ਸ਼ਰਾਬ ਪੀ ਕੇ ਵਾਹਨ ਚਲਾਉਣ ‘ਤੇ ਹੋਵੇਗਾ 10 ਹਜ਼ਾਰ ਰੁਪਏ ਜੁਰਮਾਨਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ‘ਚ ਪਹਿਲੀ ਸਤੰਬਰ ਤੋਂ ਕਈ ਵੱਡੇ ਬਦਲਾਅ ਹੋ ਗਏ ਹਨ। ਇਨ੍ਹਾਂ ‘ਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਭਾਰੀ ਜੁਰਮਾਨਾ ਰਾਸ਼ੀ ਦੇ ਕਈ ਗੁਣਾ ਕੀਤੇ ਜਾਣ ਅਤੇ ਬੈਂਕ ਖਾਤੇ ‘ਚੋਂ ਇਕ ਕਰੋੜ ਤੋਂ ਜ਼ਿਆਦਾ ਰਾਸ਼ੀ ਕਢਵਾਉਣ ‘ਤੇ ਟੀ.ਡੀ.ਐਸ. ਵਰਗੇ ਕਈ ਬਦਲਾਅ ਹੋਏ ਹਨ। ਸੜਕ ਹਾਦਸਿਆਂ ‘ਚ ਲਗਾਤਾਰ ਹੋ ਰਹੇ ਵਾਧੇ ਦੇ ਮੱਦੇਨਜ਼ਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਜੁਰਮਾਨਾ ਰਾਸ਼ੀ ‘ਚ ਕਈ ਗੁਣਾ ਵਾਧਾ ਕੀਤਾ ਗਿਆ ਹੈ। ਇਸ ਨਿਯਮ ਨਾਲ ਸਬੰਧਿਤ ਬਿੱਲ ਸੰਸਦ ਦੇ ਪਿਛਲੇ ਇਜਲਾਸ ‘ਚ ਹੀ ਪਾਸ ਹੋਇਆ ਸੀ। ਜੁਰਮਾਨੇ ‘ਚ ਵਾਧਾ ਪਹਿਲੀ ਸਤੰਬਰ ਤੋਂ ਲਾਗੂ ਹੋ ਹੋ ਗਿਆ। ਨਵੇਂ ਨਿਯਮਾਂ ਅਨੁਸਾਰ ਬਿਨਾਂ ਲਾਈਸੈਂਸ ਵਾਹਨ ਚਲਾਉਣ ‘ਤੇ ਚਲਾਨ ਰਾਸ਼ੀ ਨੂੰ ਇਕ ਹਜ਼ਾਰ ਰੁਪਏ ਤੋਂ ਵਧਾ ਕੇ ਪੰਜ ਹਜ਼ਾਰ ਰੁਪਏ ਕੀਤਾ ਗਿਆ ਹੈ।
ਸ਼ਰਾਬ ਪੀ ਕੇ ਵਾਹਨ ਚਲਾਉਣ ‘ਤੇ ਹੁਣ 10 ਹਜ਼ਾਰ ਰੁਪਏ ਜੁਰਮਾਨਾ ਹੋਵੇਗਾ। ਪਹਿਲਾਂ ਇਹ ਰਾਸ਼ੀ 2 ਹਜ਼ਾਰ ਰੁਪਏ ਸੀ। ਤੈਅ ਰਫ਼ਤਾਰ ਤੋਂ ਤੇਜ਼ ਵਾਹਨ ਚਲਾਉਣ ਦੇ ਮਾਮਲੇ ‘ਚ ਜੁਰਮਾਨਾ ਰਾਸ਼ੀ ਨੂੰ 500 ਰੁਪਏ ਤੋਂ ਵਧਾ ਕੇ 5 ਹਜ਼ਾਰ ਰੁਪਏ ਕੀਤਾ ਗਿਆ ਹੈ। ਬਿਨਾਂ ਹੈਲਮਟ ਦੇ ਦੁਪਹੀਆ ਵਾਹਨ ਚਲਾਉਣ ‘ਤੇ ਇਕ ਹਜ਼ਾਰ ਰੁਪਏ ਜੁਰਮਾਨਾ ਅਤੇ ਤਿੰਨ ਮਹੀਨੇ ਲਈ ਲਾਈਸੈਂਸ ਜ਼ਬਤ ਕੀਤਾ ਜਾ ਸਕਦਾ ਹੈ। ਚਾਲੂ ਵਿੱਤੀ ਸਾਲ ਦੇ ਆਮ ਬਜਟ ‘ਚ ਇਸ ਸਾਲ ਦੌਰਾਨ ਇਕ ਕਰੋੜ ਤੋਂ ਜ਼ਿਆਦਾ ਦੀ ਨਕਦ ਰਾਸ਼ੀ ਕਢਵਾਉਣ ‘ਤੇ 2 ਫ਼ੀਸਦੀ ਟੀ.ਡੀ.ਐਸ. ਲਗਾਇਆ ਜਾਵੇਗਾ। ਭਾਰਤੀ ਰੇਲਵੇ ਖੁਰਾਕ ਅਤੇ ਸੈਰ ਸਪਾਟਾ ਨਿਗਮ (ਆਈ.ਆਰ. ਸੀ.ਟੀ.ਸੀ.) ਤੋਂ ਭਾਰਤੀ ਰੇਲਵੇ ਲਈ ਟਿਕਟ ਬੁਕਿੰਗ ਪੋਰਟਲ ਤੋਂ ਆਨਲਾਈਨ ਟਿਕਟ ਬੁੱਕ ਕਰਾਉਣ ‘ਤੇ ਸੇਵਾ ਕਰ ਅਦਾ ਕਰਨਾ ਪਵੇਗਾ। ਹੁਣ ਤੱਕ 50 ਹਜ਼ਾਰ ਰੁਪਏ ਤੋਂ ਜ਼ਿਆਦਾ ਲੈਣ-ਦੇਣ ‘ਤੇ ਖਾਤਾਧਾਰਕ ਦੇ ਬੈਂਕ ਨੂੰ ਆਮਦਨ ਕਰ ਵਿਭਾਗ ਨੂੰ ਸੂਚਿਤ ਕਰਨਾ ਹੁੰਦਾ ਸੀ ਪਰ ਹੁਣ ਕਰ ਪ੍ਰਣਾਲੀ ਦੀ ਜਾਂਚ ਲਈ ਖਾਤਾਧਾਰਕ ਦੇ ਬੈਂਕ ਤੋਂ ਘੱਟ ਰਾਸ਼ੀ ਵਾਲੇ ਲੈਣ-ਦੇਣ ਦੇ ਸਬੰਧ ‘ਚ ਵੀ ਜਾਣਕਾਰੀ ਮੰਗੀ ਜਾ ਸਕਦੀ ਹੈ।
ਹਰਿਆਣਾ ‘ਚ ਸਕੂਟੀ ਸਵਾਰ ਨੂੰ ਨਵੇਂ ਟਰੈਫਿਕ ਨਿਯਮਾਂ ਤਹਿਤ ਲੱਗਾ 23 ਹਜ਼ਾਰ ਰੁਪਏ ਜੁਰਮਾਨਾ
ਗੁੜਗਾਵਾਂ : ਹਰਿਆਣਾ ਦੇ ਗੁੜਗਾਵਾਂ ਵਿਚ ਇਕ ਸਕੂਟੀ ਸਵਾਰ ਨੂੰ ਟਰੈਫਿਕ ਨਿਯਮਾਂ ਦੀ ਉਲੰਘਣਾ ਲਈ 23 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਮੋਟਰ ਵਾਹਨ (ਸੋਧ) ਬਿੱਲ 2019 ਦੇ ਕਾਨੂੰਨ ਲਾਗੂ ਹੋਣ ਤੋਂ ਬਾਅਦ ਇੰਨੇ ਵੱਡੇ ਜੁਰਮਾਨੇ ਦਾ ਇਹ ਪਹਿਲਾ ਮਾਮਲਾ ਹੈ। ਦਿਨੇਸ਼ ਮਦਾਨ ਨਾਮ ਦੇ ਜਿਸ ਵਿਅਕਤੀ ਦਾ ਚਲਾਨ ਕੱਟਿਆ ਗਿਆ, ਉਸਦਾ ਕਹਿਣਾ ਹੈ ਕਿ ਉਸਦੀ ਸਕੂਟੀ ਦੀ ਕੀਮਤ ਹੀ 15 ਹਜ਼ਾਰ ਰੁਪਏ ਹੈ। ਉਸਦੇ ਚਲਾਨ ਦੀ ਇਕ ਕਾਪੀ ਸ਼ੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀ ਹੈ। ਇਸ ਵਿਚ ਉਸ ‘ਤੇ ਹੈਲਮਟ ਨਾ ਪਹਿਨਣ, ਲਾਇਸੈਂਸ, ਰਜਿਸਟ੍ਰੇਸ਼ਨ, ਪ੍ਰਦੂਸ਼ਣ ਅਤੇ ਥਰਡ ਪਾਰਟੀ ਇੰਸੋਰੈਂਸ ਨਾ ਰੱਖਣ ਲਈ ਜੁਰਮਾਨਾ ਲਗਾਇਆ ਗਿਆ। ਧਿਆਨ ਰਹੇ ਕਿ ਪਹਿਲੀ ਸਤੰਬਰ ਤੋਂ ਦੇਸ਼ ਵਿਚ ਟਰੈਫਿਕ ਸਬੰਧੀ ਨਵੇਂ ਕਾਨੂੰਨ ਲਾਗੂ ਹੋ ਗਏ ਹਨ, ਪਰ ਪੰਜਾਬ ਸਰਕਾਰ ਨੇ ਅਜੇ ਤੱਕ ਇਹ ਕਾਨੂੰਨ ਲਾਗੂ ਨਹੀਂ ਕੀਤੇ।
ਪੰਜਾਬ ‘ਚ ਅਜੇ ਲਾਗੂ ਨਹੀਂ ਹੋਵੇਗਾ ਨਵਾਂ ਮੋਟਰ ਵਾਹਨ ਐਕਟ
ਚੰਡੀਗੜ੍ਹ : ਬੇਸ਼ੱਕ ਕੇਂਦਰ ਸਰਕਾਰ ਵਲੋਂ ਮੋਟਰ ਵਹੀਕਲ ਐਕਟ ‘ਚ ਸੋਧ ਕਰਦਿਆਂ ਪਹਿਲੀ ਸਤੰਬਰ ਤੋਂ ਨਵੇਂ ਨਿਯਮ ਲਾਗੂ ਕਰਨ ਦਾ ਫੈਸਲਾ ਕੀਤਾ ਹੈ, ਪਰ ਪੰਜਾਬ ਸਰਕਾਰ ਫਿਲਹਾਲ ਨਵੇਂ ਟ੍ਰੈਫਿਕ ਨਿਯਮ ਲਾਗੂ ਕਰਨ ਦੇ ਰੌਂਅ ਵਿਚ ਨਹੀਂ ਹੈ। ਟਰਾਂਸਪੋਰਟ ਵਿਭਾਗ ਨੂੰ ਖਦਸ਼ਾ ਹੈ ਕਿ ਨਵੇਂ ਨਿਯਮ ਲਾਗੂ ਹੋਣ ‘ਤੇ ਭ੍ਰਿਸ਼ਟਾਚਾਰ ਨੂੰ ਹੋਰ ਬਲ ਮਿਲੇਗਾ। ਖਾਸ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਵਧੇਰੇ ਸ਼ਕਤੀਆਂ ਮਿਲਣਗੀਆਂ ਤੇ ਲੋਕਾਂ ਦੀ ਪ੍ਰੇਸ਼ਾਨੀ ਵਧੇਗੀ, ਜਿਸ ਕਾਰਨ ਪੰਜਾਬ ਸਰਕਾਰ ਵੱਖ ਵੱਖ ਪਹਿਲੂਆਂ ‘ਤੇ ਵਿਚਾਰ ਕਰਨ ਤੋਂ ਬਾਅਦ ਫੈਸਲਾ ਲਵੇਗੀ। ਟਰਾਂਸਪੋਰਟ ਵਿਭਾਗ ਦੇ ਵਧੀਕ ਮੁੱਖ ਸਕੱਤਰ ਕੇ. ਸ਼ਿਵਾ ਪ੍ਰਸਾਦ ਦਾ ਕਹਿਣਾ ਹੈ ਕਿ ਮਾਹਿਰਾਂ ਦੀ ਰਾਏ ਤੇ ਸਲਾਹ ਤੋਂ ਬਾਅਦ ਹੀ ਸਰਕਾਰ ਇਸ ਬਾਰੇ ਕੋਈ ਫੈਸਲਾ ਲਵੇਗੀ ਤੇ ਇਕ ਦੋ ਦਿਨਾਂ ਵਿਚ ਸਥਿਤੀ ਸਪੱਸ਼ਟ ਹੋ ਜਾਵੇਗੀ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …