਨ ਲਈ ਲਗਾਇਆ ਜਾਵੇਗਾ ਸਪੈਸ਼ਲ ਕੈਂਪ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੇ ਜਿਹੜੇ ਵਿਅਕਤੀ ਕਿਸੇ ਕਾਰਨ ਆਪਣੀ ਪ੍ਰਾਪਰਟੀ ਦਾ ਇੰਤਕਾਲ ਨਹੀਂ ਕਰਵਾ ਸਕੇ, ਹੁਣ ਉਨ੍ਹਾਂ ਨੂੰ ਇੰਤਕਾਲ ਕਰਵਾਉਣ ਲਈ ਧੱਕੇ ਨਹੀਂ ਖਾਣੇ ਪੈਣਗੇ। ਕਿਉਂਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ 6 ਜਨਵਰੀ ਯਾਨੀ ਸ਼ਨੀਵਾਰ ਨੂੰ ਛੁੱਟੀ ਵਾਲੇ ਦਿਨ ਪੂਰੇ ਪੰਜਾਬ ਵਿਚ ਮਾਲ ਵਿਭਾਗ ਦੇ ਦਫ਼ਤਰਾਂ ’ਚ ਇੰਤਕਾਲ ਕਰਨ ਲਈ ਸਪੈਸ਼ਲ ਕੈਂਪ ਲਗਾਏ ਜਾਣਗੇ। ਜਿੱਥੇ ਮੌਕੇ ’ਤੇ ਹੀ ਅਧਿਕਾਰੀਆਂ ਵੱਲੋਂ ਇੰਤਕਾਲ ਕਰਕੇ ਲੋਕਾਂ ਨੂੰ ਦਿੱਤੇ ਜਾਣਗੇ। ਮਾਲ ਵਿਭਾਗ ਦੇ ਮੰਤਰੀ ਬ੍ਰਹਮ ਸ਼ੰਕਰ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਪੈਂਡਿੰਗ ਪਏ ਇੰਤਕਾਲਾਂ ਦੇ ਨਿਪਟਾਰੇ ਵੱਲ ਲਗਾਤਾਰ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਪੈਂਡਿੰਗ ਪਏ ਕੰਮ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕੰਮ ’ਚ ਕਿਸੇ ਤਰ੍ਹਾਂ ਦੀ ਵੀ ਢਿੱਲ ਨਾ ਵਰਤਣ ਦੀ ਅਪੀਲ ਕੀਤੀ ਅਤੇ ਜੇਕਰ ਕਿਸੇ ਅਧਿਕਾਰੀ ਖਿਲਾਫ਼ ਕੋਈ ਵੀ ਸ਼ਿਕਾਇਤ ਪ੍ਰਾਪਤ ਹੋਈ ਤਾਂ ਉਸ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਇਸ ਕੈਂਪ ਦਾ ਲੋਕਾਂ ਨੂੰ ਵੱਧ ਤੋਂ ਵੱਧ ਲਾਹਾ ਲੈਣ ਵੀ ਅਪੀਲ ਕੀਤੀ।