Breaking News
Home / ਕੈਨੇਡਾ / ‘ਪੰਜਾਬੀ ਦਰਸ਼ਨ’ ਵਿਸ਼ੇ ‘ਤੇ ਸਰੀ ‘ਚ ਹੋਏ ਵਿਸ਼ਵ ਪੰਜਾਬੀ ਸੈਮੀਨਾਰ ਨੇ ਸਿਰਜਿਆ ਇਤਿਹਾਸ

‘ਪੰਜਾਬੀ ਦਰਸ਼ਨ’ ਵਿਸ਼ੇ ‘ਤੇ ਸਰੀ ‘ਚ ਹੋਏ ਵਿਸ਼ਵ ਪੰਜਾਬੀ ਸੈਮੀਨਾਰ ਨੇ ਸਿਰਜਿਆ ਇਤਿਹਾਸ

500 ਤੋਂ ਵੱਧ ਪੰਜਾਬੀ ਹਿਤੈਸ਼ੀਆਂ ਦੀ ਹਾਜ਼ਰੀ ਵਿੱਚ ਹੋਈ ਗੰਭੀਰ ਵਿਚਾਰ-ਚਰਚਾ
ਸਰੀ : ‘ਜੀਵੇ ਪੰਜਾਬ ਅਦਬੀ ਸੰਗਤ’ ਅਤੇ ‘ਸਾਊਥ ਏਸ਼ੀਅਨ’ ਵੱਲੋਂ ਸਰੀ ਸਥਿਤ ਤਾਜ ਪਾਰਕ ਕਨਵੈਨਸ਼ਨ ਸੈਂਟਰ ‘ਚ ਕਰਵਾਏ ਗਏ ਇਕ ਰੋਜ਼ਾ ਵਿਸ਼ਵ ਪੰਜਾਬੀ ਸੈਮੀਨਾਰ ਵਿੱਚ ਦੁਨੀਆ ਭਰ ਤੋਂ ਪੰਜਾਬੀ ਵਿਦਵਾਨਾਂ ਨੇ ਹਾਜ਼ਰੀ ਭਰਦਿਆਂ, ‘ਪੰਜਾਬੀ ਦਰਸ਼ਨ’ ਵਿਸ਼ੇ ਦੀ ਅਹਿਮੀਅਤ ਨੂੰ ਵਿਚਾਰਿਆ। ਇਸ ਮੌਕੇ ‘ਤੇ 500 ਤੋਂ ਵੱਧ ਪੰਜਾਬੀ ਪ੍ਰੇਮੀਆਂ ਨੇ ਸ਼ਿਰਕਤ ਕਰਕੇ ਮੌਜੂਦਾ ਮਸਲਿਆਂ ਅਤੇ ਇਹਨਾਂ ਦੇ ਹੱਲ ਲੱਭਣ ਲਈ ਸਿਰ-ਜੋੜ ਕੇ ਆਤਮ ਵਿਸ਼ਲੇਸ਼ਣ ਕੀਤਾ। ਪੰਜਾਬੀ ਪ੍ਰੇਮੀ ਭੁਪਿੰਦਰ ਸਿੰਘ ਮੱਲੀ ਅਤੇ ਸੁੱਚਾ ਸਿੰਘ ਦੀਪਕ ਦੀ ਅਗਵਾਈ ਵਿੱਚ ਇਹ ਵਿਸ਼ਵ ਪੰਜਾਬੀ ਸੈਮੀਨਾਰ, ਸਾਥੀ ਹਰਦਿਆਲ ਸਿੰਘ ਬੈਂਸ, ਡਾ. ਪ੍ਰੇਮ ਪ੍ਰਕਾਸ਼ ਸਿੰਘ, ਡਾ. ਕਰਨੈਲ ਸਿੰਘ ਥਿੰਦ, ਪ੍ਰੋਫੈਸਰ ਪ੍ਰੀਤਮ ਸਿੰਘ, ਕਵੀ ਹਰਭਜਨ ਸਿੰਘ ਬੈਂਸ, ਮੋਹਤਰਮਾ ਸਮੀਨਾ ਹੁਸੈਨ ਸਈਅਦ ਅਤੇ ਚਾਰਲਸ ਬੋਇਲਨ ਸਮੇਤ ਮਹਾਨ ਸ਼ਖਸੀਅਤਾਂ ਨੂੰ ਸਮਰਪਿਤ ਕੀਤਾ ਗਿਆ।
ਵਿਸ਼ਵ ਪੰਜਾਬੀ ਸੈਮੀਨਰ ਦੀ ਅਹਿਮ ਪ੍ਰਾਪਤੀ ਮਹੱਤਵਪੂਰਨ ਮਤੇ ਸਨ, ਜਿਨ੍ਹਾਂ ਨੂੰ ਪ੍ਰਮੁੱਖ ਮਸਲਿਆਂ ਅਤੇ ਉਹਨਾਂ ਦੇ ਹੱਲ ਲੱਭਣ ਦੀ ਸੋਚ ਅਨੁਸਾਰ ਸਰਬ ਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਡਾ. ਗੁਰਵਿੰਦਰ ਸਿੰਘ ਨੇ ਮਤੇ ਪੜ੍ਹਦਿਆਂ ਭਾਰਤ ਅਤੇ ਪਾਕਿਸਤਾਨ ਦੇ ਪੰਜਾਬਾਂ ਵਿਚਕਾਰ ਕਿਸੇ ਵੀ ਤਰ੍ਹਾਂ ਦੀ ਜੰਗ ਖਿਲਾਫ ਸਖਤ ਸ਼ਬਦਾਂ ਵਿੱਚ ਵਿਰੋਧ ਪ੍ਰਗਟਾਉਣ, ਪੰਜਾਬੀਆਂ ਨੂੰ ਭੂਗੋਲਿਕ ਟੁਕੜਿਆਂ ‘ਚ ਵੰਡਣ ਦੀ ਥਾਂ ‘ਇੱਕੋ ਪੰਜਾਬ’ ਦੇ ਰੂਪ ਵਿੱਚ ਸਵੀਕਾਰ ਕਰਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਸਮੇਤ ਸਮੂਹ ਪੰਜਾਬੀ ਸੰਸਥਾਵਾਂ ਵਿੱਚ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਲਾਗੂ ਕਰਨ, ਕੈਨੇਡਾ ਦੇ ਮੂਲ ਨਿਵਾਸੀਆਂ ‘ਤੇ ਗਸਟਆਫਸਨ ਲੇਕ ‘ਤੇ ਹੋਏ ਤਸ਼ੱਦਦ ਅਤੇ ਰੈਜੀਡੈਂਸ਼ੀਅਲ ਸਕੂਲਾਂ ਰਾਹੀਂ ਹੋਈ ਨਸਲਕੁਸ਼ੀ ਨੂੰ ਨਾ ਮਾਫ ਕਰਨਯੋਗ ਅਪਰਾਧ ਕਰਾਰ ਦੇਣ, ਪੰਜਾਬ ਦੀ ਧਰਤੀ ‘ਤੇ ਦਰਬਾਰ ਸਾਹਿਬ ‘ਤੇ ਭਾਰਤੀ ਹਮਲੇ ਸਮੇਤ ਪੰਜਾਬ ਅਤੇ ਪੰਜਾਬੀਆਂ ‘ਤੇ ਹੋਏ ਹਰ ਤਰ੍ਹਾਂ ਦੇ ਜਬਰ ਨੂੰ ਨਾ ਭੁੱਲਣਯੋਗ ਤੇ ਨਾ ਬਖਸ਼ਣਯੋਗ ਗੁਨਾਹ ਕਰਾਰ ਦੇਣ, ਪੰਜਾਬ ਦੀਆਂ ਸਮੱਸਿਆਵਾਂ ਲਈ ਲੋਕਾਂ ਨੂੰ ਕਸੂਰਵਾਰ ਠਹਿਰਾਉਣ ਦੀ ਥਾਂ, ਸਰਕਾਰੀ ਧੱਕੇਸ਼ਾਹੀ ਨੂੰ ਜਿੰਮੇਵਾਰ ਠਹਿਰਾਉਣ, ਪੰਜਾਬੀ ਸੈਮੀਨਾਰ ਦੌਰਾਨ ਆਈਆਂ ਵੀਜ਼ੇ ਦੀਆਂ ਸਮੱਸਿਆਵਾਂ ‘ਤੇ ਚਿੰਤਾ ਪ੍ਰਗਟਾਉਂਦਿਆਂ ਕੈਨੇਡਾ ਸਰਕਾਰ ਨੂੰ ਭਵਿੱਖ ਵਿੱਚ ਇਹਨਾਂ ਦੇ ਹੱਲ ਲੱਭਣ, ਪੰਜਾਬੀ ਸਾਹਿਤ ‘ਤੇ ਕਾਬਜ਼ ਮਾਫੀਆ ਦੁਆਰਾ ਸਰਕਾਰੀ ਫੰਡਾਂ ਅਤੇ ਇਨਾਮਾਂ ਦੇ ਭਰਿਸ਼ਟਾਚਾਰ ਦੀਆਂ ਚਾਲਾਂ ਦਾ ਵਿਰੋਧ ਕਰਨ, ਪੰਜਾਬੀ ਬੋਲੀ ਲਈ ਹਾਅ ਦਾ ਨਾਅਰਾ ਮਾਰਨ ਵਾਲੀਆਂ ਕੁੱਲ ਪੰਜਾਬੀ ਸੰਸਥਾਵਾਂ ਅਤੇ ਨਿਧੜਕ ਵਿਦਵਾਨਾਂ ਦੇ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕਰਨ ਅਤੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਚਿੰਤਨ ਅਤੇ ਨਾਬਰੀ ਦਾ ਚਰਿਤਰ ਕਾਇਮ ਰੱਖਦੇ ਹੋਏ, ਸਾਰੀਆਂ ਸਮੱਸਿਆਵਾਂ ਨੂੰ ਇੱਕ-ਮੁੱਠ ਹੋ ਕੇ ਹੱਲ ਕਰਨ ਦੀ ‘ਪੰਜਾਬੀ ਦਰਸ਼ਨ’ ਦੀ ਉੱਚੀ-ਸੁੱਚੀ ਵਿਚਾਰਧਾਰਾ ਨੂੰ ਪ੍ਰਵਾਨਗੀ ਦਿੱਤੀ ਗਈ।
ਵਿਸ਼ਵ ਪੰਜਾਬੀ ਸੈਮੀਨਾਰ ਵਿੱਚ ਉਘੇ ਵਿਦਵਾਨਾਂ ਸਮੇਤ ਪੰਜਾਬੀ ਹਿਤੈਸ਼ੀ ਸਰਗਰਮ ਕਾਰਕੁਨਾਂ ਵੱਲੋਂ ਬੁਲਾਰਿਆਂ ਦੇ ਰੂਪ ਵਿੱਚ ਉਤਸ਼ਾਹ ਨਾਲ ਹਾਜ਼ਰੀ ਲਵਾਈ ਗਈ। ‘ਪੰਜਾਬੀ ਦਰਸ਼ਨ’ ਵਿਸ਼ੇ ਨਾਲ ਸਬੰਧਿਤ ਹੋਈਆਂ ਵਿਚਾਰਾਂ ‘ਤੇ ਮੁੱਖ ਮਹਿਮਾਨ ਵਜੋਂ ਉਚੇਚੇ ਤੌਰ ‘ਤੇ ਡਾ: ਪਿਆਰੇ ਲਾਲ ਗਰਗ ਨੇ ਵਡਮੁੱਲੇ ਖਿਆਲ ਸਾਂਝੇ ਕੀਤੇ। ਪੰਜਾਬ ਯੂਨੀਵਰਸਿਟੀ ਲਾਹੌਰ ਦੇ ਪ੍ਰੋਫੈਸਰ ਡਾ: ਆਸਮਾ ਕਾਦਰੀ ਸਮੇਤ ਡਾ: ਗੁਰਦੇਵ ਸਿੰਘ ਸਿੱਧੂ, ਡਾ: ਬਾਵਾ ਸਿੰਘ, ਨਿਧੜਕ ਬੁਲਾਰੇ ਐਡਵੋਕੇਟ ਮਿੱਤਰ ਸੈਨ ਮੀਤ, ਡਾ: ਸੁੱਚਾ ਸਿੰਘ ਗਿੱਲ, ਡਾ: ਗੁਰਵਿੰਦਰ ਸਿੰਘ ਤੇ ਨੁਜ਼ਹਤ ਅੱਬਾਸ ਵੱਲੋਂ ਭਾਵ-ਪੂਰਤ ਅਤੇ ਦਲੀਲ-ਪੂਰਵਕ ਤਰੀਕੇ ਨਾਲ ਪੇਸ਼ ਕੀਤੇ ਗਏ, ਜਿਨ੍ਹਾਂ ਨੂੰ ਹਾਲ ‘ਚ ਵੱਡੀ ਗਿਣਤੀ ‘ਚ ਮੌਜੂਦ ਸਰੋਤਿਆਂ ਵੱਲੋਂ ਬੜੀ ਦਿਲਚਸਪੀ ਅਤੇ ਠਰੰਮੇ ਨਾਲ ਸੁਣਿਆ ਗਿਆ।
ਵਿਸ਼ਵ ਪੰਜਾਬੀ ਸੈਮੀਨਾਰ ਦੇ ਬੁਲਾਰਿਆਂ ਨੂੰ ਪ੍ਰਬੰਧਕ ਸਾਹਿਬਾਨਾਂ ਵੱਲੋਂ ਸਨਮਾਨ ਚਿੰਨ ਭੇਟ ਕੀਤੇ ਗਏ ਅਤੇ ਪਲੀ ਸੰਸਥਾ ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਨੂੰ ਪੰਜਾਬੀ ਬੋਲੀ ਪ੍ਰਤੀ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸ ਸੈਮੀਨਾਰ ਦੌਰਾਨ ਸਕੱਤਰ ਦੀ ਭੂਮਿਕਾ ਨਵਰੂਪ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਸੈਮੀਨਾਰ ਦੀ ਸਮਾਪਤੀ ਉਪਰੰਤ ਸਾਰਿਆਂ ਵੱਲੋਂ ਸਵਾਦਲੇ ਭੋਜਨ ਦਾ ਵੀ ਆਨੰਦ ਮਾਣਿਆ ਗਿਆ।
ਹੋਰਨਾਂ ਤੋਂ ਇਲਾਵਾ ਇਸ ਮੌਕੇ ‘ਤੇ ਰਿੱਕੀ ਬਾਜਵਾ, ਡਾ: ਫਰੀਦ ਸਈਅਦ, ਪ੍ਰਭਜੋਤ ਬੈਂਸ, ਰਣਜੀਤ ਸਿੰਘ ਕਲਸੀ, ਰਾਜ ਸਿੰਘ ਭੰਡਾਲ ਅਤੇ ਗੁਰਬਚਨ ਸਿੰਘ ਖੁੱਡੇਵਾਲਾ ਸਮੇਤ ਵਲੰਟੀਅਰ ਨੌਜਵਾਨ ਮੁੰਡਿਆਂ ਤੇ ਕੁੜੀਆਂ ਦਾ ਭਰਪੂਰ ਸਹਿਯੋਗ ਰਿਹਾ। ਪੰਜਾਬੀ ਕਾਰੋਬਾਰੀਆਂ, ਪੰਜਾਬੀ ਮੀਡੀਆ ਅਤੇ ਪੰਜਾਬੀ ਬੋਲੀ ਨੂੰ ਸਮਰਪਿਤ ਸੰਸਥਾਵਾਂ ਵੱਲੋਂ ਭਰਪੂਰ ਹੁੰਗਾਰੇ ਕਾਰਨ ਵਿਸ਼ਵ ਪੰਜਾਬੀ ਸੈਮੀਨਾਰ ਯਾਦਗਾਰੀ ਹੋ ਨਿਬੜਿਆ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …