Breaking News
Home / ਭਾਰਤ / ਭਾਰਤ ਦੀ ਰਾਖੀ ਲਈ ਸਿੱਖ ਕੌਮ ਦਾ ਸਭ ਤੋਂ ਵੱਧ ਯੋਗਦਾਨ : ਰਾਜਨਾਥ ਸਿੰਘ

ਭਾਰਤ ਦੀ ਰਾਖੀ ਲਈ ਸਿੱਖ ਕੌਮ ਦਾ ਸਭ ਤੋਂ ਵੱਧ ਯੋਗਦਾਨ : ਰਾਜਨਾਥ ਸਿੰਘ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਾਤਾਵਰਨ ਸੰਭਾਲ ਦਾ ਦਿੱਤਾ ਸੀ ਸੰਦੇਸ਼ : ਡਾ: ਮਨਮੋਹਨ ਸਿੰਘ
ਨਵੀਂ ਦਿੱਲੀ/ਬਿਊਰੋ ਨਿਊਜ਼ : ਦੇਸ਼ ਲਈ ਸਿੱਖ ਕੌਮ ਦੀਆਂ ਕੁਰਬਾਨੀਆਂ ਲਾਮਿਸਾਲ ਹਨ ਤੇ ਕੋਈ ਵੀ ਇਸ ਸੱਚਾਈ ਨੂੰ ਨਕਾਰ ਨਹੀਂ ਸਕਦਾ ਕਿ ਭਾਰਤ ਦੀ ਰਾਖੀ ਲਈ ਸਭ ਤੋਂ ਵੱਧ ਯੋਗਦਾਨ ਤੇ ਬਲੀਦਾਨ ਸਿੱਖ ਸਮਾਜ ਦਾ ਹੈ। ਇਹ ਪ੍ਰਗਟਾਵਾ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇੱਥੇ ਆਈ. ਜੀ. ਇਨਡੋਰ ਸਟੇਡੀਅਮ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਵਾਏ ਗਏ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੂਹਾਨੀ ਪ੍ਰਕਾਸ਼ ਸਮਾਗਮ ਦੌਰਾਨ ਕੀਤਾ। ਇਸ ਸਮਾਗਮ ‘ਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ 1100 ਵਿਦਿਆਰਥੀਆਂ ਵਲੋਂ ਸਮੂਹਿਕ ਤੌਰ ‘ਤੇ ਕੀਤੇ ਰਸਭਿੰਨਾ ਕੀਰਤਨ ਨੇ ਨਵਾਂ ਇਤਿਹਾਸ ਸਿਰਜ ਦਿੱਤਾ, ਕਿਉਂਕਿ ਇਹ ਪਹਿਲਾ ਮੌਕਾ ਸੀ ਜਦੋਂ ਦੁਨੀਆ ‘ਚ ਕਿਸੇ ਵੀ ਸਮਾਗਮ ‘ਚ ਇੰਨੀ ਵੱਡੀ ਗਿਣਤੀ ‘ਚ ਵਿਦਿਆਰਥੀਆਂ ਵਲੋਂ ਸਮੂਹਿਕ ਤੌਰ ‘ਤੇ ਕੀਰਤਨ ਕੀਤਾ ਗਿਆ ਹੋਵੇ।
ਇਸ ਮੌਕੇ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜੇਕਰ ਸਿੱਖ ਭਾਈਚਾਰਾ ਨਾ ਹੁੰਦਾ ਤੇ ਸਿੱਖ ਧਰਮ ਨੂੰ ਮੰਨਣ ਵਾਲੇ ਨਾ ਹੁੰਦੇ ਤਾਂ ਭਾਰਤ ਦੀ ਮਾਣ ਸਤਿਕਾਰ ਤੇ ਸੱਭਿਆਚਾਰ ਵੀ ਨਹੀਂ ਰਹਿਣਾ ਸੀ ਅਤੇ ਨਾ ਸਾਡਾ ਰਾਸ਼ਟਰ ਸੁਰੱਖਿਅਤ ਰਹਿਣਾ ਸੀ। ਉਨ੍ਹਾਂ ਕਿਹਾ ਕਿ ਅਜ਼ਾਦੀ ਹਾਸਲ ਕਰਨ ਤੋਂ ਬਾਅਦ ਦੇਸ਼ ਦੀ ਸੁਰੱਖਿਆ ਦੇ ਮਾਮਲੇ ‘ਚ ਜਨਸੰਖਿਆ ਦੇ ਅਨੁਪਾਤ ‘ਚ ਸਭ ਤੋਂ ਵੱਧ ਯੋਗਦਾਨ ਤੇ ਬਲੀਦਾਨ ਸਿੱਖਾਂ ਨੇ ਦਿੱਤਾ ਹੈ। ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ, ਉਹ ਭਾਰਤ ‘ਚ ਨਹੀਂ ਹੈ, ਕਰਤਾਰਪੁਰ ਸਾਹਿਬ ਵੀ ਭਾਰਤ ‘ਚ ਨਹੀਂ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣਾ ਸਰੀਰ ਤਿਆਗਿਆ। ਉਨ੍ਹਾਂ ਕਿਹਾ ਕਿ ਅਸੀਂ ਅਜਿਹੀ ਵਿਵਸਥਾ ਕਰ ਰਹੇ ਹਾਂ ਕਿ ਭਾਰਤ ‘ਚ ਰਹਿਣ ਵਾਲੇ ਸਿੱਖ ਭੈਣ-ਭਰਾ ਜੇਕਰ ਸ੍ਰੀ ਕਰਤਾਰਪੁਰ ਸਾਹਿਬ ਜਾਣਾ ਚਾਹੁਣ ਤਾਂ ਜਾ ਕੇ ਦਰਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਇਹ ਸਥਾਈ ਵਿਵਸਥਾ ਹੋਵੇਗੀ। ਉਨ੍ਹਾਂ ਨੇ ਸਮੁੱਚੀ ਸੰਗਤ ਨੂੰ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ‘ਤੇ ਸਾਰੇ ਸਿੱਖ ਜਗਤ ਨੂੰ ਦਿਲੋਂ ਵਧਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾ ਸਿਰਫ਼ ਹਿੰਦੁਸਤਾਨ, ਬਲਕਿ ਸਾਰੀ ਦੁਨੀਆ ਨੂੰ ਇਕੱਠਾ ਕਰਨ ਦੀ ਖ਼ਾਤਰ ਦੁਨੀਆ ਦੇ ਚੱਪੇ-ਚੱਪੇ ‘ਤੇ ਸਫ਼ਰ ਕੀਤਾ। ਉਨ੍ਹਾਂ ਨੇ ਕਦੇ ਵੀ ਹਿੰਦੂਆਂ ਤੇ ਮੁਸਲਮਾਨਾਂ ‘ਚ ਫ਼ਰਕ ਨਹੀਂ ਰੱਖਿਆ।
ਉਨ੍ਹਾਂ ਨੇ ਸੱਦਾ ਦਿੱਤਾ ਕਿ ਇਸ ਸ਼ੁੱਭ ਮੌਕੇ ‘ਤੇ ਸਾਰਾ ਸਿੱਖ ਜਗਤ ਪ੍ਰਣ ਲਵੇ ਕਿ ਅਸੀਂ ਵਾਤਾਵਰਨ ਦੀ ਰੱਖਿਆ ਕਰਨ ‘ਚ ਵੀ ਯੋਗਦਾਨ ਪਾਵਾਂਗੇ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਜਪੁਜੀ ਸਾਹਿਬ ‘ਚ ਵਾਤਾਵਰਨ ਦੀ ਸੰਭਾਲ ਬਾਰੇ ਵੀ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਓ ਪ੍ਰਣ ਕਰੀਏ ਕਿ ਇਸ ਸ਼ੁੱਭ ਮੌਕੇ ‘ਤੇ ਜਿੱਥੇ ਅਸੀਂ ਹੋਰ ਖ਼ੁਸ਼ੀਆਂ ਮਨਾਵਾਂਗੇ, ਉੱਥੇ ਹੀ ਵਾਤਾਵਰਨ ਦੀ ਰੱਖਿਆ ‘ਤੇ ਸਾਰੇ ਜ਼ੋਰ ਲਗਾ ਦਿਆਂਗੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖ਼ਤ ਸ੍ਰੀ ਪਟਨਾ ਸਾਹਿਬ ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਕਮੇਟੀ ਮਿਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਨ।
ਉਨ੍ਹਾਂ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਨਗਰ ਕੀਰਤਨ ਭਾਰਤ ਦੇ ਕੋਨੇ-ਕੋਨੇ ‘ਚੋਂ ਹੁੰਦਾ ਹੋਇਆ ਨਵੰਬਰ ਦੇ ਪਹਿਲੇ ਹਫ਼ਤੇ ਸੁਲਤਾਨਪੁਰ ਲੋਧੀ ਵਿਖੇ ਸਮਾਪਤ ਹੋਵੇਗਾ ਤੇ ਕਈ ਪ੍ਰੋਗਰਾਮ ਅਗਲੇ ਸਵਾ ਸਾਲ ਤੱਕ ਲਗਾਤਾਰ ਹੁੰਦੇ ਰਹਿਣਗੇ। ਉਨ੍ਹਾਂ ਨੇ ਸੰਗਤ ਨੂੰ ਵੱਧ ਤੋਂ ਵੱਧ ਗਿਣਤੀ ‘ਚ ਨਵੰਬਰ ਦੇ ਪਹਿਲੇ ਹਫ਼ਤੇ ਤੋਂ 12 ਨਵੰਬਰ ਨੂੰ ਗੁਰਪੁਰਬ ਤੱਕ ਸੁਲਤਾਨਪੁਰ ਲੋਧੀ ਪਹੁੰਚਣ ਦਾ ਸੱਦਾ ਦਿੱਤਾ।
ਸਮਾਗਮ ਦੌਰਾਨ ਮਨਜਿੰਦਰ ਸਿੰਘ ਸਿਰਸਾ, ਬੀਬੀ ਰਣਜੀਤ ਕੌਰ, ਕੁਲਵੰਤ ਸਿੰਘ ਬਾਠ ਤੇ ਹਰਵਿੰਦਰ ਸਿੰਘ ਕੇ.ਪੀ.ਵਲੋਂ ਰਾਜਨਾਥ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਮਨਮੋਹਨ ਸਿੰਘ ਨੂੰ ਸਨਮਾਨਿਤ ਕੀਤਾ ਗਿਆ।

Check Also

ਆਮ ਆਦਮੀ ਪਾਰਟੀ ਨੇ ‘ਕੇਜਰੀਵਾਲ ਨੂੰ ਅਸ਼ੀਰਵਾਦ’ ਮੁਹਿੰਮ ਦੀ ਕੀਤੀ ਸ਼ੁਰੂਆਤ

ਅਸ਼ੀਰਵਾਦ ਦੇਣ ਲਈ ਸੁਨੀਤਾ ਕੇਜਰੀਵਾਲ ਨੇ ਵਟਸਐਪ ਨੰਬਰ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ …